ਪੁਲਸ ਨੇ ਵੱਡੀ ਸਾਜਿਸ਼ ਕੀਤੀ ਨਾਕਾਮ, ਪਾਕਿਸਤਾਨ ਦੇ ਪੰਜਾਬ ਤੋਂ 22 ਅੱਤਵਾਦੀ ਕੀਤੇ ਗ੍ਰਿਫ਼ਤਾਰ
Saturday, Jun 22, 2024 - 04:02 PM (IST)
ਲਾਹੌਰ- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਪੁਲਸ ਨੇ ਸ਼ਨੀਵਾਰ ਨੂੰ ਆਈ.ਐੱਸ.ਆਈ.ਐੱਸ., ਟੀਟੀਪੀ ਅਤੇ ਹੋਰ ਪਾਬੰਦੀਸ਼ੁਦਾ ਸੰਗਠਨਾਂ ਦੇ 22 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਇਕ ਵੱਡੀ ਅੱਤਵਾਦੀ ਸਾਜਿਸ਼ ਨੂੰ ਅਸਫ਼ਲ ਕਰਨ ਦਾ ਦਾਅਵਾ ਕੀਤਾ ਹੈ। ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀਟੀਡੀ) ਦੇ ਬੁਲਾਰੇ ਅਨੁਸਾਰ, ਉਸ ਨੇ ਇਸ ਹਫ਼ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 152 ਖੁਫ਼ੀਆ-ਆਧਾਰਤ ਮੁਹਿੰਮ ਚਲਾਈ ਅਤੇ ਆਈ.ਐੱਸ.ਆਈ.ਐੱਸ., ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ), ਬਲੂਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਅਤੇ ਲਸ਼ਕਰ-ਏ-ਝਾਂਗਵੀ (ਐੱਲ.ਈ.ਜੇ.) ਨਾਲ ਜੁੜੇ 22 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ।
ਬੁਲਾਰੇ ਨੇ ਕਿਹਾ ਕਿ ਕਥਿਤ ਅੱਤਵਾਦੀਆਂ ਨੂੰ ਲਾਹੌਰ, ਅਟਕ, ਸ਼ੇਖੂਪੁਰਾ, ਮੁਜ਼ੱਫਰਗੜ੍ਹ, ਨਨਕਾਨਾ ਸਾਹਿਬ, ਬਹਾਵਲਪੁਰ, ਡੀਜੀ ਖਾਨ, ਫੈਸਲਾਬਾਦ, ਮੁਲਤਾਨ ਬਹਾਵਲਨਗਰ ਅਤੇ ਰਾਵਲਪਿੰਡੀ ਵਰਗੇ ਇਲਾਕਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 1,645 ਗ੍ਰਾਮ ਵਿਸਫ਼ੋਟਕ, ਤਿੰਨ ਹੱਥਗੋਲੇ, ਇਕ ਆਈ.ਈ.ਡੀ. ਬੰਬ, 12 ਡੇਟੋਨੇਟਰ, 32 ਫੁੱਟ ਲੰਬਾ ਇਕ ਸੇਫਟੀ ਫਿਊਜ਼ ਵਾਇਰ, ਇਕ ਪਿਸਤੌਲ ਅਤੇ ਪਾਬੰਦੀਸ਼ੁਦਾ ਸਾਹਿਤ ਬਰਾਮਦ ਕੀਤੇ ਗਏ। ਬੁਲਾਰੇ ਨੇ ਕਿਹਾ ਕਿ ਗ੍ਰਿਫ਼ਤਾਰ ਅੱਤਵਾਦੀਆਂ ਨੇ ਪੰਜਾਬ 'ਚ ਭੰਨ-ਤੋੜ ਦੀ ਯੋਜਨਾ ਬਣਾਈ ਸੀ ਅਤੇ ਮਹੱਤਵਪੂਰਨ ਅਦਾਰਿਆਂ ਅਤੇ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਨੇ ਅੱਤਵਾਦੀਆਂ ਖ਼ਿਲਾਫ਼ 19 ਮਾਮਲੇ ਦਰਜ ਕੀਤੇ ਹਨ ਅਤੇ ਉਨ੍ਹਾਂ ਨੂੰ ਪੁੱਛ-ਗਿੱਛ ਲਈ ਕਿਸੇ ਅਣਪਛਾਤੀ ਥਾਂ 'ਤੇ ਭੇਜ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e