ਮੇਂਗਲੁਰੂ ਦੀ ਸ਼ਾਨ ਰਿਹਾ ਟਾਈਲ ਉਦਯੋਗ ਬੰਦ ਹੋਣ ਕੰਢੇ

Sunday, Nov 06, 2022 - 12:12 PM (IST)

ਮੇਂਗਲੁਰੂ (ਭਾਸ਼ਾ) – ਛੱਤਾਂ ’ਤੇ ਲੱਗਣ ਵਾਲੀਆਂ ਟਾਈਲਾਂ ਲਈ ਮਸ਼ਹੂਰ ਮੇਂਗਲੁਰੂ ਦਾ 157 ਸਾਲ ਪੁਰਾਣਾ ‘ਮੈਂਗਲੌਰ ਟਾਈਲਸ’ ਉਦਯੋਗ ਇਸ ਸਮੇਂ ਕਈ ਕਾਰਨਾਂ ਕਰ ਕੇ ਸੰਕਟ ’ਚੋਂ ਲੰਘ ਰਿਹਾ ਹੈ ਅਤੇ ਹੁਣ ਇਸ ਦੇ ਯਾਦਗਾਰੀ ਇਤਿਹਾਸ ਦੀਆਂ ਸਿਰਫ ਯਾਦਾਂ ਹੀ ਬਚੀਆਂ ਹਨ। ‘ਮੈਂਗਲੌਰ ਟਾਈਲਸ’ ਛੱਤ ’ਤੇ ਲੱਗਣ ਵਾਲੀ ਟਾਈਲਾਂ ਦੀ ਪਛਾਣ ਬਣੀਆਂ ਰਹੀਆਂ ਹਨ।

ਇਸ ਦੀ ਗੁਣਵੱਤਾ, ਆਕਾਰ ਅਤੇ ਰੰਗਾਂ ਨੇ ਇਨ੍ਹਾਂ ਨੂੰ ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਦਿਵਾਈ। ਸਾਲ 1865 ਵਿਚ ਇਸ ਸ਼ਹਿਰ ’ਚ ਇਸ ਦਾ ਪਹਿਲਾ ਕਾਰਖਾਨਾ ਸ਼ੁਰੂ ਹੋਇਆ ਸੀ ਅਤੇ ਬੀਤੀ ਸਦੀ ਤੱਕ ਇਹ ਖੂਬ ਫਲਿਆ-ਫੁੱਲਿਆ, ਪਰ ਸਮੇਂ ਦੇ ਨਾਲ ਕੱਚੇ ਮਾਲ ਦੀ ਕਮੀ ਹੋਣ ਅਤੇ ਜੀਵਨ ਸ਼ੈਲੀ ’ਚ ਬਦਲਾਅ ਨਾਲ ਬੀਤੇ 3 ਦਹਾਕਿਆਂ ਤੋਂ ਇਹ ਉਦਯੋਗ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਇੱਥੇ 1990 ਦੇ ਦਹਾਕੇ ਦੀ ਸ਼ੁਰੂਆਤ ’ਚ ਕਰੀਬ 75 ਟਾਈਲ ਨਿਰਮਾਣ ਕਾਰਖਾਨੇ ਸਨ ਪਰ ਸਾਲ 2010 ਤੱਕ ਇਨ੍ਹਾਂ ਦੀ ਗਿਣਤੀ ਘਟ ਕੇ 12 ਰਹਿ ਗਈ ਅਤੇ ਹੁਣ ਤਾਂ ਸਿਰਫ 3 ਇਕਾਈਆਂ ਹੀ ਬਚੀਆਂ ਰਹਿ ਗਈਆਂ ਹਨ।

ਉਦਯੋਗ ਦੇ ਸੂਤਰਾਂ ਨੇ ਦੱਸਿਆ ਕਿ ਬਾਜ਼ਾਰ ਦੇ ਕਮਜ਼ੋਰ ਹੋਣ ਪਿੱਛੇ ਮਜ਼ਦੂਰੀ ਨਾ ਮਿਲਣਾ, ਟਾਈਲ ਦੀ ਨਿਰਮਾਣ ਲਾਗਤ ਅਤੇ ਆਵਾਜਾਈ ਸਬੰਧੀ ਬਦਲਾਅ ਵਰਗੇ ਕਈ ਕਾਰਨ ਰਹੇ ਹਨ। ਮੇਂਗਲੁਰੂ ’ਚ ਹੁਣ ਵੀ ਰੂਫ ਟਾਈਲਸ ਬਣਾਉਣ ਦਾ ਕੰਮ ਸਾਵਰੇਨ ਟਾਈਲ ਫੈਕਟਰੀ (1929 ’ਚ ਸਥਾਪਿਤ), ਕਾਸਕੀਆ ਟਾਈਲ ਫੈਕਟਰ (1916) ਅਤੇ ਸਭ ਤੋਂ ਪੁਰਾਣੀ ਅਲਬਕੁਰਕੀ ਟਾਈਲ ਫੈਕਟਰੀ (1868) ਕਰ ਰਹੀਆਂ ਹਨ। ਕਾਸਕੀਆ ਟਾਈਲ ਫੈਕਟਰੀ ਦੇ ਸਾਂਝੇਦਾਰ ਇਆਨ ਲੋਬੋ ਨੇ ਕਿਹਾ ਕਿ ਛੱਤਾਂ ਦੀਆਂ ਟਾਈਲਾਂ ਦੇ ਬਾਜ਼ਾਰ ’ਚ ਹੁਣ ਕੁੱਝ ਦਮ ਨਹੀਂ ਰਹਿ ਗਿਆ ਹੈ, ਜਿਸ ਕਾਰਨ ਇੱਟਾਂ ਬਣਾਉਣ ਲੱਗੇ ਹਾਂ। ਉਨ੍ਹਾਂ ਨੇ ਦੱਸਿਆ ਕਿ ਸਿਰਫ ਅਲਬੁਕਰਕ ਐਂਡ ਸੰਨਜ਼ ਫਰਮ ਹੀ ਛੱਤ ਦੀ ਟਾਈਲ ਬਣਾ ਰਹੀ ਹੈ ਅਤੇ ਮੇਂਗਲੁਰੂ ਦੀਆਂ ਬਾਕੀ ਇਕਾਈਆਂ ਬੰਦ ਹੋ ਚੁੱਕੀਆਂ ਹਨ।

 


Harinder Kaur

Content Editor

Related News