ਮੰਦੀ ਦੇ ਦੌਰ ’ਚੋਂ ਲੰਘ ਰਹੇ ਉਪਕਰਨ ਨਿਰਮਾਤਾਵਾਂ ਦੀਆਂ ਤਿਓਹਾਰੀ ਸੀਜ਼ਨ ’ਤੇ ਟਿਕੀਆਂ ਹਨ ਨਜ਼ਰਾਂ

Thursday, Jul 28, 2022 - 11:45 AM (IST)

ਮੰਦੀ ਦੇ ਦੌਰ ’ਚੋਂ ਲੰਘ ਰਹੇ ਉਪਕਰਨ ਨਿਰਮਾਤਾਵਾਂ ਦੀਆਂ ਤਿਓਹਾਰੀ ਸੀਜ਼ਨ ’ਤੇ ਟਿਕੀਆਂ ਹਨ ਨਜ਼ਰਾਂ

ਜਲੰਧਰ–ਘਰੇਲੂ ਉਪਕਰਨ ਨਿਰਮਾਤਾ ਆਗਾਮੀ ਤਿਓਹਾਰੀ ਸੀਜ਼ਨ ਦੌਰਾਨ ਖਾਸ ਕਰ ਕੇ ਟੈਲੀਵੀਜ਼ਨ, ਰੈਫਰੀਜਰੇਟਰ ਅਤੇ ਵਾਸ਼ਿੰਗ ਮਸ਼ੀਨ ਦੀ ਚੰਗੀ ਵਿਕਰੀ ਦੀ ਉਮੀਦ ਕਰ ਰਹੇ ਹਨ। ਮੰਗ ’ਚ ਆਮ ਮੰਦੀ ਦੇ ਨਾਲ-ਨਾਲ ਤਿਮਾਹੀ ਦੌਰਾਨ ਕਈ ਕੀਮਤਾਂ ’ਚ ਵਾਧੇ ਕਾਰਨ 2019 ਦੇ ਪੱਧਰ ਦੀ ਤੁਲਨਾ ’ਚ ਜੂਨ ਅਤੇ ਮਈ ਦੀ ਦੂਜੀ ਛਿਮਾਹੀ ’ਚ ਸਫੈਦ ਵਸਤਾਂ (ਵਾਸ਼ਿੰਗ ਮਸ਼ੀਨ, ਏਅਰ ਕੰਡੀਸ਼ਨਰ, ਰੈਫਰੀਜਰੇਟਰ ਆਦਿ) ਦੀ ਮੰਗ ਨਰਮ ਰਹੀ ਹੈ। ਇਸ ਤੋਂ ਇਲਾਵਾ ਕਮੋਡਿਟੀ ਦੀਆਂ ਕੀਮਤਾਂ ’ਚ ਨਰਮੀ ਦੇ ਬਾਵਜੂਦ ਕਮਜ਼ੋਰ ਰੁਪਇਆ ਕੰਪਨੀਆਂ ਲਈ ਪ੍ਰਤੀਕੂਲ ਹੋ ਸਕਦਾ ਹੈ।
ਦੂਜੀ ਛਿਮਾਹੀ ’ਚ ਚੀਜ਼ਾਂ ਹੋਣਗੀਆਂ ਕੰਟਰੋਲ
ਹਾਲਾਂਕਿ ਗੋਦਰੇਜ ਅਪਲਾਇੰਸੇਜ਼ ਦੇ ਬਿਜ਼ਨੈੱਸ ਹੈੱਡ ਅਤੇ ਐਗਜ਼ੀਕਿਊਟਿਵ ਵਾਈਸ ਪ੍ਰਧਾਨ ਕਮਲ ਨੰਦੀ ਨੂੰ ਉਮੀਦ ਹੈ ਕਿ ਦੂਜੀ ਛਿਮਾਹੀ ’ਚ ਚੀਜ਼ਾਂ ਕੰਟਰੋਲ ’ਚ ਹੋਣਗੀਆਂ। ਉਹ ਕਹਿੰਦੇ ਹਨ ਕਿ ਇਕ ਚੰਗਾ ਮਾਨਸੂਨ ਦੇਖਣ ਤੋਂ ਬਾਅਦ ਖੇਤੀਬਾੜੀ ਉਤਪਾਦਨ ਚੰਗਾ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਕੰਪਨੀਆਂ ਨਿਸ਼ਚਿਤ ਤੌਰ ’ਤੇ ਬੋਨਸ ਦੇ ਰਹੀਆਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੀ ਲਪੇਟ ’ਚੋਂ ਬਾਹਰ ਆਉਣ ਤੋਂ ਬਾਅਦ ਉਹ ਕਰਮਚਾਰੀਆਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨਹ ਅਤੇ ਮੰਗ ’ਚ ਵਾਪਸ ਉਛਾਲ ਆਉਣ ਦੀ ਸੰਭਾਵਨਾ ਹੈ।
ਉੱਨਤ ਰੈਫਰੀਜਰੇਟਰ ਹੋਣਗੇ ਲਾਂਚ
ਕਮਲ ਨੰਦੀ ਨੇ ਕਿਹਾ ਕਿ ਕੰਪਨੀ ਇਸ ਤਿਓਹਾਰੀ ਸੀਜ਼ਨ ’ਚ ਆਪਣੇ ਪ੍ਰੀਮੀਅਮ ਉਤਪਾਦਾਂ ਦੀ ਮੰਗ ਵਧਾਉਣ ’ਤੇ ਧਿਆਨ ਦੇਵੇਗੀ। ਕੰਪਨੀ ਇਸ ਸਾਲ ਹੋਰ ਵਧੇਰੇ ਉੱਨਤ ਰੈਫਰੀਜਰੇਟਰ ਅਤੇ ਵਾਸ਼ਿੰਗ ਮਸ਼ੀਨ ਪੇਸ਼ ਕਰ ਸਕਦੀ ਹੈ। ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਅਸੀਂ ਪ੍ਰੀਮੀਅਮ ਸੈਗਮੈਂਟ ’ਚ ਨਿਵੇਸ਼ ਕਰ ਰਹੇ ਹਾਂ। ਤੁਸੀਂ ਇਸ ਤਿਓਹਾਰੀ ਸੀਜ਼ਨ ’ਚ ਰੈਫਰੀਜਰੇਟਰ ਅਤੇ ਵਾਸ਼ਿੰਗ ਮਸ਼ੀਨ ’ਚ ਵੱਧ ਤੋਂ ਵੱਧ ਪ੍ਰੀਮੀਅਮ ਉਤਪਾਦਾਂ ਨੂੰ ਲਾਂਚ ਹੁੰਦੇ ਦੇਖੋਗੇ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕੰਪਨੀ ਦੀ ਉਤਪਾਦਨ ਵਧਾਉਣ ਦੀ ਕੋਈ ਤਰੁੰਤ ਯੋਜਨਾ ਨਹੀਂ ਹੈ।
ਤਿਓਹਾਰੀ ਸੀਜ਼ਨ ਨੂੰ ਲੈ ਕੇ ਆਸਵੰਦ
ਬੀ. ਐੱਸ. ਐੱਚ. ਹੋਮ ਅਪਲਾਇੰਸੇਜ਼ ਦੇ ਐੱਮ. ਡੀ. ਅਤੇ ਸੀ. ਈ. ਓ. ਨੀਰਜ ਬਹਿਲ ਨੇ ਕਿਹਾ ਕਿ ਪਿਛਲੀ ਤਿਮਾਹੀ ’ਚ ਉਦਯੋਗ ’ਚ ਥੋੜੀ ਮੰਦੀ ਦਾ ਅਹਿਸਾਸ ਹੋਇਆ ਸੀ। ਹਾਲਾਂਕਿ ਬਹਿਲ ਨੇ ਕਿਹਾ ਕਿ ਕੰਪਨੀ ਤਿਓਹਾਰੀ ਸੀਜ਼ਨ ਨੂੰ ਲੈ ਕੇ ਆਸਵੰਦ ਹੈ। ਪਹਿਲੀ ਛਿਮਾਹੀ ਵਿਕਾਸ ਦੇ ਮਾਮਲੇ ’ਚ ਬਹੁਤ ਹੀ ਸੰਤੁਸ਼ਟੀ ਭਰਪੂਰ ਰਹੀ ਹੈ ਅਤੇ ਤਿਓਹਾਰਾਂ ਦੀ ਲਹਿਰ ਸਿਰਫ ਅਗਲੇ ਕੁੱਝ ਮਹੀਨਿਆਂ ’ਚ ਸਾਡੀ ਗਿਣਤੀ ਅਤੇ ਬਾਜ਼ਾਰ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਵਾਲੀ ਹੈ। ਹੁਣ ਤੱਕ ਇਸ ਸਾਲ ਸਾਡੇ ਪ੍ਰੀਮੀਅਮ ਸੈਗਮੈਂਟ ਵਿਸ਼ੇਸ਼ ਤੌਰ ’ਤੇ ਬਹੁਤ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਮਹੀਨਾ-ਦਰ-ਮਹੀਨਾ ਉੱਚ ਦੋਹਰੇ ਅੰਕਾਂ ’ਚ ਵਧ ਰਹੇ ਹਨ। ਇਸ ਲਈ ਉਮੀਦ ਹੈ ਕਿ ਆਉਣ ਵਾਲੇ ਤਿਓਹਾਰੀ ਸੀਜ਼ਨ ’ਚ ਵੀ ਇਹ ਸਿਲਸਿਲਾ ਜਾਰੀ ਰਹੇਗਾ।
ਕਈ ਉਤਪਾਦਾਂ ’ਚ ਵਾਧੇ ਦੀ ਸੂਚਨਾ
ਬਹਿਲ ਨੇ ਕਿਹਾ ਕਿ ਕੰਪਨੀ ਕੂਲਿੰਗ ਸੈਗਮੈਂਟ ਦੇ ਨਾਲ-ਨਾਲ ਡਿਸ਼ਵਾਸ਼ਰ ’ਚ ਫੈਸਟਿਵ ਆਫਰਸ ਅਤੇ ਉਤਪਾਦਾਂ ਬਾਰੇ ਜਾਗਰੂਕਤਾ ਫੈਲਾਇਗੀ। ਉਨ੍ਹਾਂ ਨੇ ਕਿਹਾ ਕਿ ਵੱਡੇ ਪ੍ਰੀਮੀਅਮ ਉਪਕਰਨਾਂ ਜਿਵੇਂ ਰੈਫਰੀਜਰੇਟਰ, ਫਰੰਟ ਲੋਡ ਵਾਸ਼ਿੰਗ ਮਸ਼ੀਨ ਦੇ ਨਾਲ-ਨਾਲ ਮਿਕਸਰ ਗ੍ਰਾਈਂਡਰ ਵਰਗੇ ਛੋਟੇ ਉਪਕਰਨਾਂ ਵੱਲ ਇਸ ਸਾਲ ਪਹਿਲਾਂ ਤੋਂ ਹੀ ਕਾਫੀ ਮੰਗ ਦੇਖੀ ਗਈ ਹੈ ਅਤੇ ਇਹ ਰੁਝਾਨ ਸਾਡੇ ਅਨੁਮਾਨਾਂ ਮੁਤਾਬਕ ਜਾਰੀ ਰਹਿਣ ਦੀ ਸੰਭਾਵਨਾ ਹੈ। ਤਿਓਹਾਰੀ ਸੀਜ਼ਨ ਕੰਜਿਊਮਰ ਡਿਊਰੇਬਲਸ ਉਦਯੋਗ ਲਈ ਅਹਿਮ ਹੈ, ਇਸ ਮਿਆਦ ਦੌਰਾਨ ਕਈ ਸ਼੍ਰੇਣੀਆਂ ਨੇ ਵਿਕਰੀ ਦੀ ਮਾਤਰਾ ’ਚ ਵਾਧੇ ਦੀ ਸੂਚਨਾ ਦਿੱਤੀ ਹੈ।


author

Aarti dhillon

Content Editor

Related News