ਅਗਲੇ ਦੋ ਸਾਲਾਂ ਤੱਕ ਸੁਸਤ ਰਹਿ ਸਕਦੀ ਹੈ ਨਿਊਜ਼ੀਲੈਂਡ ਦੀ ਅਰਥਵਿਵਸਥਾ
Tuesday, Sep 12, 2023 - 12:59 PM (IST)

ਵੈਲਿੰਗਟਨ (ਭਾਸ਼ਾ) : ਨਿਊਜ਼ੀਲੈਂਡ ਦੀ ਅਰਥਵਿਵਸਥਾ ਦੇ ਅਗਲੇ ਦੋ ਸਾਲਾਂ ਤੱਕ ਸੁਸਤ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਮੰਗਲਵਾਰ ਨੂੰ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਮੁੱਚੀ ਸਥਿਤੀ ਕਈ ਨਿਰੀਖਕਾਂ ਦੇ ਡਰ ਨਾਲੋਂ ਬਿਹਤਰ ਹੈ। ਦੇਸ਼ ਦੇ ਰਾਜਕੋਸ਼ ਨੇ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਹ ਅਨੁਮਾਨ ਜਾਰੀ ਕੀਤਾ ਹੈ। ਉਸ ਨੇ ਪਹਿਲਾਂ ਦੇ ਅਨੁਮਾਨਾਂ ਤੋਂ ਮਾਮੂਲੀ ਗਿਰਾਵਟ ਦਾ ਸੰਕੇਤ ਦਿੱਤਾ ਹੈ।
ਇਸ ਦੇ ਨਾਲ ਹੀ ਟੈਕਸ ਉਮੀਦ ਤੋਂ ਘੱਟ ਲਏ ਗਏ ਅਤੇ ਉੱਚੀ ਮਹਿੰਗਾਈ ਲਗਾਤਾਰ ਸਿਰਦਰਦੀ ਬਣੀ ਹੋਈ ਹੈ। ਬੇਰੁਜ਼ਗਾਰੀ ਦੀ ਦਰ ਮੌਜੂਦਾ 3.6 ਫ਼ੀਸਦੀ ਤੋਂ ਵਧ ਕੇ ਸਾਲ 2025 ਵਿੱਚ 5.4 ਫ਼ੀਸਦੀ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਆਰਥਿਕ ਵਿਕਾਸ ਦਰ ਇਸ ਸਾਲ 3.1 ਫ਼ੀਸਦੀ, ਅਗਲੇ ਸਾਲ 1.3 ਫ਼ੀਸਦੀ ਤੱਕ ਡਿੱਗਣ ਦੀ ਸੰਭਾਵਨਾ ਹੈ, ਜਦੋਂ ਕਿ 2026 ਵਿੱਚ ਇਹ ਵਾਪਸ 3.3 ਫ਼ੀਸਦੀ ਤੱਕ ਪਹੁੰਚਣ ਦੀ ਉਮੀਦ ਹੈ। 2025 ਤੱਕ ਸ਼ੁੱਧ ਕਰਜ਼ੇ ਦੇ 23 ਫ਼ੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ।
ਵਿੱਤ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਅੰਕੜੇ ਨਿਊਜ਼ੀਲੈਂਡ ਦੀ ਆਰਥਿਕਤਾ ਵਿੱਚ ਬਦਲਾਅ 'ਤੇ ਜ਼ੋਰ ਦਿੰਦੇ ਹਨ। ਉਹਨਾਂ ਨੇ ਕਿਹਾ ਕਿ "ਇਹ ਕਾਰੋਬਾਰਾਂ ਅਤੇ ਪਰਿਵਾਰਾਂ ਲਈ ਬਹੁਤ ਮੁਸ਼ਕਲ ਸਮਾਂ ਰਿਹਾ ਹੈ।" ਰੌਬਰਟਸਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਲੋਕਾਂ ਨੂੰ ਚੁਣੌਤੀਆਂ ਤੋਂ ਬਾਹਰ ਕੱਢਣ ਅਤੇ ਉਨ੍ਹਾਂ ਨੂੰ "ਬਿਹਤਰ ਕੱਲ੍ਹ" ਵੱਲ ਲਿਜਾਣ ਦੀ ਯੋਜਨਾ ਹੈ।