ਗਾਹਕ ਤੋਂ ਸ਼ਰਟਾਂ ਦੇ ਵਸੂਲੇ ਜ਼ਿਆਦਾ ਪੈਸੇ, ਹੁਣ ਕੰਪਨੀ ਦੇਵੇਗੀ ਜੁਰਮਾਨਾ

Tuesday, Jan 23, 2018 - 11:07 PM (IST)

ਚੰਡੀਗੜ੍ਹ- ਗਾਹਕ ਤੋਂ 2 ਸ਼ਰਟਾਂ ਲਈ 500 ਰੁਪਏ ਜ਼ਿਆਦਾ ਲੈਣ ਦੇ ਇਕ ਮਾਮਲੇ 'ਚ ਜ਼ਿਲਾ ਖਪਤਕਾਰ ਝਗ਼ੜਾ ਨਿਪਟਾਰਾ ਫੋਰਮ ਨੇ ਇਕ ਕੰਪਨੀ ਨੂੰ 3,000 ਰੁਪਏ ਜੁਰਮਾਨਾ ਲਾਇਆ ਹੈ।
ਕੀ ਹੈ ਮਾਮਲਾ
ਮਨੀਮਾਜਰਾ ਦੇ ਪ੍ਰਦੀਪ ਕੁਮਾਰ ਨੇ ਸਥਾਨਕ ਇਕ ਮਾਲ 'ਚ ਇੰਡੀਟੈਕਸ ਟਰੇਂਟ ਰਿਟੇਲ ਇੰਡੀਆ ਦੀ ਦੁਕਾਨ ਤੋਂ 9 ਦਸੰਬਰ 2016 ਨੂੰ 2 ਸ਼ਟਰਾਂ ਖਰੀਦੀਆਂ ਸਨ, ਜਿਨ੍ਹਾਂ ਦੀ ਕੀਮਤ 3980 ਰੁਪਏ ਸੀ ਪਰ ਜਦੋਂ ਉਹ ਘਰ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ ਤੋਂ ਤਾਂ 4480 ਰੁਪਏ ਕੱਟੇ ਗਏ ਹਨ। ਜਦੋਂ ਉਨ੍ਹਾਂ ਦੀ ਨਜ਼ਰ ਬਿੱਲ 'ਤੇ ਗਈ ਤਾਂ ਪਤਾ ਲੱਗਾ ਕਿ ਇਕ ਸ਼ਰਟ, ਜਿਸ 'ਤੇ 1990 ਰੁਪਏ ਦਾ ਟੈਗ ਲੱਗਾ ਸੀ, ਉਸ ਦੇ ਲਈ ਉਨ੍ਹਾਂ ਤੋਂ 2490 ਰੁਪਏ ਵਸੂਲੇ ਗਏ ਹਨ। ਉਨ੍ਹਾਂ ਨੇ ਦੁਕਾਨ 'ਤੇ ਜਾ ਕੇ ਕਿਹਾ ਕਿ ਉਨ੍ਹਾਂ ਤੋਂ 500 ਰੁਪਏ ਜ਼ਿਆਦਾ ਲਏ ਗਏ ਹਨ ਜੋ ਉਨ੍ਹਾਂ ਨੂੰ ਵਾਪਸ ਕੀਤੇ ਜਾਣ ਅਤੇ ਉਨ੍ਹਾਂ ਨੂੰ ਨਵਾਂ ਬਿੱਲ ਦਿੱਤਾ ਜਾਵੇ।
ਉਸ ਨੂੰ ਦੁਕਾਨ 'ਤੇ ਇਹ ਕਹਿ ਕੇ ਵਾਧੂ ਲਏ ਗਏ ਪੈਸੇ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਜੋ ਸ਼ਰਟ 'ਤੇ 1990 ਰੁਪਏ ਟੈਗ ਲੱਗਾ ਸੀ, ਉਹ ਕਿਸੇ ਤੋਂ ਗਲਤੀ ਨਾਲ ਲੱਗ ਗਿਆ ਸੀ, ਜਦੋਂ ਕਿ ਸ਼ਰਟ ਦੀ ਅਸਲ ਕੀਮਤ 2490 ਰੁਪਏ ਹੀ ਸੀ। ਪ੍ਰਦੀਪ ਨੇ ਕਿਹਾ ਕਿ ਇਸ 'ਚ ਉਨ੍ਹਾਂ ਦੀ ਤਾਂ ਕੋਈ ਗਲਤੀ ਨਹੀਂ ਸੀ, ਉਨ੍ਹਾਂ ਨੂੰ ਤਾਂ ਕੀਮਤ 1990 ਰੁਪਏ ਹੀ ਪਤਾ ਸੀ। ਉਸ ਨੇ ਇਸ 'ਤੇ ਕੰਪਨੀ ਦੇ ਖਿਲਾਫ ਖਪਤਕਾਰ ਫੋਰਮ 'ਚ ਸ਼ਿਕਾਇਤ ਦਰਜ ਕਰਵਾਈ।
ਇਹ ਕਿਹਾ ਫੋਰਮ ਨੇ
ਫੋਰਮ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਖਪਤਕਾਰ ਦੇ ਹੱਕ 'ਚ ਫੈਸਲਾ ਸੁਣਾਇਆ ਅਤੇ ਕੰਪਨੀ ਨੂੰ 3,000 ਰੁਪਏ ਜੁਰਮਾਨਾ ਅਤੇ 3,000 ਰੁਪਏ ਅਦਾਲਤੀ ਖਰਚਾ ਅਦਾ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਗਾਹਕ ਤੋਂ ਵਸੂਲੇ ਗਏ ਵਾਧੂ 500 ਰੁਪਏ ਵੀ ਰੀਫੰਡ ਕਰਨ ਲਈ ਕਿਹਾ ਗਿਆ।


Related News