ਬੈਂਕਾਂ ''ਚ ਪੈਸਾ ਜਮ੍ਹਾ ਕਰਨ ਤੋਂ ਉੱਠ ਰਿਹੈ ਲੋਕਾਂ ਦਾ ਭਰੋਸਾ

Saturday, May 05, 2018 - 01:17 AM (IST)

ਨਵੀਂ ਦਿੱਲੀ (ਇੰਟ.)-ਨੋਟਬੰਦੀ ਅਤੇ ਦੇਸ਼ ਦੇ ਕਈ ਵੱਡੇ ਬੈਂਕਾਂ 'ਚ ਲਗਾਤਾਰ ਸਾਹਮਣੇ ਆ ਰਹੇ ਧੋਖਾਦੇਹੀ ਦੇ ਮਾਮਲਿਆਂ ਨਾਲ ਹੁਣ ਲੋਕਾਂ ਦਾ ਆਪਣੇ ਖਾਤਿਆਂ 'ਚ ਪੈਸੇ ਜਮ੍ਹਾ ਕਰਨ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਮਾਰਚ, 2018 'ਚ ਖਤਮ ਹੋਏ ਵਿੱਤੀ ਸਾਲ 2017-18 ਤੱਕ ਬੈਂਕ ਡਿਪਾਜ਼ਿਟ ਗ੍ਰੋਥ ਰੇਟ ਡਿੱਗ ਕੇ ਪਿਛਲੇ 50 ਸਾਲਾਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਵੈੱਬਸਾਈਟ 'ਤੇ ਦਿੱਤੇ ਗਏ ਅੰਕੜਿਆਂ ਮੁਤਾਬਕ ਵਿੱਤੀ ਸਾਲ 2017-18 'ਚ ਬੈਂਕ ਡਿਪਾਜ਼ਿਟ ਦੀ ਦਰ 6.7 ਫ਼ੀਸਦੀ ਰਹੀ ਹੈ ਜੋ ਪਿਛਲੇ 5 ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ। ਇਸ ਤੋਂ ਪਹਿਲਾਂ ਸਾਲ 1963 'ਚ ਬੈਂਕ ਡਿਪਾਜ਼ਿਟ ਰੇਟ ਇਸ ਤੋਂ ਘੱਟ ਸੀ। 
ਲੋਕਾਂ ਦਾ ਬੈਂਕਾਂ 'ਚ ਡਿਪਾਜ਼ਿਟ ਰੱਖਣ 'ਚ ਭਰੋਸਾ ਘੱਟ ਹੁੰਦਾ ਜਾ ਰਿਹਾ ਹੈ, ਉਹ ਆਪਣੀ ਬੱਚਤ ਦੇ ਪੈਸਿਆਂ ਨੂੰ ਮਿਊਚੁਅਲ ਫੰਡਾਂ ਅਤੇ ਇੰਸ਼ੋਰੈਂਸ ਕੰਪਨੀਆਂ ਵਰਗੇ ਹੋਰ ਵਿੱਤੀ ਪ੍ਰੋਡਕਟਸ 'ਚ ਲਾਉਣਾ ਪਸੰਦ ਕਰ ਰਹੇ ਹਨ, ਜਿਸ ਦਾ ਬੈਂਕਾਂ ਦੇ ਡਿਪਾਜ਼ਿਟ 'ਤੇ ਬੁਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵਿੱਤੀ ਸਾਲ 2017-18 'ਚ ਬੈਂਕਾਂ ਦਾ ਮਿਊਚੁਅਲ ਫੰਡਾਂ ਦਾ ਪ੍ਰਬੰਧਨ ਅਧੀਨ ਅਸਾਸਿਆਂ (ਏ. ਯੂ. ਐੱਮ.) 'ਚ 22 ਫ਼ੀਸਦੀ ਦਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਇਹ 21.35 ਲੱਖ ਕਰੋੜ ਰੁਪਏ ਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਇਹ ਮਾਰਚ 2017 'ਚ 17.55 ਲੱਖ ਕਰੋੜ ਰੁਪਏ ਸੀ। ਉਥੇ ਹੀ ਵਿੱਤੀ ਸਾਲ 2016 'ਚ ਇਸ 'ਚ 42 ਫ਼ੀਸਦੀ ਦੇ ਵਾਧੇ ਨਾਲ ਇਹ 12.33 ਲੱਖ ਕਰੋੜ ਰੁਪਏ ਹੋ ਗਿਆ ਸੀ।


Related News