ਹੜ੍ਹਾਂ ਦੀ ਤ੍ਰਾਸਦੀ ’ਚ ਆਪਣੀ ਕਿਸਮਤ ਆਪ ਸਿਰਜ ਰਿਹੈ ਪੰਜਾਬ
Wednesday, Sep 03, 2025 - 12:54 PM (IST)

ਸ੍ਰੀ ਆਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)- ਸੂਬੇ ਭਰ ਵਿਚ ਪਈ ਹੜ੍ਹਾਂ ਦੀ ਮਾਰ ਕਰਕੇ ਪੰਜਾਬ ਅੱਜਕਲ੍ਹ ਅੱਤ ਗੰਭੀਰ ਹਾਲਾਤ ਨਾਲ ਲੜ ਰਿਹਾ ਹੈ। ਇਕ ਪਾਸੇ ਹਿਮਾਚਲ ਦਾ ਪਾਣੀ ਪੰਜਾਬ ਵਿਚ ਤਬਾਹੀ ਮਚਾ ਰਿਹਾ ਹੈ ਤਾਂ ਦੂਜੇ ਪਾਸੇ ਰਾਜਸਥਾਨ ਦੀਆਂ ਸੁੱਕੀਆਂ ਨਹਿਰਾਂ ਵਿਚ ਪਾਣੀ ਛੱਡਣ ਦੀ ਥਾਂ ਨਹਿਰੀ ਵਿਭਾਗ ਪੰਜਾਬ ਦੇ ਦਰਿਆਵਾਂ ਵਿਚ ਚੋਖਾ ਪਾਣੀ ਛੱਡ ਕੇ ਸੂਬੇ ਅੰਦਰ ਹਾਲਾਤ ਬਦ ਤੋਂ ਬਦਤਰ ਬਣਾਉਣ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਰਿਹਾ ਹੈ ਕਿ ਪੰਜਾਬ ਦੇ ਜੰਮੇ ਜਾਇਆ ਨੇ ਅੱਜ ਤੱਕ ਅੰਤਰਰਾਜੀ ਹੋਰ ਖਿੱਤਿਆਂ ਵਿਚ ਭੂਚਾਲ ਅਤੇ ਹੜ੍ਹਾਂ ਦੀ ਹੋਈ ਤਬਾਹੀ ਦੌਰਾਨ ਸਮੇਂ-ਸਮੇਂ ਨਾ ਸਿਰਫ਼ ਲੋਕਾਂ ਲਈ ਲੰਗਰਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਸਗੋਂ ਆਪਣੀਆਂ ਜਾਨਾਂ ਜ਼ੋਖਮ ’ਚ ਪਾ ਕੇ ਉਨ੍ਹਾਂ ਲੋਕਾਂ ਦੀ ਹਿਫ਼ਾਜ਼ਤ ਕੀਤੀ ਹੈ। ਇਹ ਕਿੰਨੀ ਸਿਤਮਜ਼ਰੀਫੀ ਦੀ ਗੱਲ ਹੈ ਕਿ ਅੱਜ ਹਿਮਾਚਲ ਪ੍ਰਦੇਸ਼ ਜਿਹੇ ਰਾਜਾਂ ਦੇ ਪਾਣੀ ਨਾਲ ਸੰਤਾਪ ਹੰਢਾ ਰਹੇ ਪੰਜਾਬ ਦੇ ਹੱਕ ਚ ਹਾਅ ਦਾ ਨਾਅਰਾ ਮਾਰਨ ਵਾਲਾ ਕੋਈ ਨਹੀਂ ਦਿਸ ਰਿਹਾ ਜਦ ਕਿ ਡੁੱਬਦੇ ਪੰਜਾਬ ਲਈ ਪੰਜਾਬ ਹੀ ਸਹਾਰਾ ਬਣ ਰਿਹਾ ਹੈ ।
ਇਹ ਵੀ ਪੜ੍ਹੋ: ਹੜ੍ਹ ਵਿਚਾਲੇ ਮੌਸਮ ਵਿਭਾਗ ਦੀ 13 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ! ਪੰਜਾਬੀਓ ਸਾਵਧਾਨ, ਪਵੇਗਾ ਭਾਰੀ ਮੀਂਹ
ਅੱਜ ਜਦੋਂ ਸੂਬੇ ਦਾ ਸਰਹੱਦੀ ਖੇਤਰ ਬੁਰੀ ਤਰ੍ਹਾਂ ਜਨਜੀਵਨ ਅਤੇ ਐਗਰੀਕਲਚਰ ਪੱਖੋਂ ਤਬਾਹ ਹੋ ਰਿਹਾ ਹੈ ਤਾਂ ਮੌਕੇ ’ਤੇ ਕੇਂਦਰ ਜਾ ਰਾਜ ਸਰਕਾਰਾਂ ਬਣਦੀ ਭੂਮਿਕਾ ਨਿਭਾਉਣ ’ਚ ਨਾਕਾਮ ਨਜ਼ਰ ਆ ਰਹੀਆਂ ਹਨ। ਕੇਂਦਰ ਸਰਕਾਰ ਦਾ ਰੱਵਈਆ ਬੇਹੱਦ ਨਿਰਾਸ਼ਾਜਨਕ ਮੰਨਿਆ ਜਾ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਅਫਗਾਨਿਸਤਾਨ ਵਿਚ ਆਏ ਭੂਚਾਲ ਨਾਲ ਪੀੜਤ ਲੋਕਾਂ ਲਈ ਜਿੱਥੇ ਹਾਅ ਦਾ ਨਾਅਰਾ ਮਾਰਿਆ ਜਾ ਰਿਹਾ ਹੈ, ਉੱਥੇ ਹਰ ਸੰਭਵ ਸਹਿਯੋਗ ਦੇਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਹਿੰਦੂਸਤਾਨ ਦੇ ਆਪਣੇ ਖੇਤੀ ਪ੍ਰਧਾਨ ਸੂਬੇ ਪੰਜਾਬ ਵਿਚ ਜਦੋਂ ਭਿਆਨਕ ਹੜ੍ਹਾਂ ਦੀ ਮਾਰ ਪਈ ਹੋਵੇ ਉਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬੀਤੇ ਦਸ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਪ੍ਰਤੀਕਰਮ ਜਾ ਹੱਕ ਹਤੈਸ਼ ਬਿਆਨ ਨਹੀਂ ਆਇਆ।
ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਦਾ ਇਹ ਰਵੱਈਆ ਜਿੱਥੇ ਪੰਜਾਬੀਆਂ ਨਾਲ ਵਿਤਕਰੇ ਦੀ ਇਕ ਵੱਡੀ ਮਿਸਾਲ ਦਾ ਸਬੱਬ ਬਣ ਰਿਹਾ ਹੈ, ਉੱਥੇ ਬੀਤੇ ਅਰਸੇ ’ਚ ਹੋਰ ਰਾਜਾਂ ’ਚ ਆਏ ਹੜ੍ਹਾਂ ਅਤੇ ਪ੍ਰਧਾਨ ਮੰਤਰੀ ਵੱਲੋਂ ਹਵਾਈ ਸਰਵੇ ਕਰ ਕੇ ਉਨ੍ਹਾਂ ਰਾਜਾਂ ਨੂੰ ਐਲਾਨੇ ਵਿਸ਼ੇਸ਼ ਪੈਕੇਜ ਦੇ ਮੁਕਾਬਲੇ ਪੰਜਾਬ ਨਾਲ ਅਜਿਹਾ ਵਿਤਕਰਾ ਕਰਨਾ ਇਕ ਵੱਡੀ ਵਿਤਕਰੇਬਾਜ਼ੀ ਅਤੇ ਬੈਗਾਨਗੀ ਦਾ ਅਹਿਸਾਸ ਕਰਾ ਰਿਹਾ ਹੈ। ਅੱਜ ਵੱਡੇ ਪੱਧਰ ’ਤੇ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਦਾ ਇਹ ਬਿਆਨ ਲੋਕਾਂ ’ਚ ਵੱਡੀ ਨਿਰਾਸ਼ਤਾ ਤੇ ਰੰਜਿਸ਼ ਦਾ ਕਾਰਨ ਬਣਿਆ ਰਿਹਾ, ਜਦ ਕਿ ਲਹਿੰਦੇ ਪੰਜਾਬ ਦੀ ਵਜ਼ੀਰੇ ਆਜ਼ਮ ਮਰੀਅਮ ਨਵਾਜ਼ ਵੱਲੋਂ ਆਪਣੇ ਅਹਿਲਕਾਰਾਂ ਨੂੰ ਪਹਿਲ ਦੇ ਅਾਧਾਰ ਤੇ ਸ੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ਅੰਦਰੋਂ ਪਾਣੀ ਕੱਢਣ ਦੇ ਦਿੱਤੇ ਆਦੇਸ਼ਾਂ ਨੇ ਇਕ ਵਾਰ ਮੁੜ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਮੁਹੱਬਤ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਾਲਾ ਪੈਗਾਮ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਦੀ ਮਾਰ! ਸਤਲੁਜ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਰੇਲ ਆਵਾਜਾਈ ਠੱਪ
ਇਸ ਦੇ ਬਾਵਜੂਦ ਆਪਣੀ ਕਿਸਮਤ ਆਪ ਸਰਜਣ ਵਾਲਾ ਪੰਜਾਬ ਅੱਜ ਜਿੱਥੇ ਭਿਆਨਕ ਹਾਲਾਤਾਂ ਨਾਲ ਲੜ ਰਿਹਾ ਹੈ, ਉੱਥੇ ਹੀ ਪੰਜਾਬ ਦੇ ਪੱਖ -ਵੱਖ ਖਿੱਤਿਆਂ ਤੋਂ ਇਨਸਾਨੀਅਤ ਦੀ ਖਿਦਮਤ ਲਈ ਵੱਡੇ ਪੱਧਰ ਤੇ ਰਾਸ਼ਨ ਅਤੇ ਬੇਜ਼ੁਬਾਨ ਪਸ਼ੂਆਂ ਲਈ ਚਾਰਾ ਅਚਾਰ ਜਾਂ ਹੋਰ ਲੋੜੀਂਦੀਆਂ ਵਸਤਾਂ ਭੇਜ ਕੇ ਆਪਣੀ ਵਿਰਾਸਤ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਖਾਲਸਾ ਏਡ , ਸਿੱਖ ਸੰਸਥਾਵਾਂ , ਭਾਈ ਅੰਮ੍ਰਿਤਪਾਲ ਸਿੰਘ ਗਰੁੱਪ ,ਸਣੇ ਅਨੇਕਾਂ ਜਥੇਬੰਦੀਆਂ, ਸਮਾਜ ਸੇਵੀ ਧਿਰਾਂ ਇਸ ਵਰਤਮਾਨ ਸਥਿਤੀ ਵਿਚ ਜਿੱਥੇ ਮਨੁੱਖਤਾ ਦੀ ਸੇਵਾ ਲਈ ਦਿਨ ਰਾਤ ਲੱਗੀਆਂ ਹਨ, ਉੱਥੇ ਖੇਤਾਂ ਪੁਨਰ ਸੁਰਜੀਤੀ ਅਤੇ ਜ਼ਿੰਦਗੀ ਮੁੜ ਲੀਹ ’ਤੇ ਪਾਉਣ ਤੱਕ ਇਹ ਨਿਸ਼ਕਾਮ ਸੇਵਾ ਜਾਰੀ ਰੱਖਣ ਦੀ ਦਾਅਵੇਦਾਰੀ ਵੀ ਉਕਤ ਧਿਰਾਂ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਇਹ ਸੇਵਾ ਕੀਤੀ ਗਈ ਸ਼ੁਰੂ, ਜਲਦੀ ਕਰੋ ਅਪਲਾਈ
ਦੂਜੇ ਪਾਸੇ ਰਾਜਸੀ ਧਿਰਾਂ ਵੱਲੋਂ ਆਪਣਾ ਸਿਆਸੀ ਫੁੱਲਕਾ ਰਾੜਨ ਲਈ ਜਨਤਾ ਦੇ ਦੁੱਖਾਂ ਉੱਤੇ ਆਪਣਾ ਤੰਦੂਰ ਵੀ ਤਪਾਇਆ ਹੋਇਆ ਹੈ। ਦੇਸ਼ ਦੀ ਆਜ਼ਾਦੀ ਅਤੇ ਦੇਸ਼ ਦੀਆਂ ਜੰਗਾਂ ’ਚ ਹਿੱਕ ਡਾਹ ਕੇ ਜਾਨਾ ਨਿਸ਼ਾਵਰ ਕਰਨ ਵਾਲੇ ਅਤੇ ਸਰਹੱਦ ਤੇ ਹਮੇਸ਼ਾ ਬਰੂਦਾਂ ਦੀ ਛਾਂ ਹੇਠ ਜ਼ਿੰਦਗੀ ਬਸਰ ਕਰਨ ਵਾਲੇ ਸਰਹੱਦੀ ਪੰਜਾਬ ਦੇ ਅੱਜ ਪਠਾਨਕੋਟ, ਗੁਰਦਾਸਪੁਰ ਅੰਮ੍ਰਿਤਸਰ, ਤਰਨ ਤਰਨ, ਕਪੂਰਥਲਾ, ਜਲੰਧਰ ਆਦਿ ਜ਼ਿਲਿਆਂ ’ਚ ਵੱਡੇ ਪੈਮਾਨੇ ਅਤੇ ਹੜ੍ਹਾਂ ਦੇ ਸੰਤਾਪ ਭਾਰੀ ਮਾਰ ਪੈ ਰਹੀ ਹੈ। ਰਾਵੀ ਦਰਿਆ ਦੀ ਮਾਰ ਨੇ ਜਿੱਥੇ ਪੰਜਾਬ ਦੀ ਸਰਹੱਦੀ ਬੈਲਟ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੀ ਹੋਈ ਹੈ ਉੱਥੇ ਬਿਆਸ ਦਰਿਆ ਨੇ ਮਾਝੇ ਦੇ ਨਾਲ -ਨਾਲ ਦੁਆਬੇ ਖੇਤਰ ਨੂੰ ਵੀ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਵਿਚ ਜਕੜਿਆ ਹੋਇਆ ਹੈ ਇਸੇ ਤਹਿਤ ਹੀ ਘੱਗਰ ਅਤੇ ਸਤਲੁਜ ਵਿਚ ਵਧ ਰਹੇ ਪਾਣੀ ਦੇ ਵਹਾਅ ਦੇ ਮੱਦੇਨਜ਼ਰ ਪੰਜਾਬ ਦੇ ਪੁਆਧ ਅਤੇ ਮਾਲਵਾ ਖੇਤਰਾਂ ਨੂੰ ਵੀ ਹੜ੍ਹ ਪ੍ਰਭਾਵਿਤ ਹੋਣ ਦੇ ਖ਼ਤਰੇ ਹੇਠ ਵੇਖਿਆ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਅੰਮ੍ਰਿਤਸਰ ,ਫਿਰੋਜ਼ਪੁਰ, ਫਾਜ਼ਲਕਾ ,ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਮੋਗਾ ,ਮਹਾਲੀ ,ਪਠਾਨਕੋਟ, ਬਰਨਾਲਾ ਆਦਿ ਜ਼ਿਲ੍ਹਿਆਂ ਦੇ 3.54 ਲੱਖ ਲੋਕ ਹੁਣ ਤੱਕ ਹੜ੍ਹਾਂ ਦਾ ਜਿੰਦ ਜਾਨ ਪੱਖੋਂ ਖਮਿਆਜਾ ਭੁਗਤ ਰਹੇ ਹਨ ,ਜਦਕਿ 1400 ਪਿੰਡ ਪੂਰੀ ਤਰ੍ਹਾਂ ਹੜ੍ਹਾਂ ਦੀ ਲਪੇਟ ਵਿਚ ਹਨ। ਪੰਜਾਬ ਸਰਕਾਰ ਨੇ 19,597 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧਣ ਲੱਗੀ ਇਹ ਬੀਮਾਰੀ, ਮਰੀਜ਼ਾਂ ਦੇ ਵਧੇ ਅੰਕੜੇ
ਹੁਣ ਤੱਕ ਦੋ ਦਰਜਨ ਤੋਂ ਲੋਕ ਵੱਧ ਲੋਕ ਹੜ੍ਹਾਂ ਦੀ ਮਾਰ ਹੇਠ ਆਪਣੀਆਂ ਜਾਨਾਂ ਗਵਾ ਗਏ ਹਨ ਅਤੇ 26 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਬਹੁਤੇ ਬੇਜ਼ੁਬਾਨ ਪਸ਼ੂ ਹੜ੍ਹਾਂ ਦੇ ਵਹਾਅ ਵਿਚ ਰੁੜ ਚੁੱਕੇ ਹਨ। ਪੰਜਾਬ ਦੇ ਨੌਜਵਾਨ , ਜਿਨ੍ਹਾਂ ਉੱਤੇ ਅੱਜ ਤੱਕ ਨਸ਼ਾਖੋਰ ਅਤੇ ਗੈਂਗਸਟਰ ਹੋਣ ਦੇ ਇਲਜ਼ਾਮ ਲੱਗ ਰਹੇ ਸਨ ਉਹ ਅੱਜ ਜਾਨਾਂ ਹਲੂਣ ਕੇ ਆਪਣੇ ਹਮਸਾਇਆਂ ਦੀਆਂ ਜਾਨਾਂ ਬਚਾ ਰਹੇ ਹਨ। ਨੌਜਵਾਨਾਂ ਵੱਲੋਂ ਛੱਤਾਂ ਤੱਕ ਡੁੱਬੇ ਮਕਾਨਾਂ ਵਿਚੋਂ ਲੋਕਾਂ ਨੂੰ ਬਾਹਿਫਾਜਤ ਕੱਢ ਕੇ ਪਸ਼ੂਆਂ ਅਤੇ ਸਾਮਾਨ ਸੁਣੇ ਮਹਿਫੂਜ ਥਾਂ ’ਤੇ ਪਹੁੰਚਾਇਆ ਜਾ ਰਿਹਾ ਹੈ।
ਇਸ ਤ੍ਰਾਸਦੀ ਵਿਚ ਛੋਟੇ ਬੱਚਿਆਂ ਅਤੇ ਔਰਤਾਂ ਦੀ ਸਥਿਤੀ ਬੇਹੱਦ ਨਾਜ਼ੁਕ ਅਤੇ ਤਰਸਯੋਗ ਵੇਖੀ ਜਾ ਰਹੀ ਹੈ। ਪੰਜਾਬ ਤੋਂ ਰੋਜ਼ੀ ਰੋਟੀ ਦੀ ਭਾਲ ’ਚ ਵਿਦੇਸ਼ ਗਏ ਐੱਨ. ਆਰ. ਆਈਜ਼ ਵੱਲੋਂ ਦਿਲ ਖੋਲ੍ਹ ਕੇ ਆਪਣੀ ਮਿੱਟੀ ’ਤੇ ਆਈ ਆਫਤ ਦੇ ਮੁਕਾਬਲੇ ਹਿੱਤ ਦਾਨ ਪ੍ਰਦਾਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਜੰਮੇ ਬਾਲੀਵੁੱਡ ਸਿਤਾਰੇ ਅਤੇ ਲੋਕ ਗਾਇਕ ਇਸ ਆਫਤ ਵਿਚ ਆਪਣੀ ਮਿੱਟੀ ਦੇ ਵਫਾਦਾਰ ਹੋਣ ਦਾ ਸਬੂਤ ਦੇ ਰਹੇ ਹਨ।
ਖੇਤੀ ਪ੍ਰਧਾਨ ਸੂਬੇ ਦੀ ਹੁਣ ਤੱਕ 4.01 ਲੱਖ ਏਕੜ ਰਕਬਾ ਜ਼ਮੀਨ ਹੜ੍ਹਾਂ ਦੇ ਪਾਣੀ ’ਚ ਡੁੱਬ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਵਿਚ ਕਰੀਬ ਇਕ ਲੱਖ ਏਕੜ ਜ਼ਮੀਨੀ ਰਕਬਾ ਪ੍ਰਭਾਵਿਤ ਹੋਇਆ ਹੈ ,ਜਦਕਿ ਮਾਨਸਾ ਜ਼ਿਲ੍ਹੇ ਦਾ 55.607 ਏਕੜ ਰਕਬਾ ਲਪੇਟ ਵਿਚ ਆਇਆ ਹੈ। ਫਾਜ਼ਿਲਕਾ ’ਚ 41.548 ਏਕੜ ,ਅੰਮ੍ਰਿਤਸਰ ਚ 67.384, ਏਕੜ ਅਤੇ ਕਪੂਰਥਲਾ ’ਚ 35.480 ਏਕ ਰਕਬਾ ਪਾਣੀ ’ਚ ਡੁੱਬ ਗਿਆ ਹੈ। ਹੜ੍ਹਾਂ ਦੀ ਮਾਰ ਨਾਲ ਝੋਨਾ, ਮੱਕੀ ,ਕਪਾਹ ,ਗੰਨਾ ਆਦਿ ਫਸਲਾਂ ਸਭ ਤੋਂ ਵਧੇਰੇ ਪ੍ਰਭਾਵਿਤ ਹੋਈ ਹੈ। ਸੂਬਾ ਸਰਕਾਰ ਆਪਣੇ ਫਰਜ਼ਾਂ ਪ੍ਰਤੀ ਪੂਰਨ ਵਫਾਦਾਰ ਹੈ ਪਰ ਕੇਂਦਰ ਦੇ ਵਿਤਕਰੇ ਦਾ ਇਕ ਹੋਰ ਪੰਨਾ ਪੰਜਾਬ ਦੇ ਇਤਿਹਾਸ ਵਿਚ ਲਿਖਿਆ ਜਾ ਰਿਹਾ ਹੈ।-ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ
"ਕੁਦਰਤੀ ਆਫ਼ਤ ਵਿਚ ਕੇਂਦਰ ਸਰਕਾਰ ਨੇ ਸੂਬੇ ਨੂੰ ਵਿਸ਼ੇਸ਼ ਆਰਥਿਕ ਪੈਕੇਜ ਐਲਾਨਣਾ ਤਾਂ ਦੂਰ ਦੀ ਗੱਲ ਪਰ ਪੰਜਾਬ ਦੀ 60 ਹਜ਼ਾਰ ਕਰੋੜ ਰੁਪਏ ਬਕਾਇਆ ਰਾਸ਼ੀ ਜਾਰੀ ਕਰਨ ਤੋਂ ਵੀ ਪਾਸਾ ਵੱਟਿਆ ਹੋਇਆ ਹੈ। ਸੂਬਾ ਸਰਕਾਰ ਨੇ ਹੜਾਂ ਦੌਰਾਨ ਹੋਏ ਨੁਕਸਾਨ ਦੀ ਸੂਚੀ ਤਿਆਰ ਕਰਨ ਹਿੱਤ ਵੱਖ-ਵੱਖ ਵਿਭਾਗਾਂ ਲਈ ਨਿਰਦੇਸ਼ ਜਾਰੀ ਕੀਤੇ ਹਨ ਅਤੇ ਲੋਕਾਂ ਦੇ ਜਾਨੀ ਮਨ ਦੀ ਨੁਕਸਾਨ ਤੋਂ ਇਲਾਵਾ ਹੋਰ ਬੁਨਿਆਦੀ ਢਾਂਚੇ ਨੂੰ ਪਹੁੰਚੇ ਨੁਕਸਾਨ ਦੀ ਪੂਰਤੀ ਲਈ ਕੇਂਦਰ ਸਰਕਾਰ ਨੂੰ ਜਲਦ ਮੈਮੋਰੰਡਮ ਦਿੱਤਾ ਜਾ ਰਿਹਾ ਹੈ।-ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ।
ਇਹ ਵੀ ਪੜ੍ਹੋ: ਜਲੰਧਰ 'ਚ ਹੜ੍ਹ ਨਾਲ ਵਿਗੜ ਸਕਦੇ ਨੇ ਹਾਲਾਤ! ਹੋ ਗਈ ਅਨਾਊਂਸਮੈਂਟ, ਘਰਾਂ ਨੂੰ ਖਾਲੀ ਕਰਨ ਦੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e