ਚੀਨ ਦੀ ਅਰਥਵਿਵਸਥਾ ਤੋਂ ਉਠਿਆ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ, ਭਾਰਤ ’ਚ ਲੱਗੀ ਨਿਵੇਸ਼ ਦੀ ਕਤਾਰ

Wednesday, Feb 07, 2024 - 11:14 AM (IST)

ਚੀਨ ਦੀ ਅਰਥਵਿਵਸਥਾ ਤੋਂ ਉਠਿਆ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ, ਭਾਰਤ ’ਚ ਲੱਗੀ ਨਿਵੇਸ਼ ਦੀ ਕਤਾਰ

ਨਵੀਂ ਦਿੱਲੀ - ਲਗਭਗ ਦੋ ਦਹਾਕੇ ਪਹਿਲਾਂ ਚੀਨ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਮੰਨ ਕੇ ਚੀਨੀ ਕੰਪਨੀਆਂ ’ਚ ਨਿਵੇਸ਼ ਕਰਨ ਵਾਲੇ ਵਿਦੇਸ਼ੀ ਨਿਵੇਸ਼ਕਾਂ ਨੇ ਹੁਣ ਚੀਨ ਦੀ ਡੁੱਬ ਰਹੀ ਅਰਥਵਿਵਸਥਾ ਵਿਚੋਂ ਪੈਸਾ ਕੱਢ ਕੇ ਭਾਰਤ ’ਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਦੁਨੀਆ ਦੇ ਸਭ ਤੋਂ ਵੱਡੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਮਾਰਗਨ ਸਟੈਨਲੀ ਅਤੇ ਗੋਲਡਮੈਨ ਸਾਕਸ ਨੇ ਚੀਨ ਨੂੰ ਛੱਡ ਕੇ ਭਾਰਤ ’ਚ ਆਪਣਾ ਨਿਵੇਸ਼ ਵਧਾ ਦਿੱਤਾ ਹੈ ਅਤੇ ਪਿਛਲੇ ਕੁਝ ਮਹੀਨਿਆਂ ’ਚ ਵਾਲ ਸਟਰੀਟ ਦੇ ਇਨ੍ਹਾਂ ਦੋਵਾਂ ਵੱਡੇ ਨਿਵੇਸ਼ਕਾਂ ਨੇ ਭਾਰਤ ’ਚ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਹੈ।

ਮਾਰਸ਼ਲ ਵੇਜ ਨਾਂ ਦੇ ਹੇਜ ਫੰਡ ਨੇ ਹਾਲ ਹੀ ’ਚ ਭਾਰਤੀ ਬਾਜ਼ਾਰ ’ਚ 62 ਬਿਲੀਅਨ ਡਾਲਰ ਦੀ ਪੁਜ਼ੀਸ਼ਨ ਬਣਾਈ ਹੈ। ਇਹ ਅਮਰੀਕਾ ਤੋਂ ਬਾਅਦ ਇਸ ਫੰਡ ਦੀ ਦੁਨੀਆ ’ਚ ਦੂਜੀ ਸਭ ਤੋਂ ਵੱਡੀ ਪੁਜ਼ੀਸ਼ਨ ਹੈ। ਜ਼ਿਊਰਿਕ ਦੀ ਵੋਂਟੋਵੈਲ ਹੋਲਡਿੰਗ ਨਾਂ ਦੀ ਕੰਪਨੀ ਦੀ ਸਹਾਇਕ ਇਕਾਈ ਏ. ਜੀ .ਨੇ ਭਾਰਤ ਨੂੰ ਉਭਰਦੇ ਬਾਜ਼ਾਰਾਂ ’ਚ ਆਪਣੀ ਸਿਖਰਲੀ ਸੂਚੀ ’ਚ ਰੱਖਿਆ ਹੈ ਅਤੇ ਜੈਨਸ ਹੈਂਡਰਸਨ ਗਰੁੱਪ ਦਾ ਫੰਡ ਵੀ ਭਾਰਤ ’ਚ ਵੱਡੇ ਪੱਧਰ ’ਤੇ ਨਿਵੇਸ਼ ਕਰ ਰਿਹਾ ਹੈ। ਇੱਥੋਂ ਤੱਕ ਕਿ ਜਾਪਾਨ ਦੇ ਵੱਡੇ ਪ੍ਰਚੂਨ ਨਿਵੇਸ਼ਕ ਵੀ ਭਾਰਤੀ ਬਾਜ਼ਾਰ ਨੂੰ ਤਰਜੀਹ ਦੇ ਰਹੇ ਹਨ।

ਦਰਅਸਲ, ਪਿਛਲੇ 10 ਸਾਲਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਇਆ ਹੈ ਅਤੇ ਇਸ ਕਾਰਨ ਦੇਸ਼ ’ਚ ਸੜਕਾਂ ਦਾ ਜਾਲ ਵਿਛ ਗਿਆ ਹੈ। ਭਾਰਤ ’ਚ ਸਪਲਾਈ ਲਾਈਨ ’ਚ ਤੇਜ਼ੀ ਆਉਣ ਨਾਲ ਵਿਦੇਸ਼ੀ ਨਿਵੇਸ਼ਕਾਂ ਦੀਆਂ ਨਜ਼ਰਾਂ ਹੁਣ ਭਾਰਤ ਵੱਲ ਹਨ, ਜਦਕਿ ਦੂਜੇ ਪਾਸੇ ਚੀਨ ’ਚ ਮੰਦੀ ਦਾ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਚੀਨ ਪੱਛਮੀ ਦੇਸ਼ਾਂ ਦੇ ਵੱਡੇ ਨਿਵੇਸ਼ਕਾਂ ਲਈ ਹੁਣ ਪਸੰਦੀਦਾ ਸਥਾਨ ਨਹੀਂ ਰਹਿ ਗਿਆ।

ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ

ਭਾਰਤ ਦੀ ਜੀ. ਡੀ. ਪੀ. ’ਤੇ ਨਿਵੇਸ਼ਕਾਂ ਦੀ ਨਜ਼ਰ
ਸਿੰਗਾਪੁਰ ਦੇ ਫੰਡ ਐੱਮ. ਜੀ. ਇਨਵੈਸਟਮੈਂਟ ’ਚ ਏਸ਼ੀਅਨ ਇਕੁਇਟੀ ਪੋਰਟਫੋਲੀਓ ਨੂੰ ਮੈਨੇਜ ਕਰਨ ਵਾਲੇ ਵਿਕਾਸ ਪ੍ਰਸਾਦ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਦੇ ਭਾਰਤ ਆਉਣ ਪਿੱਛੇ ਸਿਰਫ ਚੀਨ ਦੀ ਡਿੱਗਦੀ ਅਰਥਵਿਵਸਥਾ ਕਾਰਨ ਨਹੀਂ ਹੈ, ਸਗੋਂ ਭਾਰਤ ’ਚ ਜੀ. ਡੀ. ਪੀ. ਤੇਜ਼ੀ ਨਾਲ ਵਧ ਰਹੀ ਹੈ ਅਤੇ ਨਿਵੇਸ਼ਕਾਂ ਨੂੰ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਦੇ ਮਾਮਲੇ ’ਚ ਭਾਰਤ ਹੁਣ ਚੀਨ ਨੂੰ ਸਖਤ ਟੱਕਰ ਦੇ ਰਿਹਾ ਹੈ।

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤ ਦੀ ਆਰਥਿਕ ਤਰੱਕੀ ਅਤੇ ਸ਼ੇਅਰ ਬਾਜ਼ਾਰ ਦਾ ਸਿੱਧਾ ਸਬੰਧ ਰਿਹਾ ਹੈ ਅਤੇ ਜੇ ਭਾਰਤ ’ਚ ਜੀ. ਡੀ. ਪੀ. ਦੀ ਰਫਤਾਰ 7 ਫੀਸਦੀ ਰਹਿੰਦੀ ਹੈ ਤਾਂ ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕ ਅੰਕ ਵੀ ਘੱਟੋ-ਘੱਟ 7 ਫੀਸਦੀ ਦੀ ਦਰ ਨਾਲ ਤਾਂ ਵਧਣਗੇ। ਪਿਛਲੇ ਦੋ ਦਹਾਕਿਆਂ ਦੌਰਾਨ, ਸ਼ੇਅਰ ਬਾਜ਼ਾਰ ਦਾ ਬਾਜ਼ਾਰ ਪੂੰਜੀਕਰਣ 500 ਬਿਲੀਅਨ ਡਾਲਰ ਤੋਂ ਵਧ ਕੇ 3.5 ਟ੍ਰਿਲੀਅਨ ਡਾਲਰ ਹੋ ਗਿਆ ਹੈ। ਜੈਫਰੀਜ਼ ਗਰੁੱਪ ਦੇ ਗਲੋਬਲ ਹੈੱਡ ਅਨਿਕੇਤ ਸ਼ਾਹ ਨੇ ਕਿਹਾ ਕਿ ਨਿਵੇਸ਼ਕ ਜਾਣਨਾ ਚਾਹੁੰਦੇ ਹਨ ਕਿ ਭਾਰਤ ’ਚ ਕੀ ਹੋ ਰਿਹਾ ਹੈ ਅਤੇ ਭਾਰਤ ਨੂੰ ਹੁਣ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਨਿਵੇਸ਼ਕ ਹੁਣ ਇੱਥੇ ਨਿਵੇਸ਼ ਕਰਨ ’ਚ ਦਿਲਚਸਪੀ ਵਿਖਾ ਰਹੇ ਹਨ।

ਨਿਵੇਸ਼ਕ ਫੰਡ ਦੇ ਪ੍ਰਵਾਹ ਨੂੰ ਲੈ ਕੇ ਵੀ ਉਤਸ਼ਾਹਿਤ
ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ ਪ੍ਰਤੀ ਉਤਸ਼ਾਹ ਫੰਡਾਂ ਦੇ ਪ੍ਰਵਾਹ ਨੂੰ ਲੈ ਕੇ ਵੀ ਸਾਫ਼ ਨਜ਼ਰ ਆ ਰਿਹਾ ਹੈ। 2023 ਦੀ ਆਖਰੀ ਤਿਮਾਹੀ ’ਚ ਅਮਰੀਕਾ ਦੇ ਐਕਸਚੇਂਜ ਟਰੇਡਿਡ ਫੰਡਾਂ ਨੇ ਭਾਰਤ ’ਚ ਰਿਕਾਰਡ ਖਰੀਦਦਾਰੀ ਕੀਤੀ ਹੈ, ਜਦੋਂ ਕਿ ਇਸ ਦੌਰਾਨ ਚੀਨ ’ਚ ਵਿਦੇਸ਼ੀ ਨਿਵੇਸ਼ਕਾਂ ਨੇ 800 ਮਿਲੀਅਨ ਡਾਲਰ ਦੀ ਬਿਕਵਾਲੀ ਕੀਤੀ ਹੈ। ਈ. ਪੀ. ਐੱਫ. ਆਰ. ਦੇ ਅੰਕੜਿਆਂ ਅਨੁਸਾਰ, ਬਾਂਡ ਫੰਡਾਂ ਨੇ ਚੀਨ ਤੋਂ ਕੱਢੇ ਗਏ ਆਪਣੇ ਪੈਸੇ ’ਚੋਂ 50 ਫੀਸਦੀ ਭਾਰਤ ’ਚ ਨਿਵੇਸ਼ ਕੀਤਾ ਹੈ।
ਇਸ ਤੋਂ ਇਲਾਵਾ ਅਮਰੀਕਾ ਵਿਚ ਨਿਵੇਸ਼ ਕਰਨ ਵਾਲੇ ਜਾਪਾਨ ਦੇ ਪ੍ਰਚੂਨ ਨਿਵੇਸ਼ਕ ਵੀ ਹੁਣ ਭਾਰਤ ਦਾ ਰੁਖ਼ ਕਰ ਰਹੇ ਹਨ। ਇਹ ਨਿਵੇਸ਼ ਭਾਰਤ ਦੇ 5 ਮਿਊਚੁਅਲ ਫੰਡਾਂ ਰਾਹੀਂ ਹੋ ਰਿਹਾ ਹੈ ਅਤੇ ਇਸ ’ਚ ਜਾਪਾਨ ਦਾ ਨਿਵੇਸ਼ 4 ਸਾਲਾਂ ’ਚ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News