ਧੜੱਲੇ ਨਾਲ ਵਧ ਰਿਹੈ ਫਰਜ਼ੀ ਕਾਰ ਬੀਮੇ ਦਾ ਧੰਦਾ, ਜਾਣੋ ਕਿਤੇ ਤੁਹਾਡਾ ਬੀਮਾ ਵੀ ਨਕਲੀ ਤਾਂ ਨਹੀਂ

Friday, Feb 05, 2021 - 06:30 PM (IST)

ਧੜੱਲੇ ਨਾਲ ਵਧ ਰਿਹੈ ਫਰਜ਼ੀ ਕਾਰ ਬੀਮੇ ਦਾ ਧੰਦਾ, ਜਾਣੋ ਕਿਤੇ ਤੁਹਾਡਾ ਬੀਮਾ ਵੀ ਨਕਲੀ ਤਾਂ ਨਹੀਂ

ਨਵੀਂ ਦਿੱਲੀ - ਅਨੁਰਾਧਾ ਰਾਣੀ (ਨਾਮ ਬਦਲਿਆ ਹੈ) ਨੇ ਪਿਛਲੇ ਸਾਲ ਫੋਨ ਤੇ ਇੱਕ ਕਾਲ ਤੋਂ ਬਾਅਦ ਆਪਣੀ ਕਾਰ ਦਾ ਬੀਮਾ ਕਰਵਾ ਲਿਆ ਸੀ। ਉਸ ਕੰਪਨੀ ਦੀ ਦਰ ਜਿਹੜੀ ਉਸ ਨੂੰ ਕਾਰ ਬੀਮੇ ਦੀ ਪੇਸ਼ਕਸ਼ ਕਰਦੀ ਸੀ, ਮਾਰਕੀਟ ਨਾਲੋਂ ਘੱਟ ਸੀ। ਜਿਸ ਕਾਰਨ ਉਸ ਨੇ ਉਸੇ ਕੰਪਨੀ ਤੋਂ ਹੀ ਬੀਮਾ ਕਰਵਾ ਲਿਆ। ਉਸਦੀ ਪਾਲਸੀ ਵੀ ਸਹੀ ਸਿਰ ਉਸਦੇ ਘਰ ਆ ਗਈ। ਅਨੁਰਾਧਾ ਦੇ ਹੋਸ਼ ਉਸ ਸਮੇਂ ਉੱਡ ਗਏ ਜਦੋਂ ਉਸਦੀ ਕਾਰ ਦੁਰਘਟਨਾ ਕਾਰਨ ਖਸਤਾ ਹਾਲ ਹੋ ਗਈ ਅਤੇ ਉਸਨੇ ਕਾਰ ਕੰਪਨੀ ਨੂੰ ਕਾਰ ਦੇ ਕੇ ਇੱਕ ਬੀਮਾ ਪਾਲਿਸੀ ਦਿਖਾਈ। 

ਇਥੇ ਉਸਨੂੰ ਪਤਾ ਚੱਲਿਆ ਕਿ ਇਹ ਬੀਮਾ ਪਾਲਸੀ ਜਾਅਲੀ ਹੈ। ਅਨੁਰਾਧਾ ਨੇ ਕੰਪਨੀ ਅਤੇ ਉਸ ਏਜੰਟ ਨੂੰ ਬਹੁਤ ਸਾਰੇ ਫੋਨ ਕਾਲ ਕੀਤੇ ਪਰ ਉਹ ਫੋਨ ਨੰਬਰ ਦੁਬਾਰਾ ਨਹੀਂ ਲੱਗਾ। ਅਨੁਰਾਧਾ ਅਜਿਹੀ ਧੋਖਾਧੜੀ ਦੀ ਸ਼ਿਕਾਰ ਹੋਣ ਵਾਲੀ ਪਹਿਲੀ ਵਿਅਕਤੀ ਨਹੀਂ ਹੈ। ਸਗੋਂ ਅਜਿਹੀ ਧੋਖਾਧੜੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਵੱਡਾ ਖੁਲਾਸਾ! ਮੋਟੀ ਤਨਖ਼ਾਹ ਲੈਣ ਵਾਲੇ ਲੱਖਾਂ ਲੋਕਾਂ ਦੇ PF ਖਾਤੇ 'ਚ ਜਮ੍ਹਾਂ ਹਨ 62 ਹਜ਼ਾਰ ਕਰੋੜ ਤੋਂ ਵੱਧ ਰੁਪਏ

ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ਼ ਇੰਡੀਆ (ਆਈਆਰਡੀਏਆਈ) ਨੇ ਕੇਂਦਰ ਸਰਕਾਰ ਨੂੰ ਦਿੱਤੀ ਜਾਣਕਾਰੀ ਅਨੁਸਾਰ ਪਿਛਲੇ ਤਿੰਨ ਸਾਲਾਂ ਦੌਰਾਨ ਅਜਿਹੀਆਂ ਤਿੰਨ ਕੰਪਨੀਆਂ ਦਾ ਪਤਾ ਲਗਾਇਆ ਗਿਆ ਹੈ। ਜਿਨ੍ਹਾਂ ਨੇ ਢਾਈ ਹਜ਼ਾਰ ਤੋਂ ਵੱਧ ਵਾਹਨਾਂ ਦਾ ਨਕਲੀ ਬੀਮਾ ਕੀਤਾ ਸੀ। ਜਾਣਕਾਰ ਲੋਕ ਕਹਿੰਦੇ ਹਨ ਕਿ ਅਜੇ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਹਨ ਜਿਹੜੀਆਂ ਕਿ ਸਾਹਮਣੇ ਹੀ ਨਹੀਂ ਆਈਆਂ। ਕਈ ਨਕਲੀ ਕੰਪਨੀਆਂ ਅਜੇ ਵੀ ਇਸ ਕਿਸਮ ਦਾ ਕੰਮ ਕਰ ਰਹੀਆਂ ਹਨ। ਸਵਾਲ ਇਹ ਹੈ ਕਿ ਕੀ ਵਾਹਨ ਦੀ ਬੀਮਾ ਪਾਲਸੀ ਅਸਲ ਹੈ ਜਾਂ ਨਕਲੀ। ਇਸ ਦਾ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ। ਤਾਂ ਜੋ ਅਜਿਹੀ ਧੋਖਾਧੜੀ ਕਿਸੇ ਵੀ ਵਿਅਕਤੀ ਨਾਲ ਨਾ ਵਾਪਰ ਸਕਣ।

ਆਓ ਜਾਣਦੇ ਹਾਂ ਕਿ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਇਹ ਧੋਖਾਧੜੀ ਕਿਵੇਂ ਹੋ ਰਹੀ ਹੈ।

ਤਿੰਨ ਗੁਣਾ ਵਧੇ ਮਾਮਲੇ 

ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ (ਆਈਆਰਡੀਏਆਈ) ਨੇ ਵਿੱਤ ਮੰਤਰਾਲੇ ਨੂੰ ਸੌਂਪੀ ਰਿਪੋਰਟ ਵਿਚ ਵਾਹਨਾਂ ਦੀ ਬੀਮਾ ਪਾਲਸੀ ਵਿਚ ਹੋਈ ਧੋਖਾਧੜੀ ਬਾਰੇ ਦੱਸਿਆ ਗਿਆ ਹੈ। ਰਿਪੋਰਟ ਦੇ ਅਨੁਸਾਰ ਸਾਲ 2017 ਤੋਂ 2019 ਤੱਕ ਆਈਆਰਡੀਏਆਈ ਤੋਂ ਮਿਲੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਜਾਂਚ ਵਿਚ ਅਜਿਹੀਆਂ ਤਿੰਨ ਕੰਪਨੀਆਂ ਦਾ ਖੁਲਾਸਾ ਹੋਇਆ ਸੀ। ਜਿਸਨੇ ਵੱਡੀ ਗਿਣਤੀ ਵਿਚ ਵਾਹਨਾਂ ਲਈ ਜਾਅਲੀ ਬੀਮਾ ਪਾਲਿਸੀ ਬਣਾਈ ਹੈ। ਕੰਪਨੀਆਂ ਨੇ ਤਿੰਨ ਸਾਲਾਂ ਵਿਚ 2500 ਤੋਂ ਵੱਧ ਲੋਕਾਂ ਨਾਲ 113.09 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। 2017 ਵਿਚ ਜਿਥੇ ਇਨ੍ਹਾਂ ਕੰਪਨੀਆਂ ਨੇ 33.74 ਕਰੋੜ ਰੁਪਏ ਦੀਆਂ 498 ਜਾਅਲੀ ਪਾਲਸੀਆਂ ਬਣਾਈਆਂ ਸਨ। ਸਾਲ 2018 ਵਿਚ 25.70 ਕਰੋੜ ਰੁਪਏ ਦੀਆਂ 823 ਪਾਲਸੀਆਂ ਕੀਤੀਆਂ ਗਈਆਂ ਸਨ। ਇਸ ਦੇ ਨਾਲ ਹੀ ਸਾਲ 2019 ਵਿਚ ਇਹ ਅੰਕੜਾ 1192 ਜਾਅਲੀ ਪਾਲਸੀਆਂ ਤੱਕ ਪਹੁੰਚ ਗਿਆ, ਜਿਸ ਵਿਚ ਜਾਲਸਾਜ਼ ਕੰਪਨੀਆਂ ਨੇ ਆਮ ਲੋਕਾਂ ਨਾਲ 53.64 ਕਰੋੜ ਰੁਪਏ ਦੀ ਧੋਖਾਧੜੀ ਕੀਤੀ।

ਇਹ ਵੀ ਪੜ੍ਹੋ : ਕਸਟਮ ਡਿਊਟੀ ਵਧਣ ਨਾਲ ਕਾਟਨ ’ਚ ਆਵੇਗੀ ਤੇਜ਼ੀ, ਮਹਿੰਗੇ ਹੋ ਸਕਦੇ ਹਨ ਕੱਪੜੇ

ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਧੋਖਾਧੜੀ 

ਇੱਕ ਪ੍ਰਾਈਵੇਟ ਬੀਮਾ ਕੰਪਨੀ ਵਿਚ ਕੰਮ ਕਰਦੇ ਮੁਲਾਜ਼ਮ ਨੇ ਦੱਸਿਆ, ਜਾਅਲੀ ਬੀਮਾ ਕੰਪਨੀਆਂ ਵਾਹਨ ਦੇ ਘੱਟ ਪ੍ਰੀਮੀਅਮ ਨਾਲ ਬੀਮਾ ਕਰਨ ਦਾ ਦਾਅਵਾ ਕਰਦੀਆਂ ਹਨ। ਲੋਕ ਸਸਤੇ ਦੇ ਲਾਲਚ ਵਿਚ  ਫਸ ਜਾਂਦੇ ਹਨ। ਜ਼ਿਆਦਾਤਰ ਮਾਮਲਿਆਂ ਵਿਚ ਲੋਕਾਂ ਕੰਪਨੀਆਂ ਵਲੋਂ ਦਿੱਤੇ ਗਏ ਪਾਲਸੀ ਦੇ ਦਸਤਾਵੇਜ਼ ਵੀ ਚੰਗੀ ਤਰ੍ਹਾਂ ਚੈੱਕ ਨਹੀਂ ਕਰਦੇ। ਇਸ ਦੇ ਨਾਲ ਮਸ਼ਹੂਰ ਕੰਪਨੀਆਂ ਦੇ ਨਾਮ 'ਤੇ ਬੀਮਾ ਕਰਵਾਉਣ ਵਾਲੇ ਫਰਜ਼ੀ ਏਜੰਟ ਵੀ ਮਾਰਕੀਟ ਵਿਚ ਘੁੰਮਦੇ ਰਹਿੰਦੇ ਹਨ। ਜਿਹੜੇ ਸਿੱਧੇ ਤੌਰ 'ਤੇ ਨਕਦ ਲੈ ਕੇ ਕੁਝ ਘੰਟਿਆਂ ਵਿਚ ਪਾਲਸੀ ਦੇਣ ਦਾ ਦਾਅਵਾ ਕਰਦੇ ਹਨ। ਅਜਿਹੇ ਵਿਚ ਜ਼ਿਆਦਾਤਰ ਦੋ ਪਹੀਆ ਵਾਹਨ ਦੇ ਮਾਲਕ ਫਸ ਜਂਦੇ ਹਨ । ਇਸਦਾ ਕਾਰਨ ਇਹ ਹੈ ਕਿ ਬੀਮਾ ਖਤਮ ਹੁੰਦੇ ਹੀ ਵਾਹਨ ਮਾਲਕ ਜਲਦੀ ਤੋਂ ਜਲਦੀ ਸਸਤਾ ਵਾਹਨ ਬੀਮਾ ਖਰੀਦਣ ਲਈ ਤਰਜੀਹ ਦਿੰਦੇ ਹਨ ਤਾਂ ਜੋ ਚਲਾਨ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ : ਜਾਣੋ ਇੰਪੋਰਟ ਡਿਊਟੀ ਘਟਾਉਣ ਤੋਂ ਬਾਅਦ ਕਿੰਨਾ ਸਸਤਾ ਹੋਵੇਗਾ ਸੋਨਾ

ਇਸ ਢੰਗ ਨਾਲ ਪਤਾ ਲਗਾਓ ਅਸਲੀ ਅਤੇ ਨਕਲੀ ਬੀਮੇ ਦਾ

ਆਈਆਰਡੀਏਆਈ ਨੇ ਆਟੋ ਬੀਮੇ ਵਿਚ ਚੱਲ ਰਹੀ ਇਸ ਧੋਖਾਧੜੀ ਤੋਂ ਬਚਣ ਲਈ ਕੁਝ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ ਉਨ੍ਹਾਂ ਦੀ ਪਾਲਣਾ ਕਰਦਿਆਂ, ਲੋਕ ਅਜਿਹੀਆਂ ਧੋਖਾਧੜੀ ਤੋਂ ਬਚ ਸਕਦੇ ਹਨ। IRDAI ਦੁਆਰਾ www. Policyholder.gov.in ਨਾਮ ਦੀ ਇੱਕ ਵੈਬਸਾਈਟ ਵੀ ਸ਼ੁਰੂ ਕੀਤੀ ਗਈ ਹੈ। ਜਿੱਥੇ ਤੁਸੀਂ ਜਾਣਕਾਰੀ ਲੈ ਕੇ ਧੋਖਾਧੜੀ ਤੋਂ ਬਚ ਸਕਦੇ ਹੋ। ਜਿਹੜੀ ਵੀ ਬੀਮਾ ਕੰਪਨੀ ਜ਼ਰੀਏ ਤੁਸੀਂ ਵਾਹਨ ਦਾ ਬੀਮਾ ਕਰਵਾ ਰਹੇ ਹੋ। ਬੀਮਾ ਕੰਪਨੀਆਂ ਦਾ IRDAI ਨਾਲ ਰਜਿਸਟਰ ਹੋਣਾ ਲਾਜ਼ਮੀ ਹੈ। ਅਜਿਹੀ ਸਥਿਤੀ ਵਿਚ ਤੁਸੀਂ ਪਹਿਲਾਂ ਬੀਮਾ ਕੰਪਨੀ ਦਾ ਨਾਮ IRDAI ਦੀ ਵੈਬਸਾਈਟ ਤੇ ਜਾ ਕੇ ਵੇਖ ਸਕਦੇ ਹੋ।
ਦੂਜੀ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਹਰ ਬੀਮਾ ਕੰਪਨੀ ਨੂੰ IRDAI ਦੁਆਰਾ ਇਕ ਵਿਲੱਖਣ ਪਛਾਣ ਨੰਬਰ (UID) ਦਿੱਤਾ ਜਾਂਦਾ ਹੈ। ਜੋ ਕਿ ਤੁਹਾਡੀ ਬੀਮਾ ਪਾਲਿਸੀ ਵਿਚ ਵੀ ਦਰਜ ਕੀਤਾ ਹੁੰਦਾ ਹੈ। ਜੇ ਤੁਹਾਡੀ ਪਾਲਸੀ ਵਿਚ ਯੂਆਈਡੀ ਨਹੀਂ ਹੈ, ਤਾਂ ਇਸਦਾ ਅਰਥ ਹੈ ਕਿ ਇਹ ਪਾਲਸੀ ਜਾਅਲੀ ਹੈ।ਇਸ ਦੀ ਸ਼ਿਕਾਇਤ ਤੁਸੀਂ IRDAI ਨੂੰ ਜਾਂ ਪੁਲਿਸ ਕੋਲ ਸ਼ਿਕਾਇਤ ਵੀ ਕਰ ਸਕਦੇ ਹੋ।

ਇਹ ਵੀ ਪੜ੍ਹੋ : ਬਜਟ ਦੀ ਘੋਸ਼ਣਾ ਤੋਂ ਬਾਅਦ ਤਨਖ਼ਾਹ ਅਤੇ ਸੇਵਾ ਮੁਕਤੀ ਦੀ ਬਚਤ ਨੂੰ ਪਵੇਗੀ ਦੋਹਰੀ ਮਾਰ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News