ਬੈਂਕਿੰਗ ਇਤਿਹਾਸ ਦਾ ਸਭ ਤੋਂ ਵੱਡਾ ਘਪਲਾ, 28 ਬੈਂਕਾਂ ਨੂੰ ABG ਸ਼ਿਪਯਾਰਡ ਨੇ ਲਗਾਇਆ ਚੂਨਾ

02/13/2022 5:41:34 PM

ਨਵੀਂ ਦਿੱਲੀ (ਏਜੰਸੀਆਂ) – ਸੀ. ਬੀ. ਆਈ. ਨੇ ਬੈਂਕਿੰਗ ਇਤਿਹਾਸ ਦੇ ਸਭ ਤੋਂ ਵੱਡੇ ਘਪਲੇ ਦੀ ਐੱਫ. ਆਈ. ਆਰ. ਦਰਜ ਕੀਤੀ ਹੈ। ਇਹ ਘਪਲਾ 22842 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ। ਸੀ. ਬੀ.ਆਈ. ਦੀ ਐੱਫ. ਆਈ. ਆਰ. ’ਚ ਘਪਲੇ ਲਈ ਗੁਜਰਾਤ ਦੀ ਏ. ਬੀ. ਜੀ. ਸ਼ਿਪਯਾਰਡ ਕੰਪਨੀ ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਨੂੰ ਜ਼ਿੰਮੇਵਾਰੀ ਦੱਸਿਆ ਗਿਆ ਹੈ। ਸੀ. ਬੀ. ਆਈ. ਨੇ ਵੱਖ-ਵੱਖ ਅਪਰਾਧਿਕ ਧਾਰਾਵਾਂ ਦੇ ਤਹਿਤ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ, ਹੋਰ ਅਧਿਕਾਰੀਆਂ ਅਤੇ ਅਣਪਛਾਤੇ ਸਰਕਾਰੀ ਅਧਿਕਾਰੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਸੀ. ਬੀ. ਆਈ. ਦੀ ਐੱਫ. ਆਈ. ਆਰ. ’ਚ ਅਪਰਾਧਿਕ ਸਾਜਿਸ਼, ਧੋਖਾਦੇਹੀ, ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਸਰਕਾਰੀ ਜਾਇਦਾਦ ਨੂੰ ਧੋਖਾਦੇਹੀ ਨਾਲ ਹੜੱਪਨ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਦੋਸ਼ ਸਾਬਤ ਹੋਣ ’ਤੇ ਇਸ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਸੀ. ਬੀ. ਆਈ. ਮੁਤਾਬਕ ਇਹ ਧੋਖਾਦੇਹੀ 28 ਬੈਂਕਾਂ ਦੇ ਸਮੂਹ ਨਾਲ ਕੀਤੀ ਗਈ।

ਇਹ ਵੀ ਪੜ੍ਹੋ : AirIndia ਤੇ Air Asia ਦਰਮਿਆਨ ਹੋਇਆ ਵੱਡਾ ਸਮਝੌਤਾ, ਯਾਤਰੀਆਂ ਨੂੰ ਮਿਲੇਗੀ ਖ਼ਾਸ ਸਹੂਲਤ

ਇਹ ਧੋਖਾਦੇਹੀ ਮਸ਼ਹੂਰ ਨੀਰਵ ਮੋਦੀ ਘਪਲੇ ਤੋਂ ਵੀ ਵੱਡੀ ਹੈ ਕਿਉਂਕਿ ਉਸ ’ਚ ਘਪਲੇ ਦੀ ਰਕਮ 12,000 ਕਰੋੜ ਰੁਪਏ ਸੀ। ਉੱਥੇ ਹੀ ਵਿਜੇ ਮਾਲੀਆ ਨੇ 9000 ਕਰੋੜ ਰੁਪਏ ਦੀ ਧੋਖਾਦੇਹੀ ਕੀਤੀ ਸੀ। ਇਸ ਮਾਮਲੇ ਦੀ ਜਾਂਚ ’ਚ ਛੇਤੀ ਹੀ ਦੂਜੀਆਂ ਜਾਂਚ ਏਜੰਸੀਆਂ ਵੀ ਕੁੱਦ ਸਕਦੀਆਂ ਹਨ। ਸੀ. ਬੀ. ਆਈ. ਨੇ ਇਸ ਘਪਲੇ ’ਚ ਸ਼ਨੀਵਾਰ ਨੂੰ ਮਹਾਰਾਸ਼ਟਰ , ਗੁਜਰਾਤ ਸਮੇਤ ਕਈ ਸੂਬਿਆਂ ਦੇ 13 ਸਥਾਨਾਂ ’ਤੇ ਛਾਪੇਮਾਰੀ ਕੀਤੀ ਅਤੇ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ। ਇਸ ਘਪਲੇ ਦੀ ਗੂੰਜ ਵਿਧਾਨ ਸਭਾ ਚੋਣਾਂ ਅਤੇ ਸੰਸਦ ਸੈਸ਼ਨ ’ਚ ਵੀ ਸੁਣਾਈ ਦੇ ਸਕਦੀ ਹੈ।

ਕਿਵੇਂ ਹੋਇਆ ਘਪਲੇ ਦਾ ਪਰਦਾਫਾਸ਼

ਸੀ. ਬੀ. ਆਈ. ਮੁਤਾਬਕ ਇਸ ਮਾਮਲੇ ’ਚ ਬੈਂਕਾਂ ਦੇ ਸਮੂਹ ਵਲੋਂ ਸਟੇਟ ਬੈਂਕ ਆਫ ਇੰਡੀਆ ਮੁੰਬਈ ਬ੍ਰਾਂਚ ’ਚ ਤਾਇਨਾਤ ਡਿਪਟੀ ਜਨਰਲ ਮੈਨੇਜਰ ਬਾਲਾਜੀ ਸਿੰਘ ਸਾਮੰਤਾ ਨੇ ਸੀ. ਬੀ. ਆਈ. ਨੂੰ 25 ਅਗਸਤ 2020 ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ। ਸੀ. ਬੀ. ਆਈ. ਦੀ ਐੱਫ. ਆਈ. ਆਰ. ਮੁਤਾਬਕ ਇਸ ਮਾਮਲੇ ’ਚ ਗੁਜਰਾਤ ਦੇ ਸੂਰ ’ਚ ਪਾਣੀ ਦੇ ਜਹਾਜ਼, ਉਸ ਨਾਲ ਜੁੜਿਆ ਸਾਮਾਨ ਅਤੇ ਜਹਾਜ਼ਾਂ ਨੂੰ ਰਿਪੇਅਰ ਕਰਨ ਵਾਲੀ ਕੰਪਨੀ ਏ. ਬੀ. ਜੀ. ਸ਼ਿਪਯਾਰਡ ਅਤੇ ਏ. ਬੀ. ਜੀ. ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਸਮੇਤ ਉਸ ਦੇ ਮੈਨੇਜਿੰਗ ਡਾਇਰੈਕਟਰ ਰਿਸ਼ੀ ਕਮਲੇਸ਼ ਅੱਗਰਵਾਲ ਦਾ ਨਾਂ ਸ਼ਾਮਲ ਹੈ।

ਇਹ ਵੀ ਪੜ੍ਹੋ : ਅਨਿਲ ਅੰਬਾਨੀ, ਰਿਲਾਇੰਸ ਹੋਮ ਫਾਈਨਾਂਸ ਸਮੇਤ ਤਿੰਨ ਹੋਰਾਂ ਨੂੰ ਵੱਡਾ ਝਟਕਾ,ਸੇਬੀ ਨੇ ਲਗਾਈ ਇਹ ਪਾਬੰਦੀ

ਇੰਨੇ ਬੈਂਕਾਂ ਦਾ ਇੰਨਾ ਬਕਾਇਆ

ਫਰਮ ’ਤੇ ਆਈ.ਸੀ. ਆਈ. ਸੀ. ਆਈ. ਦਾ 7,089 ਕਰੋੜ, ਆਈ. ਡੀ. ਬੀ. ਆਈ. ਬੈਂਕ ਦਾ 3634 ਕਰੋੜ, ਐੱਸ. ਬੀ. ਆਈ. ਦਾ 2925 ਕਰੋੜ, ਬੈਂਕ ਆਫ ਬੜੌਦਾ ਦਾ 1614 ਕਰੋੜ ਅਤੇ ਪੀ. ਐੱਨ. ਬੀ. ਅਤੇ ਇੰਡੀਅਨ ਓਵਰਸੀਜ਼ ਬੈਂਕ ਦਾ 1200 ਕਰੋੜ ਤੋਂ ਵੱਧ ਬਕਾਇਆ ਹੈ।

ਏ. ਬੀ. ਜੀ. ਸ਼ਿਪਯਾਰਡ ਕੰਪਨੀ ਸੂਰਤ ’ਚ ਹੈ ਅਤੇ ਇਸ ਦਾ ਆਫਿਸ ਗੁਜਰਾਤ ਦੇ ਦਾਹੇਜ ’ਚ ਵੀ ਹੈ। ਇਹ ਕੰਪਨੀ ਪਾਣੀ ਦੇ ਜਹਾਜ਼ਾਂ ਦੇ ਨਿਰਮਾਣ ਅਤੇ ਉਨ੍ਹਾਂ ਦੀ ਮੁਰੰਮਤ ਸਮੇਤ ਉਸ ਨਾਲ ਸਬੰਧਤ ਅਨੇਕਾਂ ਕੰਮ ਕਰਦੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਕੰਪਨੀ ਨੇ ਆਪਣੇ ਬਣਾਏ ਹੋਏ ਅਨੇਕਾਂ ਜਹਾਜ਼ ਵਿਦੇਸ਼ਾਂ ’ਚ ਵੀ ਵੇਚੇ ਹੋਏ ਹਨ। ਇਹ ਕੰਪਨੀ ਅਨੇਕਾਂ ਤਰ੍ਹਾਂ ਦੇ ਫਲੋਡਿੰਗ ਕ੍ਰੇਨ ਇੰਟਰਸੈਪਟਰ ਬੋਟ ਆਦਿ ਵੀ ਬਣਾ ਚੁੱਕੀ ਹੈ।

236 ਕਰੋੜ ਰੁਪਏ ਭੇਜੇ ਸਿੰਗਾਪੁਰ!

ਦੋਸ਼ ਮੁਤਾਬਕ ਇਸ ਕੰਪਨੀ ਨੇ ਬੈਂਕਾਂ ਦੇ ਸਮੂਹ ਤੋਂ ਲੋਨ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਕ੍ਰੈਡਿਟ ਸਹੂਲਤਾਂ ਵੀ ਲਈਆਂ ਹੋਈਆਂ ਸਨ। ਬੈਂਕਾਂ ਤੋਂ ਮਿਲੇ ਪੈਸਿਆਂ ਨੂੰ ਇਸ ਕੰਪਨੀ ਨੇ ਆਪਣੀਆਂ ਸਹਿਯੋਗੀ ਕੰਪਨੀਆਂ ਰਾਹੀਂ ਵਿਦੇਸ਼ਾਂ ’ਚ ਵੀ ਭੇਜਿਆ ਅਤੇ ਉੱਥੇ ਸ਼ੇਅਰ ਆਦਿ ਖਰੀਦੇ। ਇਸ ਮਾਮਲੇ ’ਚ 236 ਕਰੋੜ ਰੁਪਏ ਸਿੰਗਾਪੁਰ ਭੇਜੇ ਜਾਣ ਦਾ ਵੀ ਪਤਾ ਲੱਗਾ ਹੈ। ਇਹ ਵੀ ਪਤਾ ਲੱਗਾ ਹੈ ਕਿ ਬੈਂਕਾਂ ਤੋਂ ਜਿਸ ਕੰਮ ਲਈ ਲੋਨ ਜਾਂ ਕ੍ਰੈਡਿਟ ਗਾਰੰਟੀ ਲਈ ਗਈ ਸੀ, ਉਸ ਕੰਮ ’ਚ ਪੈਸਿਆਂ ਦਾ ਇਸੇਤਾਮਾਲ ਨਾ ਕਰ ਕੇ ਉਨ੍ਹਾਂ ਪੈਸਿਆਂ ਤੋਂ ਕਈ ਪ੍ਰਾਪਰਟੀਜ਼ ਖਰੀਦੀਆਂ ਗਈਆਂ। ਨਾਲ ਹੀ ਕਈ ਨਿਯਮ-ਕਾਨੂੰਨਾਂ ਨੂੰ ਧਿਆਨ ’ਚ ਰੱਖ ਕੇ ਪੈਸੇ ਇਕ ਕੰਪਨੀ ਤੋਂ ਦੂਜੀਆਂ ਕੰਪਨੀਆਂ ’ਚ ਭੇਜੇ ਗਏ।

ਇਹ ਵੀ ਪੜ੍ਹੋ : UCO ਬੈਂਕ ਅਤੇ ਸੈਂਟਰਲ ਬੈਂਕ ਨੇ FD ਵਿਆਜ ਦਰਾਂ 'ਚ ਕੀਤਾ ਬਦਲਾਅ, ਜਾਣੋ ਨਵੀਆਂ ਦਰਾਂ ਬਾਰੇ

2012-2017 ਦਰਮਿਆਨ ਦਾ ਘਪਲਾ

ਇਸ ਮਾਮਲੇ ’ਚ ਬੈਂਕ ਨੇ ਫਾਰੈਂਸਿਕ ਆਡਿਟ ਰਿਪੋਰਟ ਵੀ ਕਰਵਾਈ ਸੀ, ਜਿਸ ’ਚ ਸਪੱਸ਼ਟ ਤੌਰ ’ਤੇ ਖੁਲਾਸਾ ਹੋਇਆ ਸੀ ਕਿ ਬੈਂਕਾਂ ਦੇ ਸਮੂਹ ਨਾਲ ਧੋਖਾਦੇਹੀ ਕੀਤੀ ਗਈ ਹੈ। ਸੀ. ਬੀ. ਆਈ. ਨੂੰ ਜੋ ਸ਼ਿਕਾਇਤ ਦਿੱਤੀ ਗਈ ਹੈ, ਉਸ ’ਚ ਬੈਂਕ ਘਪਲੇ ਦਾ ਸਮਾਂ ਅਪ੍ਰੈਲ 2012 ਤੋਂ ਜੁਲਾਈ 2017 ਤੱਕ ਦੱਸਿਆ ਗਿਆ ਹੈ ਯਾਨੀ ਇਹ ਘਪਲਾ ਸਾਬਕਾ ਯੂ. ਪੀ. ਏ. ਸਰਕਾਰ ਅਤੇ ਮੌਜੂਦਾ ਮੋਦੀ ਸਰਕਾਰ ਦੋਹਾਂ ਦੇ ਸਮੇਂ ਦਾ ਹੈ। ਸੀ. ਬੀ. ਆਈ. ਸੂਤਰਾਂ ਦਾ ਦਾਅਵਾ ਹੈ ਕਿ ਮਾਮਲੇ ਦੀ ਜਾਂਚ ਬੈਂਕਾਂ ਦੇ ਵੱਡੇ ਅਧਿਕਾਰੀਆਂ ਤੱਕ ਪਹੁੰਚ ਸਕਦੀ ਹੈ। ਨਾਲ ਹੀ ਇਸ ਮਾਮਲੇ ’ਚ ਕੁੱਝ ਨੇਤਾਵਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ। ਫਿਲਹਾਲ ਸੀ. ਬੀ.ਆਈ. ਦੀ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ : ਵਾਹਨ PLI ਸਕੀਮ ਵਿੱਚ ਫੋਰਡ, ਟਾਟਾ, ਹੁੰਡਈ ਅਤੇ ਸੁਜ਼ੂਕੀ ਸਮੇਤ 20 ਕੰਪਨੀਆਂ ਦੀ ਹੋਈ ਚੋਣ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News