AC ਉਦਯੋਗ ਦੀਆਂ ਵਾਛਾਂ ਖਿੜੀਆਂ, ਵਿਕਰੀ ’ਚ 10 ਫ਼ੀਸਦੀ ਤੋਂ ਜ਼ਿਆਦਾ ਵਾਧੇ ਦੀ ਉਮੀਦ
Monday, Apr 04, 2022 - 11:30 AM (IST)
ਨਵੀਂ ਦਿੱਲੀ (ਭਾਸ਼ਾ) - ਏਇਰ ਕੰਡੀਸ਼ਨਰ (ਏ. ਸੀ.) ਕੰਪਨੀਆਂ ਨੂੰ ਉਮੀਦ ਹੈ ਕਿ ਪਾਰਾ ਚੜ੍ਹਨ ਦੇ ਨਾਲ ਹੀ ਮੰਗ ਵਧਣ ਨਾਲ ਇਸ ਸਾਲ ਉਨ੍ਹਾਂ ਦੀ ਵਿਕਰੀ ’ਚ ਦਹਾਕਾ ਅੰਕ ਯਾਨੀ 10 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਵੇਗਾ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਘਰੇਲੂ ਏਅਰ ਕੰਡੀਸ਼ਨਰ ਦੇ ਮੁੱਲ ਕਰੀਬ 5 ਫੀਸਦੀ ਵਧ ਸਕਦੇ ਹਨ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਹਾਲ ’ਚ ਕਿਹਾ ਸੀ ਕਿ ਇਸ ਸਾਲ ਅਪ੍ਰੈਲ ਤੇ ਮਈ ਮਹੀਨੇ ’ਚ ਤਾਪਮਾਨ ਆਮ ਤੋਂ ਜ਼ਿਆਦਾ ਰਹਿ ਸਕਦਾ ਹੈ। ਇਸ ਤੋਂ ਉਤਸ਼ਾਹਿਤ ਏ. ਸੀ. ਵਿਨਿਰਮਾਤਾਵਾਂ ਵੋਲਟਾਸ, ਹਿਤਾਚੀ, ਐੱਲ. ਜੀ., ਪੈਨਾਸਾਨਿਕ ਤੇ ਗੋਦਰੇਜ ਅਪਲਾਇੰਸਿਜ਼ ਦਾ ਮੰਨਣਾ ਹੈ ਕਿ ਇਸ ਵਾਰ ਮੰਗ ਵਧੇਗੀ। ਇਸ ਤੋਂ ਪਹਿਲਾਂ 2 ਸਾਲ ਕੋਵਿਡ-19 ਕਾਰਨ ਬਾਜ਼ਾਰ ’ਚ ਵਿਘਨ ਪੈਦਾ ਹੋ ਗਿਆ ਸੀ।
ਇਹ ਵੀ ਪੜ੍ਹੋ : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਦੀ ਮਦਦ ਕਰੇਗਾ ਭਾਰਤ, ਭੇਜੇਗਾ ਖ਼ੁਰਾਕੀ ਵਸਤਾਂ
ਕੁਝ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਮੌਸਮ ’ਚ ਏ. ਸੀ. ਦੀ ਜ਼ਿਆਦਾ ਮੰਗ ਹੋਣ ਕਾਰਨ ਏ. ਸੀ. ਤੇ ਠੰਡਕ ਪ੍ਰਦਾਨ ਕਰਨ ਵਾਲੇ ਹੋਰ ਉਤਪਾਦਾਂ ਦੀ ਕਮੀ ਹੋ ਸਕਦੀ ਹੈ। ਕਲਪੁਰਜ਼ਿਆਂ, ਧਾਤਾਂ ਖਾਸ ਤੌਰ ’ਤੇ ਤਾਂਬਾ ਤੇ ਐਲੂਮੀਨੀਅਮ ਦੀਆਂ ਵਧਦੀਆਂ ਕੀਮਤਾਂ ਤੇ ਕੱਚੇ ਤੇਲ ਦੇ ਵੱਧਦੇ ਮੁੱਲ ਦੇ ਅਸਰ ਨੂੰ ਘੱਟ ਕਰਨ ਲਈ ਉਦਯੋਗ ਨੇ ਪਿਛਲੀ ਤੀਮਾਹੀ ’ਚ ਮੁੱਲ ਵਾਧਾ ਕੀਤਾ ਸੀ। ਟਾਟਾ ਸਮੂਹ ਦੀ ਕੰਪਨੀ ਵੋਲਟਾਸ ਦੇ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਿਆਪਾਲਕ ਅਧਿਕਾਰੀ ਪ੍ਰਦੀਪ ਬਕਸ਼ੀ ਨੇ ਕਿਹਾ ਕਿ 2021-22 ਦੌਰਾਨ ਉਦਯੋਗ ਨੂੰ ਕੀਮਤਾਂ ’ਚ ਦਹਾਕਾ ਅੰਕਾਂ ਦੇ ਵਾਧੇ ਦਾ ਕਈ ਵਾਰ ਸਾਹਮਣਾ ਕਰਨਾ ਪਿਆ। ਹਾਲਾਂਕਿ ਅਸੀਂ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗਾਹਕ ਇਨ੍ਹਾਂ ਗਰਮੀਆਂ ’ਚ ਠੰਡਕ ਪ੍ਰਦਾਨ ਕਰਨ ਵਾਲੇ ਉਤਪਾਦ ਖਰੀਦਣ ਤੋਂ ਪਿੱਛੇ ਨਾ ਹਟਣ । ਇਸ ਲਈ ਅਸੀਂ ਕਈ ਤਰ੍ਹਾਂ ਦੇ ਆਫਰ ਤੇ ਈ. ਐੱਮ. ਆਈ. ਬਦਲ ਦਿੱਤੇ ਹਨ।
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਲਈ ਖ਼ਾਸ ਖ਼ਬਰ, ਕੱਲ੍ਹ ਤੋਂ ਬਦਲ ਜਾਏਗਾ ਚੈੱਕ ਪੇਮੈਂਟ ਨਾਲ ਜੁੜਿਆ ਇਹ ਨਿਯਮ
ਵਸਤਾਂ ਤੇ ਕੱਚੇ ਮਾਲ ਦੇ ਮੁੱਲ ਵਧਣ ਨਾਲ ਉਦਯੋਗ ਦਬਾਅ ’ਚ
ਖਪਤਕਾਰ ਇਲੈਕਟ੍ਰਾਨਿਕਸ ਤੇ ਸਮੱਗਰੀ ਵਿਨਿਰਮਾਤਾ ਸੰਘ (ਸੀ. ਈ. ਏ. ਐੱਮ. ਏ.) ਨੇ ਉਮੀਦ ਜਤਾਈ ਕਿ ਗਰਮੀਆਂ ਦੇ ਇਸ ਮੌਸਮ ਦੀ ਸਾਲ ਦੀ ਕੁਲ ਵਿਕਰੀ ’ਚ ਹਿੱਸੇਦਾਰੀ 35 ਤੋਂ 40 ਫੀਸਦੀ ਹੋ ਸਕਦੀ ਹੈ। ਸੀ. ਈ. ਏ. ਐੱਮ. ਏ. ਦੇ ਪ੍ਰਧਾਨ ਐਰਿਕ ਬ੍ਰੇਗੇਂਜਾ ਨੇ ਕਿਹਾ ਕਿ ਬੀਤੇ ਕੁਝ ਸਾਲਾਂ ਤੋਂ ਕੀਮਤਾਂ ਅਸਥਿਰ ਰਹੀਆਂ ਹਨ। ਮਹਾਮਾਰੀ ਨਾਲ ਹਾਲਾਤ ਹੋਰ ਵੀ ਬਦਤਰ ਹੋ ਗਏ। ਬੀਤੇ 18 ਮਹੀਨਿਆਂ ’ਚ ਖਪਤਕਾਰ ਸਮੱਗਰੀ ਖੇਤਰ ’ਚ ਕੀਮਤਾਂ 15 ਫੀਸਦੀ ਤੱਕ ਵਧੀਆਂ। ਵਸਤਾਂ ਤੇ ਕੱਚੇ ਮਾਲ ਦੇ ਮੁੱਲ ਵਧਣ ਨਾਲ ਉਦਯੋਗ ਲਗਾਤਾਰ ਦਬਾਅ ’ਚ ਹੈ। ਉਨ੍ਹਾਂ ਨੇ ਕਿਹਾ ਕਿ ਮੁੱਲ ਵਾਧਾ ਉਪਭੋਗਤਾਵਾਂ ਨੂੰ ਤੁਰੰਤ ਪ੍ਰਭਾਵਿਤ ਨਹੀਂ ਕਰੇਗਾ, ਕਿਉਂਕਿ ਮਾਰਚ-ਅਪ੍ਰੈਲ, 2022 ਤੱਕ ਦਾ ਉਤਪਾਦਨ ਪਹਿਲਾਂ ਤੋਂ ਤੈਅ ਹੈ। ਮਈ ਤੋਂ ਕੀਮਤਾਂ ਵੱਧ ਸਕਦੀਆਂ ਹਨ।
ਇਹ ਵੀ ਪੜ੍ਹੋ : ਗੈਸ ਦੀਆਂ ਕੀਮਤਾਂ ਵਧਣ ਨਾਲ ONGC ਤੇ ਰਿਲਾਇੰਸ ਦੀ ਜਾਣੋ ਕਿੰਨੀ ਵਧੇਗੀ ਆਮਦਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।