TCS ਨੇ ਮੂਨਲਾਈਟਿੰਗ ਲਈ ਕਰਮਚਾਰੀਆਂ ਨੂੰ ਦਿੱਤੀ ਚਿਤਾਵਨੀ, ਹਫਤੇ ’ਚ 3 ਦਿਨ ਆਫਿਸ ਆਉਣ ਲਈ ਵੀ ਕਿਹਾ
Wednesday, Oct 12, 2022 - 04:16 PM (IST)
ਨਵੀਂ ਦਿੱਲੀ–ਇਨਫੋਸਿਸ ਅਤੇ ਵਿਪਰੋ ਤੋਂ ਬਾਅਦ ਹੁਣ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਵੀ ਮੂਨਲਾਈਟਿੰਗ ਦੇ ਵਿਰੋਧ ’ਚ ਉਤਰ ਆਈ ਹੈ। ਬੀਤੇ ਸੋਮਵਾਰ ਨੂੰ ਜਾਰੀ ਇਕ ਬਿਆਨ ’ਚ ਟੀ. ਸੀ. ਐੱਸ. ਨੇ ਦੱਸਿਆ ਕਿ ਮੂਨਲਾਈਟਿੰਗ ਇਕ ਨੈਤਿਕ ਮੁੱਦਾ ਹੈ ਅਤੇ ਇਹ ਕੰਪਨੀ ਦੇ ਮੂਲ ਸਿਧਾਂਤਾਂ ਅਤੇ ਸੰਸਕ੍ਰਿਤੀ ਦੇ ਖਿਲਾਫ ਹੈ। ਉੱਥੇ ਹੀ ਕੰਪਨੀ ਨੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਮੂਨਲਾਈਟਿੰਗ ਕਾਰਨ ਹਾਲੇ ਤੱਕ ਉਸ ਵਲੋਂ ਕਰਮਚਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਟੀ. ਸੀ. ਐੱਸ. ਨੇ ਦੱਸਿਆ ਕਿ ਮੂਨਲਾਈਟਿੰਗ ਨੂੰ ਲੈ ਕੇ ਕੰਪਨੀ ਦੇ ਰੁਖ ਬਾਰੇ ਕਰਮਚਾਰੀਆਂ ਨੂੰ ਸਪੱਸ਼ਟ ਤੌਰ ’ਤੇ ਦੱਸ ਦਿੱਤਾ ਗਿਆ ਹੈ। ਨਾਲ ਹੀ ਇਹ ਵੀ ਦੱਸਿਆ ਕਿ ਕਿਸੇ ਦੇ ਖਿਲਾਫ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਹ ਗੱਲ ਸੋਮਵਾਰ ਨੂੰ ਟੀ. ਸੀ. ਐੱਸ. ਦੇ ਚੀਫ ਹਿਊਮਨ ਰਿਸੋਰਸ ਅਫਸਰ ਨੇ ਕੰਪਨੀ ਦੇ ਸਤੰਬਰ ਤਿਮਾਹੀ ਦੇ ਅੰਕੜੇ ਜਾਰੀ ਕਰਦੇ ਸਮੇਂ ਕਹੀ।
ਇੰਪਲਾਇਮੈਂਟ ਕਾਂਟ੍ਰੈਕਟ ’ਚ ਵੀ ਰਹਿੰਦਾ ਹੈ ਜ਼ਿਕਰ
ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸੀ. ਈ. ਓ. (ਚੀਫ ਐਗਜ਼ੀਕਿਊਟਿਵ ਆਫਿਸਰ) ਰਾਜੇਸ਼ ਗੋਪੀਨਾਥਨ ਨੇ ਦੱਸਿਆ ਕਿ ਕੰਪਨੀ ’ਚ ਨੌਕਰੀ ਸ਼ੁਰੂ ਕਰਨ ’ਤੇ ਕਰਮਚਾਰੀਆਂ ਤੋਂ ਜੋ ਇੰਪਲਾਇਮੈਂਟ ਕਾਂਟ੍ਰੈਕਟ ਸਾਈਨ ਕਰਵਾਇਆ ਾਂਦਾ ਹੈ, ਉਸ ’ਚ ਇਸ ਗੱਲ ਦਾ ਸਪੱਸ਼ਟ ਜ਼ਿਕਰ ਕੀਤਾ ਗਿਆ ਹੈ ਕਿ ਕਰਮਚਾਰੀਆਂ ਨੂੰ ਕਿਸੇ ਹੋਰ ਅਾਰਗਨਾਈਜੇਸ਼ਨ ਲਈ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। ਕਰਮਚਾਰੀ ਕੰਪਨੀ ’ਚ ਰਹਿੰਦੇ ਹੋਏ ਕਿਸੇ ਹੋਰ ਲਈ ਕੰਮ ਨਹੀਂ ਕਰ ਸਕਦੇ ਹਨ।
ਹੁਣ ਹਫਤੇ ’ਚ 3 ਦਿਨ ਆਫਿਸ ਤੋਂ ਕੰਮ
ਟਾਟਾ ਕੰਸਲਟੈਂਸੀ ਸਰਵਿਸਿਜ਼ ਨੇ ਸਤੰਬਰ ’ਚ ਆਪਣੇ ਸਾਰੇ ਕਰਮਚਾਰੀਆਂ ਨੂੰ ਹਫਤੇ ’ਚ ਘੱਟ ਤੋਂ ਘੱਟ 3 ਦਿਨ ਆਫਿਸ ਤੋਂ ਕੰਮ ਕਰਨ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਕੰਪਨੀ ਦੇ ਇਸ ਨਿਯਮ ਦੀ ਪਾਲਣਾ ਲਾਜ਼ਮੀ ਹੈ। ਕੰਪਨੀ ਦੇ ਐੱਚ. ਆਰ. ਨੇ ਦੱਸਿਆ ਕਿ ਕੰਪਨੀ ਦੇ ਸਾਰੇ ਸੀਨੀਅਰ ਕਰਮਚਾਰੀ ਪਹਿਲਾਂ ਤੋਂ ਹੀ ਆਫਿਸ ਆ ਰਹੇ ਹਨ। ਇਸ ਹੁਕਮ ਦੀ ਪਾਲਣਾ ਨਾ ਕਰਨਾ ਅਨੁਸ਼ਾਸਨਹੀਣਤਾ ਮੰਨਿਆ ਜਾਵੇਗਾ ਅਤੇ ਅਜਿਹੇ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।