RTI ’ਚ ਖੁਲਾਸਾ : ਮਿਸਤਰੀ ਨੂੰ ਬਰਖਾਸਤ ਕਰਨ ’ਚ ਟਾਟਾ, TCS ਨੇ ਨਿਯਮਾਂ ਦੀ ਕੀਤੀ ਉਲੰਘਣਾ

Thursday, Nov 01, 2018 - 01:30 AM (IST)

ਮੁੰਬਈ-ਸਾਇਰਸ ਮਿਸਤਰੀ ਨੂੰ ਟਾਟਾ ਸੰਜ਼ ਅਤੇ ਟਾਟਾ  ਕੰਸਲਟੈਂਸੀ ਸਰਵਿਸਿਜ਼  (ਟੀ. ਸੀ. ਐੱਸ.)   ਦੇ ਕ੍ਰਮਵਾਰ  ਚੇਅਰਮੈਨ ਅਤੇ ਨਿਰਦੇਸ਼ਕ ਅਹੁਦੇ  ਤੋਂ ਬਰਖਾਸਤ ਕਰਨ ਦਾ ਫੈਸਲਾ ਕੰਪਨੀ ਕਾਨੂੰਨ  ਦੇ ਪ੍ਰਬੰਧਾਂ ਦੀ ਉਲੰਘਣਾ ਸੀ।   ਸੂਚਨਾ   ਦੇ ਅਧਿਕਾਰ  (ਆਰ. ਟੀ. ਆਈ.)   ਤਹਿਤ ਮੰਗੀ ਗਈ ਜਾਣਕਾਰੀ ’ਚ ਕੰਪਨੀ ਰਜਿਸਟਰਾਰ  (ਆਰ. ਓ. ਸੀ.)  ਮੁੰਬਈ ਨੇ ਜਵਾਬ ਦਿੱਤਾ ਹੈ ਕਿ ਇਹ ਫੈਸਲਾ ਭਾਰਤੀ  ਰਿਜ਼ਰਵ ਬੈਂਕ  ਦੇ ਨਿਯਮਾਂ  ਦੇ ਅਨੁਕੂਲ ਵੀ ਨਹੀਂ ਸੀ।  ਸਭ ਤੋਂ ਖਾਸ ਗੱਲ ਇਹ ਹੈ ਕਿ ਇਹ  ਟਾਟਾ ਦੀ ਖੁਦ  ਦੇ ਕੰਪਨੀ ਨਿਯਮਾਂ  ਦੇ ਪ੍ਰਬੰਧਾਂ ਦੀ ਵੀ ਉਲੰਘਣਾ ਸੀ। 

ਸੂਚਨਾ   ਦੇ ਅਧਿਕਾਰ  ਤਹਿਤ ਇਹ ਜਵਾਬ ਸਹਾਇਕ ਕੰਪਨੀ ਰਜਿਸਟਰਾਰ ਮੁੰਬਈ ਉਦੈ ਖੋਮਾਨੇ ਨੇ 3  ਅਕਤੂਬਰ ਨੂੰ ਦਿੱਤਾ ਹੈ।  ਸ਼ਾਪੋਰਜੀ ਪੱਲੋਨਜੀ ਸਮੂਹ ਦੀਅਾਂ ਨਿਵੇਸ਼ ਇਕਾਈਆਂ ਨੇ 31 ਅਗਸਤ  ਨੂੰ ਇਸ ਬਾਰੇ ਅਪੀਲ ਕਰ  ਕੇ ਜਵਾਬ ਮੰਗਿਆ ਸੀ।  ਆਰ. ਟੀ. ਆਈ.  ਤਹਿਤ  ਦਿੱਤੇ ਗਏ ਜਵਾਬ ’ਚ ਕਿਹਾ ਗਿਆ ਹੈ ਕਿ ਮਿਸਤਰੀ ਨੂੰ ਟਾਟਾ ਸੰਜ਼  ਦੇ ਚੇਅਰਮੈਨ ਅਤੇ ਟੀ.  ਸੀ. ਐੱਸ.   ਦੇ ਨਿਰਦੇਸ਼ਕ ਅਹੁਦੇ ਤੋਂ ਹਟਾਉਣਾ ਕੰਪਨੀ ਕਾਨੂੰਨ,  2013  ਦੇ ਪ੍ਰਬੰਧਾਂ ਦੀ ਉਲੰਘਣਾ ਹੈ।  ਇਸ ਤੋਂ ਇਲਾਵਾ ਇਹ ਰਿਜ਼ਰਵ ਬੈਂਕ  ਦੀਅਾਂ ਗੈਰ-ਬੈਂਕਿੰਗ  ਵਿੱਤੀ ਕੰਪਨੀਆਂ  (ਐੱਨ. ਬੀ. ਐੱਫ. ਸੀ.)   ਦੇ ਸੰਚਾਲਨ ਨਿਯਮਾਂ ਦੀ ਵੀ ਉਲੰਘਣਾ  ਹੈ।  ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਇਹ ਟਾਟਾ ਸੰਜ਼ ਦੇ ਖੁਦ ਦੀ ਕੰਪਨੀ  ਦੇ  ਨਿਯਮ 118 ਦਾ ਵੀ ਉਲੰਘਣਾ ਹੈ।  ਇਹ ਟਾਟਾ ਸਮੂਹ ਦੀ ਜੱਦੀ ਕੰਪਨੀ ਹੈ।

ਟਾਟਾ  ਸੰਜ਼  ਦੇ ਬੁਲਾਰੇ ਨੇ ਇਸ ਬਾਰੇ ਭੇਜੇ ਗਏ ਈ-ਮੇਲ ਦਾ ਵਿਸਤਾਰ  ’ਚ ਜਵਾਬ ਦੇਣ ਤੋਂ ਮਨ੍ਹਾ ਕਰਦੇ ਹੋਏ ਕਿਹਾ ਕਿ ਅਸੀਂ ਅਦਾਲਤ ’ਚ ਲਟਕੇ ਮਾਮਲਿਆਂ ’ਤੇ ਟਿੱਪਣੀ ਨਹੀਂ  ਕਰਦੇ।  ਰਿਪੋਰਟ ਕੰਪਨੀ ਰਜਿਸਟਰਾਰ ਦਾ ਅੰਦਰੂਨੀ ਵਿਚਾਰ ਪੇਸ਼ ਕਰਦੀ ਹੈ।  ਇਹ ਰਿਪੋਰਟ ਇਸ  ਬਾਰੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ  (ਐੱਨ. ਸੀ. ਐੱਲ. ਟੀ.)  ਮੁੰਬਈ  ਵੱਲੋਂ ਅਪਣਾਏ ਗਏ ਰੁਖ ਨਾਲ ਪੂਰੀ ਤਰ੍ਹਾਂ ਉਲਟ ਹੈ।  ਐੱਨ. ਸੀ. ਐੱਲ. ਟੀ.  ਨੇ  ਮਿਸਤਰੀ ਵੱਲੋਂ ਆਪਣੀ ਬਰਖਾਸਤਗੀ ਨੂੰ ਚੁਣੌਤੀ ਦੇਣ ਵਾਲੀ ਮੰਗ ਨੂੰ ਖਾਰਿਜ ਕਰ ਦਿੱਤਾ ਸੀ। ਮਿਸਤਰੀ ਨੂੰ 24 ਅਕਤੂਬਰ 2016 ਨੂੰ ਟਾਟਾ ਸੰਜ਼  ਦੇ ਚੇਅਰਮੈਨ ਅਹੁਦੇ ਤੋਂ ਹਟਾਇਆ ਗਿਆ  ਸੀ।  ਉਹ ਕੰਪਨੀ  ਦੇ ਕੌਮਾਂਤਰੀ ਦਫਤਰ ਬਾਂਬੇ ਹਾਊਸ ’ਚ 4 ਸਾਲ ਤੋਂ 2 ਮਹੀਨੇ  ਘੱਟ ਤੱਕ ਇਸ ਅਹੁਦੇ ’ਤੇ ਰਹੇ।  ਮਿਸਤਰੀ ਦਾ ਪਰਿਵਾਰ ਟਾਟਾ ਸੰਜ਼ ’ਚ ਸਭ ਤੋਂ ਵੱਡਾ ਗੈਰ-ਟਾਟਾ ਪਰਿਵਾਰ ਦਾ ਸ਼ੇਅਰਧਾਰਕ ਹੈ।  ਕੰਪਨੀ ’ਚ ਉਸ ਦੀ ਹਿੱਸੇਦਾਰੀ 18.4 ਫੀਸਦੀ ਹੈ।


Related News