ਟਾਟਾ ਸਟੀਲ ਰਾਸ਼ਟਰੀ ਇਸਪਾਤ ਨਿਗਮ ਖ਼ਰੀਦਣ ਦੀ ਇੱਛੁਕ : CEO ਨਰੇਂਦਰਨ
Tuesday, Aug 17, 2021 - 02:55 PM (IST)
ਨਵੀਂ ਦਿੱਲੀ- ਟਾਟਾ ਸਟੀਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਪ੍ਰਬੰਧ ਨਿਰਦੇਸ਼ਕ ਟੀ. ਵੀ. ਨਰੇਂਦਰਨ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਸਰਕਾਰੀ ਮਾਲਕੀ ਵਾਲੀ ਰਾਸ਼ਟਰੀ ਇਸਪਾਤ ਨਿਗਮ ਲਿਮਟਿਡ (ਆਰ. ਆਈ. ਐੱਨ. ਐੱਲ.) ਨੂੰ ਖ਼ਰੀਦਣ ਦੀ ਇੱਛੁਕ ਹੈ।
ਸਟੀਲ ਮੰਤਰਾਲਾ ਤਹਿਤ ਆਰ. ਆਈ. ਐੱਨ. ਐੱਲ. ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼ ਵਿਚ ਸਥਿਤ ਹੈ ਅਤੇ 73 ਲੱਖ ਟਨ ਸਮਰੱਥਾ ਦਾ ਪਲਾਂਟ ਚਲਾਉਂਦੀ ਹੈ। ਇਸ ਨੂੰ ਭਾਰਤ ਦਾ ਪਹਿਲਾ ਤੱਟਵਰਤੀ ਏਕੀਕ੍ਰਿਤ ਸਟੀਲ ਪਲਾਂਟ ਹੋਣ ਦਾ ਮਾਣ ਪ੍ਰਾਪਤ ਹੈ।
ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀ. ਸੀ. ਈ. ਏ.) ਨੇ 27 ਜਨਵਰੀ ਨੂੰ ਆਰ. ਆਈ. ਐੱਨ. ਐੱਲ. ਵਿਚ ਸਰਕਾਰ ਦੀ ਸਮੁੱਚੀ ਹਿੱਸੇਦਾਰੀ ਦੇ ਵਿਨਿਵੇਸ਼ ਲਈ ਆਪਣੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਸੀ। ਆਰ. ਆਈ. ਐੱਨ. ਐੱਲ. ਨੂੰ ਵਿਸ਼ਾਖਾਪਟਨਮ ਸਟੀਲ ਪਲਾਂਟ ਜਾਂ ਵਿਜ਼ਾਗ ਸਟੀਲ ਵਜੋਂ ਵੀ ਜਾਣਿਆ ਜਾਂਦਾ ਹੈ। ਆਰ. ਆਈ. ਐੱਨ. ਐੱਲ. ਕੋਲ ਲਗਭਗ 22,000 ਏਕੜ ਜ਼ਮੀਨ ਹੈ ਅਤੇ ਇਸ ਦੀ ਪਹੁੰਚ ਗੰਗਵਰਮ ਬੰਦਰਗਾਹ ਤੱਕ ਹੈ, ਜਿੱਥੇ ਕੋਕਿੰਗ ਕੋਲੇ ਵਰਗਾ ਕੱਚਾ ਮਾਲ ਆਉਂਦਾ ਹੈ। ਆਰ. ਆਈ. ਐੱਨ. ਐੱਲ. ਭਾਰਤ ਦੇ ਪੂਰਬੀ ਤੱਟ 'ਤੇ ਸਥਿਤ ਹੈ, ਇਸ ਲਈ ਇਸ ਪ੍ਰਾਪਤੀ ਨਾਲ ਟਾਟਾ ਸਟੀਲ ਨੂੰ ਦੱਖਣੀ-ਪੂਰਬੀ ਏਸ਼ੀਆਈ ਬਾਜ਼ਾਰਾਂ ਵਿਚ ਵਧੇਰੇ ਪਹੁੰਚ ਮਿਲੇਗੀ। ਨਰੇਂਦਰਨ ਨੇ ਕਿਹਾ ਕਿ ਟਾਟਾ ਸਟੀਲ ਨੇ ਓਡੀਸ਼ਾ ਸਥਿਤ ਸਟੀਲ ਨਿਰਮਾਤਾ ਨੀਲਾਚਲ ਇਸਪਾਤ ਨਿਗਮ ਲਿਮਟਿਡ (ਐੱਨ. ਆਈ. ਐੱਨ. ਐੱਲ.) ਲਈ ਵੀ ਦਿਲਚਸਪੀ ਪੱਤਰ (ਈ. ਓ. ਆਈ.) ਸੌਂਪਿਆ ਹੈ।