2019 ’ਚ ਸਿਰਫ 1 ਟਾਟਾ ਨੈਨੋ ਵਿਕੀ, ਕੰਪਨੀ ਨੇ ਬੰਦ ਕੀਤਾ ਕਾਰ ਦਾ ਪ੍ਰੋਡਕਸ਼ਨ

01/07/2020 11:07:21 AM

ਨਵੀਂ ਦਿੱਲੀ– ਟਾਟਾ ਮੋਟਰਸ ਨੇ ਬੀਤੇ ਸਾਲ ਯਾਨੀ 2019 ’ਚ ਆਪਣੀ ਛੋਟੀ ਕਾਰ ਨੈਨੋ ਦੀ ਇਕ ਇਕਾਈ ਦਾ ਵੀ ਉਤਪਾਦਨ ਨਹੀਂ ਕੀਤਾ। ਸਾਲ ਦੌਰਾਨ ਸਿਰਫ ਫਰਵਰੀ ’ਚ ਕੰਪਨੀ ਨੈਨੋ ਦੀ ਇਕ ਇਕਾਈ ਦੀ ਵਿਕਰੀ ਕਰ ਸਕੀ। ਰਤਨ ਟਾਟਾ ਦਾ ਸੁਪਨਾ ਕਹੀ ਜਾਣ ਵਾਲੀ ਨੈਨੋ ਨੂੰ ਕੰਪਨੀ ਨੇ ਅਜੇ ਰਸਮੀ ਰੂਪ ’ਚ ਬਾਜ਼ਾਰ ਤੋਂ ਨਹੀਂ ਹਟਾਇਆ ਹੈ।

ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕੰਪਨੀ ਨੇ ਕਿਹਾ ਕਿ ਦਸੰਬਰ 2019 ’ਚ ਟਾਟਾ ਮੋਟਰਸ ਨੇ ਨੈਨੋ ਦੀ ਇਕ ਵੀ ਇਕਾਈ ਦਾ ਉਤਪਾਦਨ ਨਹੀਂ ਕੀਤਾ। ਨਾਲ ਹੀ ਇਕ ਵੀ ਨੈਨੋ ਵੇਚੀ ਨਹੀਂ ਗਈ। ਦਸੰਬਰ, 2018 ’ਚ ਕੰਪਨੀ ਨੇ ਨੈਨੋ ਦੀਆਂ 82 ਇਕਾਈਆਂ ਦਾ ਉਤਪਾਦਨ ਕੀਤਾ ਸੀ ਅਤੇ 88 ਇਕਾਈਆਂ ਨੂੰ ਵੇਚਿਆ ਸੀ। ਇਸੇ ਤਰ੍ਹਾਂ ਨਵੰਬਰ ’ਚ ਵੀ ਕੰਪਨੀ ਨੇ ਨੈਨੋ ਦੀ ਇਕ ਵੀ ਇਕਾਈ ਦਾ ਉਤਪਾਦਨ ਅਤੇ ਵਿਕਰੀ ਨਹੀਂ ਕੀਤੀ।

ਟਾਟਾ ਮੋਟਰਸ ਲਗਾਤਾਰ ਕਹਿੰਦੀ ਰਹੀ ਹੈ ਕਿ ਨੈਨੋ ਦੇ ਭਵਿੱਖ ਬਾਰੇ ਅਜੇ ਅੰਤਿਮ ਫੈਸਲਾ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਕੰਪਨੀ ਨੇ ਮੰਨਿਆ ਹੈ ਕਿ ਮੌਜੂਦਾ ਰੂਪ ’ਚ ਨੈਨੋ ਨਵੇਂ ਸੁਰੱਖਿਆ ਨਿਯਮਾਂ ਅਤੇ ਬੀ. ਐੱਸ-6 ਨਿਕਾਸੀ ਮਿਆਰਾਂ ’ਤੇ ਖਰੀ ਨਹੀਂ ਉਤਰੇਗੀ। ਟਾਟਾ ਮੋਟਰਸ ਨੇ ਨੈਨੋ ਨੂੰ ਜਨਵਰੀ 2008 ’ਚ ਆਟੋ ਐਕਸਪੋ ਦੌਰਾਨ ਉਤਾਰਿਆ ਸੀ। ਉਸ ਸਮੇਂ ਟਾਟਾ ਸਮੂਹ ਦੇ ਪ੍ਰਮੁੱਖ ਰਤਨ ਟਾਟਾ ਨੇ ਇਸ ਨੂੰ ‘ਲੋਕਾਂ ਦੀ ਕਾਰ’ ਕਿਹਾ ਸੀ। ਹਾਲਾਂਕਿ ਇਹ ਕਾਰ ਉਮੀਦਾਂ ’ਤੇ ਖਰੀ ਨਹੀਂ ਉਤਰੀ ਅਤੇ ਇਸ ਦੀ ਵਿਕਰੀ ’ਚ ਲਗਾਤਾਰ ਗਿਰਾਵਟ ਆਉਂਦੀ ਰਹੀ।


Related News