ਟਾਟਾ ਮੋਟਰਜ਼ ਯਾਤਰੀ ਵਾਹਨਾਂ ਲਈ ਖੋਲ੍ਹੇਗੀ 100 ਨਵੇਂ ਸ਼ੋਅਰੂਮ
Tuesday, Dec 10, 2019 - 02:55 PM (IST)
 
            
            ਨਵੀਂ ਦਿੱਲੀ — ਟਾਟਾ ਮੋਟਰਜ਼ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਆਪਣੇ ਯਾਤਰੀ ਵਾਹਨਾਂ ਦੀ ਵਿਕਰੀ ਲਈ 100 ਨਵੇਂ ਆਉਟਲੈਟ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕੰਪਨੀ ਦੀ ਮੌਜੂਦਗੀ ਨੂੰ ਮਜ਼ਬੂਤ ਕਰਨਾ ਹੈ। ਕੰਪਨੀ ਦੇ ਦੇਸ਼ ਭਰ ਵਿਚ ਲਗਭਗ 860 ਸ਼ੋਅਰੂਮ ਹਨ। ਕੰਪਨੀ ਨੇ ਇਸ ਵਿੱਤੀ ਸਾਲ ਵਿਚ ਹੁਣ ਤਕ ਆਪਣੇ ਨੈੱਟਵਰਕ ਵਿਚ ਲਗਭਗ 100 ਵਿਕਰੀ ਕੇਂਦਰ ਸ਼ਾਮਲ ਕੀਤੇ ਹਨ। ਟਾਟਾ ਮੋਟਰਜ਼ ਦੇ ਪ੍ਰਧਾਨ (ਯਾਤਰੀ ਵਾਹਨ ਕਾਰੋਬਾਰ ਇਕਾਈ) ਮਯੰਕ ਪਾਰੀਕ ਨੇ ਕਿਹਾ, 'ਅਸੀਂ ਆਪਣੇ ਨੈੱਟਵਰਕ ਦਾ ਵਿਸਥਾਰ ਕਰ ਰਹੇ ਹਾਂ। ਦਰਅਸਲ ਅਸੀਂ ਨਵੀਆਂ ਥਾਵਾਂ 'ਤੇ ਕਦਮ ਰੱਖ ਰਹੇ ਹਾਂ। ਇਸਦਾ ਉਦੇਸ਼ ਡੀਲਰਾਂ ਦੀ ਵਿਕਰੀ ਵਧਾਉਣਾ ਹੈ। ਡੀਲਰ ਸਾਡੇ ਉਤਪਾਦ ਦੀ ਹੱਦ ਤੋਂ ਬਹੁਤ ਉਤਸ਼ਾਹਿਤ ਹਨ ਅਤੇ ਨਵੇਂ ਆਉਟਲੈਟ ਖੋਲ੍ਹ ਕੇ ਆਪਣੇ ਖੇਤਰਾਂ ਦਾ ਵਿਸਥਾਰ ਕਰਨ ਲਈ ਤਿਆਰ ਹਨ।'
ਪਾਰਿਕ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਵਿਚ 200 ਨਵੇਂ ਸ਼ੋਅਰੂਮ ਖੋਲ੍ਹਣ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ, 'ਇਨ੍ਹਾਂ ਵਿੱਚੋਂ 100 ਨਵੇਂ ਸ਼ੋਅਰੂਮ ਇਸ ਵਿੱਤੀ ਵਰ੍ਹੇ ਦੌਰਾਨ ਪਹਿਲਾਂ ਹੀ ਖੋਲ੍ਹੇ ਜਾ ਚੁੱਕੇ ਹਨ ਜਦੋਂ ਕਿ ਬਾਕੀ 100 ਨਵੇਂ ਸ਼ੋਅਰੂਮ ਆਉਣ ਵਾਲੇ ਮਹੀਨਿਆਂ ਵਿਚ ਖੋਲ੍ਹਣ ਦੀ ਯੋਜਨਾ ਬਣਾਈ ਗਈ ਹੈ। ਇਸ ਤਰ੍ਹਾਂ ਸਾਲ ਦੇ ਅੰਤ ਤਕ ਸ਼ੋਅਰੂਮ ਦੀ ਕੁੱਲ ਸੰਖਿਆ ਵਧ ਕੇ 960 ਹੋ ਜਾਵੇਗੀ।' ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੰਪਨੀ ਕਮਜ਼ੋਰ ਪ੍ਰਦਰਸ਼ਨ ਕਰਨ ਵਾਲੇ ਕਈ ਸ਼ੋਅਰੂਮਾਂ ਨੂੰ ਬੰਦ ਕਰ ਰਹੀ ਹੈ। ਪਾਰਿਖ ਨੇ ਕਿਹਾ, 'ਇਹ ਅਜਿਹੇ ਲੋਕ ਹਨ ਜਿਹੜੇ ਬਿਹਤਰ ਪ੍ਰਦਰਸ਼ਨ ਕਰਨ 'ਚ ਦਿਲਚਸਪੀ ਨਹੀਂ ਦਿਖਾ ਰਹੇ ਅਤੇ ਬਜ਼ਾਰ ਦੀਆਂ ਮੁਸ਼ਕਲ ਸਥਿਤੀਆਂ ਦਾ ਮੁਕਾਬਲਾ ਕਰਨ 'ਚ ਅਸਮਰੱਥ ਹਨ।' ਇਕ ਸਵਾਲ 'ਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿੰਨੇ ਡੀਲਰਸ਼ਿਪਾਂ ਨੂੰ ਬੰਦ ਕਰਨ ਦੀ ਯੋਜਨਾ ਹੈ, ਤਾਂ ਪਰੀਖ ਨੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।  ਕੰਪਨੀ ਕੁੱਲ ਯਾਤਰੀ ਵਾਹਨ ਮਾਰਕੀਟ ਦੇ ਲਗਭਗ 60 ਪ੍ਰਤੀਸ਼ਤ ਵਿੱਚ ਆਪਣੀ ਮੌਜੂਦਗੀ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ।
ਜੇਐਲਆਰ ਦੀ ਵਿਕਰੀ ਘੱਟ
ਟਾਟਾ ਮੋਟਰਜ਼ ਦੀ ਮਾਲਕੀਅਤ ਵਾਲੀ ਲਗਜ਼ਰੀ ਕਾਰ ਕੰਪਨੀ ਜੈਗੁਆਰ ਲੈਂਡ ਰੋਵਰ (ਜੇਐਲਆਰ) ਦੀ ਪ੍ਰਚੂਨ ਵਿਕਰੀ ਨਵੰਬਰ ਵਿਚ 3.4 ਪ੍ਰਤੀਸ਼ਤ ਘਟ ਕੇ 46,542 ਵਾਹਨ ਰਹਿ ਗਈ। ਟਾਟਾ ਮੋਟਰਜ਼ ਨੇ ਬੰਬੇ ਸਟਾਕ ਐਕਸਚੇਂਜ ਨੂੰ ਭੇਜੇ ਨੋਟਿਸ ਵਿਚ ਇਹ ਜਾਣਕਾਰੀ ਦਿੱਤੀ ਹੈ। ਸਮੀਖਿਆ ਅਧੀਨ ਮਹੀਨੇ ਵਿਚ ਜੈਗੁਆਰ ਬ੍ਰਾਂਡ ਦੀ ਵਿਕਰੀ 23.1 ਪ੍ਰਤੀਸ਼ਤ ਘਟ ਕੇ 11,464 ਵਾਹਨਾਂ 'ਤੇ ਆ ਗਈ ਜਦੋਂਕਿ ਲੈਂਡ ਰੋਵਰ ਬ੍ਰਾਂਡ ਦੀ ਵਿਕਰੀ 5.5 ਪ੍ਰਤੀਸ਼ਤ ਦੇ ਵਾਧੇ ਨਾਲ 35,078 ਵਾਹਨ ਰਹੀ। ਜੇਐਲਆਰ ਦੇ ਚੀਫ ਕਮਰਸ਼ੀਅਲ ਅਫਸਰ ਫੇਲਿਕਸ ਬ੍ਰਟੀਗੈਮ ਨੇ ਕਿਹਾ ਕਿ ਗਲੋਬਲ ਵਾਹਨ ਬਾਜ਼ਾਰ ਵਿਚ ਮੰਦੀ ਦੇ ਬਾਵਜੂਦ ਅਮਰੀਕਾ ਅਤੇ ਚੀਨ ਦੇ ਬਾਜ਼ਾਰਾਂ ਵਿਚ ਸਾਡੀ ਵਿਕਰੀ ਵਧੀ ਹੈ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            