ਮਹਿੰਗੀਆਂ ਹੋਣਗੀਆਂ ਟਾਟਾ ਦੀਆਂ ਕਾਰਾਂ, ਇੰਨੇ ਵਧਣਗੇ ਰੇਟ

07/18/2018 4:33:17 PM

ਨਵੀਂ ਦਿੱਲੀ— ਟਾਟਾ ਮੋਟਰਜ਼ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ 2.2 ਫੀਸਦੀ ਤਕ ਵਧਾਉਣ ਜਾ ਰਹੀ ਹੈ। ਬੁੱਧਵਾਰ ਨੂੰ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਨਿਰਮਾਣ ਲਾਗਤ ਵਧਣ ਕਾਰਨ ਇਹ ਫੈਸਲਾ ਲੈਣਾ ਪਿਆ। ਸਾਰੇ ਯਾਤਰੀ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਅਗਸਤ 'ਚ ਹੋਵੇਗਾ। ਇਸ ਤੋਂ ਪਹਿਲਾਂ ਅਪ੍ਰੈਲ 'ਚ ਟਾਟਾ ਮੋਟਰਜ਼ ਨੇ ਕੀਮਤਾਂ 'ਚ 3 ਫੀਸਦੀ ਤਕ ਦਾ ਵਾਧਾ ਕੀਤਾ ਸੀ। ਹਾਲਾਂਕਿ ਕੰਪਨੀ ਨੇ ਉਮੀਦ ਜਤਾਈ ਹੈ ਕਿ ਕੀਮਤਾਂ ਵਧਣ ਦੇ ਬਾਵਜੂਦ ਉਸ ਦੀ ਵਿਕਰੀ ਪ੍ਰਭਾਵਿਤ ਨਹੀਂ ਹੋਵੇਗੀ।
ਟਾਟਾ ਮੋਟਰਜ਼ 'ਚ ਯਾਤਰੀ ਵਾਹਨ ਬਿਜ਼ਨੈੱਸ ਯੂਨਿਟ ਦੇ ਮੁਖੀ ਮਯੰਕ ਪਾਰਿਖ ਨੇ ਕਿਹਾ ਕਿ ਅਸੀਂ ਲਗਾਤਾਰ ਖਰਚੇ ਘਟਾਉਣ 'ਤੇ ਕੰਮ ਕਰ ਰਹੇ ਹਾਂ ਪਰ ਇਨਪੁਟ ਲਾਗਤ ਦੀ ਸਮੱਸਿਆ ਕਾਫੀ ਵਧ ਗਈ ਹੈ ਅਤੇ ਇਸ ਕਾਰਨ ਅਸੀਂ ਅਗਸਤ ਤੋਂ ਯਾਤਰੀ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ ਅਪ੍ਰੈਲ 'ਚ ਕੀਮਤਾਂ ਵਧਾਈਆਂ ਸਨ ਪਰ ਜ਼ਿਆਦਾਤਰ ਕੋਮੋਡਿਟੀ ਦੇ ਮੁੱਲ ਵਧਣ ਕਾਰਨ ਇਨਪੁਟ ਕਾਸਟ ਲਗਾਤਾਰ ਵਧਦੀ ਜਾ ਰਹੀ ਹੈ। ਮਯੰਕ ਪਾਰਿਖ ਨੇ ਕਿਹਾ ਕਿ ਕੀਮਤਾਂ 'ਚ 2 ਤੋਂ 2.2 ਫੀਸਦੀ ਤਕ ਦਾ ਵਾਧਾ ਕੀਤਾ ਜਾਵੇਗਾ। ਕੀਮਤਾਂ 'ਚ ਇਹ ਵਾਧਾ ਮਾਡਲ ਦੇ ਹਿਸਾਬ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਟਾਟਾ ਮੋਟਰਜ਼ 2.36 ਲੱਖ ਰੁਪਏ ਦੀ ਛੋਟੀ ਕਾਰ ਨੈਨੋ ਤੋਂ ਲੈ ਕੇ 17.89 ਲੱਖ ਰੁਪਏ ਤਕ ਦੀ ਐੱਸ. ਯੂ. ਵੀ. ਹੈਕਸਾ ਤਕ ਦੇ ਵਾਹਨ ਵੇਚਦੀ ਹੈ।


Related News