ਟਾਟਾ ਮੋਟਰਜ਼ ਨੇ ਵਧਾਏ ਯਾਤਰੀ ਵਾਹਨਾਂ ਦੇ ਰੇਟ, ਨਵੀਆਂ ਕੀਮਤਾਂ ਸੋਮਵਾਰ ਤੋਂ ਹੋਣਗੀਆਂ ਲਾਗੂ
Saturday, Nov 05, 2022 - 02:29 PM (IST)

ਬਿਜਨੈੱਸ ਡੈਸਕ- ਕਾਰ ਬਣਾਉਣ ਵਾਲੀ ਦਿੱਗਜ਼ ਕੰਪਨੀ ਟਾਟਾ ਮੋਟਰਜ਼ ਨੇ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਸੋਮਵਾਰ ਭਾਵ 7 ਨਵੰਬਰ ਤੋਂ ਲਾਗੂ ਹੋਣ ਵਾਲੀਆਂ ਹਨ। ਕੰਪਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਕੀਮਤਾਂ 'ਚ ਵਾਧਾ ਵੇਰੀਐਂਟ ਅਤੇ ਮਾਡਲ ਦੇ ਆਧਾਰ 'ਤੇ ਕੀਤਾ ਜਾਵੇਗਾ ਅਤੇ ਔਸਤ ਵਾਧਾ 0.9 ਫੀਸਦੀ ਹੋਵੇਗਾ।
ਕਿਉਂ ਕੀਤਾ ਗਿਆ ਕੀਮਤਾਂ 'ਚ ਵਾਧਾ
ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਵਧੀ ਹੋਈ ਲਾਗਤ ਦੇ ਇਕ ਵੱਡੇ ਹਿੱਸੇ ਨੂੰ ਉਸ 'ਚ ਐਡਜਸਟ ਕੀਤਾ ਹੈ ਪਰ ਓਵਰਆਲ ਇਨਪੁਟ ਕਾਸਟ 'ਚ ਤੇਜ਼ ਵਾਧੇ ਦੇ ਚੱਲਦੇ ਕੰਪਨੀ ਨੂੰ ਕੀਮਤ ਵਧਾਉਣੀ ਪਈ ਹੈ। ਜੁਲਾਈ 'ਚ ਕੰਪਨੀ ਨੇ ਆਪਣੀ ਪੀਵੀ ਰੇਂਜ 'ਤੇ 0.55% ਦੇ ਮਾਮੂਲੀ ਵਾਧੇ ਦਾ ਐਲਾਨ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਟਾਟਾ ਮੋਟਰਸ ਦੇਸ਼ ਭਰ ਵਿੱਚ ਟਿਆਗੋ, ਪੰਚ, ਨੇਕਸਨ, ਹੈਰੀਅਰ ਅਤੇ ਸਫਾਰੀ ਵਰਗੇ ਯਾਤਰੀ ਵਾਹਨ ਵੇਚਦੀ ਹੈ।
ਟਾਟਾ ਮੋਟਰਜ਼ ਨੇ ਪਿਛਲੇ ਮਹੀਨੇ ਵੇਚੇ 78,335 ਵਾਹਨ
ਟਾਟਾ ਮੋਟਰਸ ਦੀ ਕੁੱਲ ਵਿਕਰੀ ਅਕਤੂਬਰ 'ਚ 15.5 ਫੀਸਦੀ ਵਧ ਕੇ 78,335 ਯੂਨਿਟ ਹੋ ਗਈ। ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ 'ਚ ਕੁੱਲ 67,829 ਵਾਹਨ ਵੇਚੇ ਸਨ। ਟਾਟਾ ਮੋਟਰਜ਼ ਦੀ ਕੁੱਲ ਘਰੇਲੂ ਵਿਕਰੀ 17 ਫੀਸਦੀ ਵਧ ਕੇ 76,537 ਇਕਾਈ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 65,151 ਇਕਾਈ ਸੀ। ਇਸ ਦੌਰਾਨ ਘਰੇਲੂ ਬਾਜ਼ਾਰ 'ਚ ਇਲੈਕਟ੍ਰਿਕ ਵਾਹਨਾਂ (ਈ.ਵੀ.) ਸਮੇਤ ਯਾਤਰੀ ਵਾਹਨ (ਪੀ.ਵੀ.) ਦੀ ਵਿਕਰੀ 33 ਫੀਸਦੀ ਵਧ ਕੇ 45,423 ਇਕਾਈ ਹੋ ਗਈ। ਅਕਤੂਬਰ 2021 'ਚ ਇਹ 34,155 ਇਕਾਈ ਰਹੀ ਸੀ। ਕੰਪਨੀ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਰੋਬਾਰ ਸਮੇਤ ਈ.ਵੀ. ਦੀ ਵਿਕਰੀ 4,277 ਇਕਾਈ ਰਹੀ। ਪਿਛਲੇ ਸਾਲ ਅਕਤੂਬਰ ਮਹੀਨੇ 'ਚ ਇਹ 1,660 ਇਕਾਈ ਸੀ। ਉਧਰ ਘਰੇਲੂ ਬਾਜ਼ਾਰ 'ਚ ਵਪਾਰਕ ਵਾਹਨਾਂ ਦੀ ਵਿਕਰੀ ਮਾਮੂਲੀ ਵਾਧੇ ਦੇ ਨਾਲ 31,320 ਇਕਾਈ ਰਹੀ ਜਦਕਿ ਨਿਰਯਾਤ 35 ਫੀਸਦੀ ਘੱਟ ਕੇ 1,592 ਇਕਾਈ 'ਤੇ ਆ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ ਨਿਰਯਾਤ 2,448 ਯੂਨਿਟ ਸੀ। ਇਸ ਸਾਲ ਪਹਿਲੇ ਸਮਾਨ ਮਹੀਨੇ 'ਚ ਨਿਰਯਾਤ 2,448 ਇਕਾਈ ਰਿਹਾ ਸੀ।