ਏਅਰ ਇੰਡੀਆ ਨੂੰ ਖਰੀਦ ਸਕਦਾ ਹੈ ਟਾਟਾ ਗਰੁੱਪ : ਰਿਪੋਰਟ
Wednesday, Jun 21, 2017 - 10:36 PM (IST)
ਨਵੀਂ ਦਿੱਲੀ — ਟਾਟਾ ਗਰੁੱਪ ਸਿੰਗਾਪੁਰ ਏਅਰਲਾਇਨ ਨਾਲ ਪਾਰਟਨਰਸ਼ਿਪ 'ਚ ਦੇਸ਼ ਦੀ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੂੰ ਖਰੀਦਣ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਬੁੱਧਵਾਰ ਨੂੰ ਕੁਝ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਮਿਲੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਟਾਟਾ ਇਸ ਦਿਸ਼ਾ 'ਚ ਅੱਗੇ ਵਧਦਾ ਹੈ ਅਤੇ ਡੀਲ ਹੋ ਜਾਂਦੀ ਹੈ ਤਾਂ ਇਹ ਏਅਰ ਇੰਡੀਆ ਲਈ ਲਈ ਘਰ ਵਾਪਸੀ ਵਰਗੀ ਗੱਲ ਹੋਵੇਗੀ ਕਿਉਂਕਿ ਇਹ ਕੰਪਨੀ ਸਾਲ 1953' 'ਚ ਰਾਸ਼ਟਰੀਕਰਣ ਹੋਣ ਤੋਂ ਪਹਿਲਾਂ ਟਾਟਾ ਦੇ ਹੀ ਅਧੀਨ ਸੀ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਟਾਟਾ ਗਰੁੱਪ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਇਸ ਸੰਬੰਧੀ ਸਰਕਾਰ ਨਾਲ ਰਸਸੀ ਗੱਲਬਾਤ 'ਚ ਏਅਰ ਇੰਡੀਆ 'ਚ 51 ਫੀਸਦੀ ਹਿੱਸੇਦਾਰੀ ਦੀ ਇੱਛਾ ਪ੍ਰਗਟ ਕੀਤੀ ਹੈ। ਸਰਕਾਰ ਇਕ ਦਹਾਕੇ ਤੋਂ ਘਾਟੇ 'ਚ ਚੱਲ ਰਹੀ ਆਪਣੀ ਹਵਾਈ ਕੰਪਨੀ ਨੂੰ ਪ੍ਰਾਈਵੇਟ ਹੱਥਾਂ 'ਚ ਸੌਂਪਣ ਦੀ ਇਛੁੱਕ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਹਾਲ ਹੀ 'ਚ ਕਿਹਾ ਸੀ ਕਿ ਐਵੀਏਸ਼ਨ ਮਨਿਸਟਰੀ ਉਹ ਸਾਰੀਆਂ ਸੰਭਾਵਨਾਵਾਂ ਤਲਾਸ਼ੇਗੀ ਕਿ ਏਅਰ ਇੰਡੀਆ ਦਾ ਨਿੱਜੀਕਰਣ ਕਿਵੇਂ ਕੀਤਾ ਜਾਵੇ। ਏਅਰ ਇੰਡੀਆ 'ਤੇ ਅਜੇ 52,000 ਕਰੋੜ ਰੁਪਏ ਦਾ ਮੋਟਾ-ਤਾਜ਼ਾ ਕਰਜ਼ਾ ਹੈ।
ਸਰਕਾਰ ਇਸ ਦੇ ਲਈ 30,000 ਕਰੋੜ ਰੁਪਏ ਦਾ ਬੇਲਆਊਟ ਪੈਕੇਜ ਮਨਜ਼ੂਰ ਕਰ ਚੁੱਕੀ ਹੈ। ਜਿਸ 'ਚੋਂ 24,000 ਕਰੋੜ ਦੀ ਰਕਮ ਦਿੱਤੀ ਵੀ ਜਾ ਚੁੱਕੀ ਹੈ। ਸਾਲ 2013 'ਚ ਟਾਟਾ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਨੇ ਕਿਹਾ ਸੀ ਕਿ ਜਦ ਵੀ ਏਅਰ ਇੰਡੀਆ ਦਾ ਨਿੱਜੀਕਰਣ ਹੋਵੇਗਾ ਤਾਂ ਉਹ ਇਸ 'ਤੇ ਵਿਚਾਰ ਕਰਨਗੇ। ਟਾਟਾ ਗਰੁੱਪ ਪਹਿਲਾਂ ਤੋਂ ਹੀ ਦੇਸ਼ 'ਚ ਐਵੀਏਸ਼ਨ ਸੈਕਟਰ 'ਚ ਮੌਜੂਦ ਹੈ। ਗਰੁੱਪ ਨੇ ਮਲੇਸ਼ੀਆਈ ਕੰਪਨੀ ਏਅਰ ਏਸ਼ੀਆ ਨਾਲ ਮਿਲ ਕੇ ਏਅਰ ਏਸ਼ੀਆ ਇੰਡੀਆ ਅਤੇ ਸਿੰਗਾਪੁਰ ਏਅਰਲਾਇਨਸ ਨਾਲ ਸਾਂਝੇ ਤੌਰ 'ਤੇ ਵਿਸਤਾਰਾ 'ਚ ਨਿਵੇਸ਼ ਕੀਤਾ ਹੈ।
