ਤਿਉਹਾਰਾਂ ਤੋਂ ਪਹਿਲਾਂ ਮਹਿੰਗੀ ਹੋਈ ਮਿਠਾਸ, ਦੁੱਧ-ਘਿਓ ਦੀਆਂ ਕੀਮਤਾਂ ਵਧਣ ਕਾਰਨ ਹਲਵਾਈ ਪ੍ਰੇਸ਼ਾਨ

Wednesday, Aug 12, 2026 - 04:44 AM (IST)

ਤਿਉਹਾਰਾਂ ਤੋਂ ਪਹਿਲਾਂ ਮਹਿੰਗੀ ਹੋਈ ਮਿਠਾਸ, ਦੁੱਧ-ਘਿਓ ਦੀਆਂ ਕੀਮਤਾਂ ਵਧਣ ਕਾਰਨ ਹਲਵਾਈ ਪ੍ਰੇਸ਼ਾਨ

ਨਵੀਂ ਦਿੱਲੀ - ਦੇਸ਼ ਵਿਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਠਿਆਈ ਕਾਰੋਬਾਰੀਆਂ ਦੇ ਸਾਹਮਣੇ ਲਾਗਤ ਵਧਣ ਦੀ ਚੁਣੌਤੀ ਖੜ੍ਹੀ ਹੋ ਗਈ ਹੈ। ਦੁੱਧ, ਘਿਓ, ਮੱਖਣ, ਖੰਡ, ਡਰਾਈ ਫਰੂਟਸ ਅਤੇ ਪੈਕੇਜਿੰਗ ਸਮੱਗਰੀ ਮਹਿੰਗੀ ਹੋਣ ਕਾਰਨ ਮਠਿਆਈ ਬਣਾਉਣ ਦੀ ਲਾਗਤ ਵਧ ਗਈ ਹੈ। ਅਜਿਹੇ ਵਿਚ ਦੇਸ਼ ਭਰ ਦੇ ਮਠਿਆਈ ਕਾਰੋਬਾਰੀ ਇਸ ਉਲਝਣ ਵਿਚ ਹਨ ਕਿ ਵਧੀ ਹੋਈ ਲਾਗਤ ਦਾ ਬੋਝ ਗਾਹਕਾਂ ’ਤੇ ਪਾਇਆ ਜਾਵੇ ਜਾਂ ਫਿਰ ਤਿਉਹਾਰੀ ਸੀਜ਼ਨ ਵਿਚ ਜ਼ਿਆਦਾ ਵਿਕਰੀ ਦੀ ਉਮੀਦ ਦੇ ਸਹਾਰੇ ਇਸ ਨੂੰ ਖੁਦ ਹੀ ਝੱਲਿਆ ਜਾਵੇ।

ਤਿਉਹਾਰਾਂ ਦੌਰਾਨ ਹੀ ਹੁੰਦੀ ਹੈ ਜ਼ਿਆਦਾ ਵਿਕਰੀ
ਮਠਿਆਈ ਕਾਰੋਬਾਰ ਲਈ ਤਿਉਹਾਰੀ ਸੀਜ਼ਨ ਬੇਹੱਦ ਅਹਿਮ ਹੁੰਦਾ ਹੈ। ਉਦਯੋਗ ਦੇ ਅਨੁਮਾਨ ਮੁਤਾਬਕ, ਸੰਗਠਿਤ ਮਠਿਆਈ ਕਾਰੋਬਾਰ ਦੀ ਸਾਲਾਨਾ ਵਿਕਰੀ ਵਿਚ ਲੱਗਭਗ 35 ਫੀਸਦੀ ਹਿੱਸਾ ਤਿਉਹਾਰਾਂ ਦੌਰਾਨ ਆਉਂਦਾ ਹੈ। ਇਹੀ ਵਜ੍ਹਾ ਹੈ ਕਿ ਕਾਰੋਬਾਰੀ ਕੀਮਤ ਵਧਾ ਕੇ ਗਾਹਕਾਂ ਨੂੰ ਨਾਰਾਜ਼ ਕਰਨ ਦੀ ਬਜਾਏ ਵਿਕਰੀ ਦੀ ਮਾਤਰਾ ਵਧਾ ਕੇ ਮਾਰਜਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਕੁਝ ਕਾਰੋਬਾਰੀ ਵਧਾਉਣਗੇ ਮਠਿਆਈ ਦੇ ਰੇਟ
ਵਡੋਦਰਾ ਸਥਿਤ ਜਗਦੀਸ਼ ਫਰਸਾਣ ਇਸ ਦੀਵਾਲੀ ਮਠਿਆਈ ਦੀਆਂ ਕੀਮਤਾਂ ਵਿਚ ਲੱਗਭਗ 10 ਫੀਸਦੀ ਤੱਕ ਵਾਧਾ ਕਰਨ ਦੀ ਤਿਆਰੀ ਵਿਚ ਹੈ। ਖਾਸ ਤੌਰ ’ਤੇ ਘਿਓ ਅਤੇ ਡਰਾਈ ਫਰੂਟਸ ਨਾਲ ਬਣਨ ਵਾਲੀਆਂ ਮਠਿਆਈਆਂ ਦੀ ਕੀਮਤ ਵਧ ਸਕਦੀ ਹੈ। ਕਾਰੋਬਾਰੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਉਤਪਾਦਾਂ ਵਿਚ ਵਰਤੀ ਜਾਣ ਵਾਲੀ ਮਹਿੰਗੀ ਸਮੱਗਰੀ ਦੀ ਲਾਗਤ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨਾ ਸੰਭਵ ਨਹੀਂ ਹੈ।

ਪੁਰਾਣੇ ਬ੍ਰਾਂਡਾਂ ਨੇ ਲਾਗਤ ਦਾ ਵੱਡਾ ਹਿੱਸਾ ਖੁਦ ਝੱਲਿਆ
ਉੱਥੇ ਹੀ 88 ਸਾਲ ਪੁਰਾਣੇ ਮੈਸੂਰ ਪਾਕ ਅਤੇ ਕਾਜੂ ਕਤਲੀ ਵਰਗੇ ਪ੍ਰਸਿੱਧ ਉਤਪਾਦ ਬਣਾਉਣ ਵਾਲੇ ਕਾਰੋਬਾਰੀਆਂ ਦੀ ਰਣਨੀਤੀ ਵੱਖਰੀ ਹੈ। ਖਰੀਦ ਲਾਗਤ ਵਿਚ ਵਾਧੇ ਦੇ ਬਾਵਜੂਦ ਉਹ ਕੀਮਤਾਂ ਵਿਚ ਸੀਮਤ ਵਾਧਾ ਕਰ ਕੇ ਗਾਹਕ ’ਤੇ ਘੱਟ ਤੋਂ ਘੱਟ ਬੋਝ ਪਾਉਣਾ ਚਾਹੁੰਦੇ ਹਨ। ਮਠਿਆਈ ਕਾਰੋਬਾਰੀਆਂ ਮੁਤਾਬਕ, ਪਿਛਲੇ ਤਿਉਹਾਰੀ ਸੀਜ਼ਨ ਦੇ ਮੁਕਾਬਲੇ ਮੱਖਣ ਅਤੇ ਘਿਓ ਦੀ ਖਰੀਦ ਲਾਗਤ ਲੱਗਭਗ 10-15 ਫੀਸਦੀ ਵਧ ਚੁੱਕੀ ਹੈ। ਇਸ ਤੋਂ ਇਲਾਵਾ ਦੁੱਧ, ਖੰਡ, ਡਰਾਈ ਫਰੂਟਸ ਅਤੇ ਪੈਕੇਜਿੰਗ ਦੀ ਲਾਗਤ ਵਿਚ ਵੀ ਇਜ਼ਾਫਾ ਹੋਇਆ ਹੈ।

ਗਾਹਕਾਂ ’ਤੇ ਕਿੰਨਾ ਪਵੇਗਾ ਅਸਰ?
ਫਿਲਹਾਲ ਮਠਿਆਈ ਕਾਰੋਬਾਰੀਆਂ ਦੀ ਰਣਨੀਤੀ ਸਾਫ਼ ਤੌਰ ’ਤੇ ਦੋ ਹਿੱਸਿਆਂ ਵਿਚ ਵੰਡੀ ਨਜ਼ਰ ਆ ਰਹੀ ਹੈ। ਕੁਝ ਕਾਰੋਬਾਰੀ ਵਧੀ ਹੋਈ ਲਾਗਤ ਨੂੰ ਕੀਮਤਾਂ ਵਿਚ ਸ਼ਾਮਲ ਕਰਨ ਦੀ ਤਿਆਰੀ ਕਰ ਰਹੇ ਹਨ, ਜਦਕਿ ਵੱਡੇ ਅਤੇ ਸਥਾਪਿਤ ਬ੍ਰਾਂਡ ਵਿਕਰੀ ਦੀ ਮਾਤਰਾ ਵਧਾ ਕੇ ਲਾਗਤ ਦੀ ਭਰਪਾਈ ਕਰਨ ਦੀ ਕੋਸ਼ਿਸ਼ ਵਿਚ ਹਨ। ਅਜਿਹੇ ਵਿਚ ਇਸ ਤਿਉਹਾਰੀ ਸੀਜ਼ਨ ਵਿਚ ਮਠਿਆਈ ਦੀ ਥਾਲੀ ਭਾਵੇਂ ਪਹਿਲਾਂ ਵਰਗੀ ਦਿਸੇ ਪਰ ਉਸ ਦੀ ਕੀਮਤ ਅਤੇ ਕਾਰੋਬਾਰੀਆਂ ਦੇ ਮੁਨਾਫ਼ੇ ਦਾ ਹਿਸਾਬ-ਕਿਤਾਬ ਜ਼ਰੂਰ ਬਦਲ ਸਕਦਾ ਹੈ।

ਕੀਮਤ ਸਿਰਫ਼ 1-2 ਫੀਸਦੀ ਵਧਾਉਣ ਦੀ ਤਿਆਰੀ
ਕੋਲਕਾਤਾ ਦੀ ਪ੍ਰੀਮੀਅਮ ਮਠਿਆਈ ਕੰਪਨੀ ਲਾਲ ਸਵੀਟਸ ਮੁਤਾਬਕ ਉਸ ਦੀ ਇਨਪੁਟ ਲਾਗਤ ਵਿਚ ਲੱਗਭਗ 25-30 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਦਾ ਮੁੱਖ ਕਾਰਨ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਹੈ। ਇਸ ਦੇ ਬਾਵਜੂਦ ਕੰਪਨੀ ਗਾਹਕਾਂ ’ਤੇ ਪੂਰਾ ਬੋਝ ਪਾਉਣ ਦੀ ਬਜਾਏ ਕੀਮਤਾਂ ਵਿਚ ਸਿਰਫ਼ 1-2 ਫੀਸਦੀ ਦਾ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਗਾਹਕ ’ਤੇ ਤੁਰੰਤ ਪੂਰੀ ਮਹਿੰਗਾਈ ਦਾ ਬੋਝ ਪਾਉਣਾ ਸਹੀ ਨਹੀਂ ਹੈ। ਤਿਉਹਾਰੀ ਸੀਜ਼ਨ ਵਿਚ ਵਿਕਰੀ ਦੀ ਮਾਤਰਾ ਵਧਣ ਦੀ ਉਮੀਦ ਨਾਲ ਕੰਪਨੀਆਂ ਲਾਗਤ ਦਾ ਕੁਝ ਬੋਝ ਖੁਦ ਝੱਲ ਸਕਦੀਆਂ ਹਨ।

ਵੱਖ-ਵੱਖ ਮਠਿਆਈਆਂ ’ਤੇ ਲਾਗਤ ਵਧਣ ਦਾ ਅਸਰ ਵੀ ਵੱਖੋ-ਵੱਖਰਾ ਹੋਵੇਗਾ
ਹਰ ਮਠਿਆਈ ਦੀ ਬਣਤਰ ਲਾਗਤ ਇਕੋ ਜਿਹੀ ਨਹੀਂ ਹੁੰਦੀ। ਉਦਾਹਰਣ ਵਜੋਂ ਸਾਦੀ ਬਰਫੀ ਵਿਚ ਦੁੱਧ ਤੋਂ ਬਣੇ ਉਤਪਾਦ ਕੁੱਲ ਭਾਰ ਦਾ ਲੱਗਭਗ 60 ਫੀਸਦੀ ਤੱਕ ਹੋ ਸਕਦੇ ਹਨ। ਉੱਥੇ ਹੀ ਗੁਲਾਬ ਜਾਮੁਨ ਵਰਗੀਆਂ ਮਠਿਆਈਆਂ ਵਿਚ ਤੇਲ ਅਤੇ ਖੰਡ ਲੱਗਭਗ 60-70 ਫੀਸਦੀ ਤੱਕ ਰਹਿੰਦੀ ਹੈ, ਜਦਕਿ ਬਾਕੀ ਹਿੱਸੇ ਵਿਚ ਦੁੱਧ ਦੇ ਠੋਸ ਪਦਾਰਥ ਸ਼ਾਮਲ ਹੁੰਦੇ ਹਨ। ਕਾਜੂ ਆਧਾਰਤ ਮਠਿਆਈਆਂ ਵਿਚ ਖੰਡ ਲੱਗਭਗ 40-50 ਫੀਸਦੀ , ਨਾਰੀਅਲ 5-10 ਫੀਸਦੀ ਅਤੇ ਮੱਖਣ ਲੱਗਭਗ 5 ਫੀਸਦੀ ਹੋ ਸਕਦਾ ਹੈ। ਬਾਕੀ ਹਿੱਸੇ ਵਿਚ ਕਾਜੂ ਦਾ ਪੇਸਟ ਹੁੰਦਾ ਹੈ। ਇਸ ਲਈ ਵੱਖ-ਵੱਖ ਮਠਿਆਈਆਂ ’ਤੇ ਲਾਗਤ ਵਧਣ ਦਾ ਅਸਰ ਵੀ ਵੱਖੋ-ਵੱਖ ਦਿਖਾਈ ਦੇਵੇਗਾ।

ਡਰਾਈ ਫਰੂਟਸ ਅਤੇ ਪੈਕੇਜਿੰਗ ਨੇ ਵੀ ਵਧਾਈ ਚਿੰਤਾ
ਮਠਿਆਈ ਕਾਰੋਬਾਰੀਆਂ ਦੀ ਪ੍ਰੇਸ਼ਾਨੀ ਸਿਰਫ਼ ਦੁੱਧ ਅਤੇ ਘਿਓ ਤੱਕ ਸੀਮਤ ਨਹੀਂ ਹੈ। ਡਰਾਈ ਫਰੂਟਸ ਅਤੇ ਪੈਕੇਜਿੰਗ ਸਮੱਗਰੀ ਦੇ ਰੇਟ ਵੀ ਵਧੇ ਹਨ। ਅਜਿਹੇ ਵਿਚ ਤਿਉਹਾਰੀ ਮੰਗ ਮਜ਼ਬੂਤ ਰਹਿਣ ਦੇ ਬਾਵਜੂਦ ਕਾਰੋਬਾਰੀਆਂ ਲਈ ਮੁਨਾਫ਼ੇ ਦਾ ਪੱਧਰ ਬਣਾਈ ਰੱਖਣਾ ਚੁਣੌਤੀ ਬਣ ਗਿਆ ਹੈ।


author

Inder Prajapati

Content Editor

Related News