ਸਰਕਾਰ ਦੀ ਭਰੀ ਤਿਜ਼ੌਰੀ! ਜੁਲਾਈ ’ਚ GST ਤੋਂ ਹੋਈ ਰਿਕਾਰਡ ਕਮਾਈ, ਇੰਨੇ ਕਰੋੜ ਰੁਪਏ ਪੁੱਜੀ ਟੈਕਸ ਕੁਲੈਕਸ਼ਨ
Sunday, Aug 02, 2026 - 03:01 PM (IST)
ਨਵੀਂ ਦਿੱਲੀ, (ਏਜੰਸੀ)-ਭਾਰਤ ਦੀ ਕੁਲ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਕੁਲੈਕਸ਼ਨ ’ਚ ਜੁਲਾਈ 2026 ਦੌਰਾਨ ਜ਼ੋਰਦਾਰ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰ ਵੱਲੋਂ ਸ਼ਨੀਵਾਰ ਨੂੰ ਜਾਰੀ ਮਹੀਨਾਵਾਰ ਜੀ. ਐੱਸ. ਟੀ. ਮਾਲੀਆ ਅੰਕੜਿਆਂ ਮੁਤਾਬਕ ਜੁਲਾਈ ’ਚ ਕੁਲ ਜੀ. ਐੱਸ. ਟੀ. ਕੁਲੈਕਸ਼ਨ ਸਾਲਾਨਾ ਆਧਾਰ ’ਤੇ 15.4 ਫੀਸਦੀ ਵਧ ਕੇ 2.11 ਲੱਖ ਕਰੋੜ ਰੁਪਏ ਹੋ ਗਈ। ਪਿਛਲੇ ਸਾਲ ਜੁਲਾਈ ’ਚ ਇਹ ਅੰਕੜਾ ਕਰੀਬ 1.82 ਲੱਖ ਕਰੋੜ ਰੁਪਏ ਸੀ।
ਜੀ. ਐੱਸ. ਟੀ. ਕੁਲੈਕਸ਼ਨ ’ਚ ਇਹ ਵਾਧਾ ਮੁੱਖ ਤੌਰ ’ਤੇ ਘਰੇਲੂ ਮਾਲੀਏ ਅਤੇ ਦਰਾਮਦ ਤੋਂ ਮਿਲਣ ਵਾਲੇ ਟੈਕਸ ’ਚ ਮਜ਼ਬੂਤ ਵਾਧੇ ਕਾਰਨ ਹੋਇਆ ਹੈ। ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਪੱਛਮੀ ਏਸ਼ੀਆ ’ਚ ਜਾਰੀ ਭੂ-ਸਿਆਸੀ ਤਣਾਅ ਦੇ ਬਾਵਜੂਦ ਦੇਸ਼ ’ਚ ਘਰੇਲੂ ਖਪਤ ਅਤੇ ਵਪਾਰਕ ਗਤੀਵਿਧੀਆਂ ਸਥਿਰ ਬਣੀਆਂ ਹੋਈਆਂ ਹਨ। ਘਰੇਲੂ ਗਤੀਵਿਧੀਆਂ ਅਤੇ ਦਰਾਮਦ ਤੋਂ ਮਿਲੇ ਟੈਕਸ ਨੇ ਕੁੱਲ ਜੀ. ਐੱਸ. ਟੀ. ਕੁਲੈਕਸ਼ਨ ਨੂੰ ਮਜ਼ਬੂਤ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਜੁਲਾਈ ’ਚ ਘਰੇਲੂ ਜੀ. ਐੱਸ. ਟੀ. ਰੈਵੇਨਿਊ 10.1 ਫੀਸਦੀ ਵਧ ਕੇ 1.45 ਲੱਖ ਕਰੋੜ ਰੁਪਏ ਹੋ ਗਿਆ, ਜੋ ਜੁਲਾਈ 2025 ’ਚ 1.31 ਲੱਖ ਕਰੋੜ ਰੁਪਏ ਸੀ। ਦਰਾਮਦ ਤੋਂ ਮਿਲਣ ਵਾਲਾ ਜੀ. ਐੱਸ. ਟੀ. ਰੈਵੇਨਿਊ 28.8 ਫੀਸਦੀ ਵਧ ਕੇ 66,511 ਕਰੋੜ ਰੁਪਏ ਹੋ ਗਿਆ।
ਕੁੱਲ ਜੀ. ਐੱਸ. ਟੀ. ਰਿਫੰਡ ’ਚ ਹੋਇਆ 13.1 ਫੀਸਦੀ ਦਾ ਵਾਧਾ
ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਜੁਲਾਈ ’ਚ ਕੁੱਲ ਜੀ. ਐੱਸ. ਟੀ. ਰਿਫੰਡ ਵੀ ਵਧਿਆ ਹੈ। ਕੁੱਲ ਰਿਫੰਡ ਸਾਲਾਨਾ ਆਧਾਰ ’ਤੇ 13.1 ਫੀਸਦੀ ਵਧ ਕੇ 29,968 ਕਰੋੜ ਰੁਪਏ ਰਿਹਾ। ਉੱਥੇ ਹੀ ਆਈਸਗੇਟ ਰਾਹੀਂ ਪ੍ਰੋਸੈੱਸ ਕੀਤੀ ਬਰਾਮਦ ਨਾਲ ਜੁੜੇ ਜੀ. ਐੱਸ. ਟੀ. ਰਿਫੰਡ ’ਚ 22.7 ਫੀਸਦੀ ਦਾ ਵਾਧਾ ਹੋਇਆ ਅਤੇ ਇਹ 12,288 ਕਰੋੜ ਰੁਪਏ ਰਿਹਾ।
ਰਿਫੰਡ ਨੂੰ ਘਟਾਉਣ ਤੋਂ ਬਾਅਦ ਜੁਲਾਈ ’ਚ ਸ਼ੁੱਧ ਜੀ. ਐੱਸ. ਟੀ. ਰੈਵੇਨਿਊ 1.81 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੇ ਮੁਕਾਬਲੇ 15.8 ਫੀਸਦੀ ਵੱਧ ਹੈ। ਇਸ ’ਚ ਘਰੇਲੂ ਸ਼ੁੱਧ ਜੀ. ਐੱਸ. ਟੀ. ਰੈਵੇਨਿਊ 10.5 ਫੀਸਦੀ ਵਧ ਕੇ 1.27 ਲੱਖ ਕਰੋੜ ਰੁਪਏ ਅਤੇ ਕਸਟਮਜ਼ ਤੋਂ ਮਿਲਣ ਵਾਲਾ ਸ਼ੁੱਧ ਜੀ. ਐੱਸ. ਟੀ. ਰੈਵੇਨਿਊ 30.3 ਫੀਸਦੀ ਵਧ ਕੇ 54,223 ਕਰੋੜ ਰੁਪਏ ਹੋ ਗਿਆ।
ਚਾਲੂ ਵਿੱਤੀ ਸਾਲ ਦੇ ਪਹਿਲੇ 4 ਮਹੀਨਿਆਂ ’ਚ ਰਿਕਾਰਡ ਜੀ. ਐੱਸ. ਟੀ. ਕੁਲੈਕਸ਼ਨ
ਚਾਲੂ ਵਿੱਤੀ ਸਾਲ ਦੇ ਪਹਿਲੇ 4 ਮਹੀਨਿਆਂ ਭਾਵ ਅਪ੍ਰੈਲ ਤੋਂ ਜੁਲਾਈ 2026 ਦੌਰਾਨ ਵੀ ਜੀ. ਐੱਸ. ਟੀ. ਕੁਲੈਕਸ਼ਨ ’ਚ ਚੰਗਾ ਵਾਧਾ ਹੋਇਆ ਹੈ। ਇਸ ਮਿਆਦ ’ਚ ਕੁਲ ਜੀ. ਐੱਸ. ਟੀ. ਕੁਲੈਕਸ਼ਨ 10.1 ਫੀਸਦੀ ਵਧ ਕੇ 8.43 ਲੱਖ ਕਰੋੜ ਰੁਪਏ ਹੋ ਗਈ, ਜਦੋਂਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਇਹ 7.66 ਲੱਖ ਕਰੋੜ ਰੁਪਏ ਸੀ। ਅਪ੍ਰੈਲ-ਜੁਲਾਈ ਦੌਰਾਨ ਸ਼ੁੱਧ ਜੀ. ਐੱਸ. ਟੀ. ਕੁਲੈਕਸ਼ਨ 9.2 ਫੀਸਦੀ ਵਧ ਕੇ 7.21 ਲੱਖ ਕਰੋੜ ਰੁਪਏ ਰਹੀ।
ਹਰਿਆਣਾ ਨੇ ਮਾਰੀ ਬਾਜ਼ੀ
ਜੁਲਾਈ ਦੀ ਜੀ. ਐੱਸ. ਟੀ. ਕੁਲੈਕਸ਼ਨ ਦੇ ਸਾਲਾਨਾ ਵਾਧੇ ਦੇ ਮਾਮਲੇ ’ਚ ਹਰਿਆਣਾ 25 ਫੀਸਦੀ ਦੇ ਵਾਧੇ ਨਾਲ ਸਭ ਤੋਂ ਅੱਗੇ ਰਿਹਾ। ਇਸ ਤੋਂ ਬਾਅਦ ਗੁਜਰਾਤ ਅਤੇ ਤੇਲੰਗਾਨਾ ’ਚ ਜੀ. ਐੱਸ. ਟੀ. ਕੁਲੈਕਸ਼ਨ 19-19 ਫੀਸਦੀ ਵਧੀ। ਪੰਜਾਬ ਅਤੇ ਕੇਰਲ ’ਚ 16 ਫੀਸਦੀ, ਉੱਤਰ ਪ੍ਰਦੇਸ਼ ’ਚ 15 ਫੀਸਦੀ, ਮਹਾਰਾਸ਼ਟਰ ’ਚ 13 ਫੀਸਦੀ, ਕਰਨਾਟਕ ’ਚ 12 ਫੀਸਦੀ ਅਤੇ ਦਿੱਲੀ ’ਚ 8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।ਮਹਾਰਾਸ਼ਟਰ ਦੇਸ਼ ’ਚ ਜੀ. ਐੱਸ. ਟੀ. ਰੈਵੇਨਿਊ ’ਚ ਸਭ ਤੋਂ ਵੱਡਾ ਯੋਗਦਾਨ ਦੇਣ ਵਾਲਾ ਸੂਬਾ ਰਿਹਾ।
ਇਨ੍ਹਾਂ ਸੂਬਿਆਂ ’ਚ ਜੀ. ਐੱਸ. ਟੀ. ਕੁਲੈਕਸ਼ਨ ਘਟੀ
ਕੁਝ ਸੂਬਿਆਂ ’ਚ ਜੁਲਾਈ ਦੌਰਾਨ ਜੀ. ਐੱਸ. ਟੀ. ਕੁਲੈਕਸ਼ਨ ’ਚ ਗਿਰਾਵਟ ਵੀ ਦੇਖਣ ਨੂੰ ਮਿਲੀ। ਹਿਮਾਚਲ ਪ੍ਰਦੇਸ਼ ’ਚ ਜੀ. ਐੱਸ. ਟੀ. ਕੁਲੈਕਸ਼ਨ 22 ਫੀਸਦੀ, ਉਤਰਾਖੰਡ ’ਚ 18 ਫੀਸਦੀ ਅਤੇ ਪੁਡੂਚੇਰੀ ’ਚ 17 ਫੀਸਦੀ ਘਟੀ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ’ਚ 10 ਫੀਸਦੀ, ਆਂਧਰਾ ਪ੍ਰਦੇਸ਼ ’ਚ 5 ਫੀਸਦੀ ਅਤੇ ਤਾਮਿਲਨਾਡੂ ’ਚ ਮਾਮੂਲੀ 1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
