ਤੇਲ ਦੀਆਂ ਕੀਮਤਾਂ ਨੇ ਵਧਾਇਆ ਭਾਰਤ ਦਾ ਬੋਝ, ਘੱਟ ਖਰੀਦ ਦੇ ਬਾਵਜੂਦ ਦਰਾਮਦ ਬਿੱਲ 26 ਫੀਸਦੀ ਵਧਿਆ
Sunday, Aug 09, 2026 - 11:18 AM (IST)
ਬਿਜ਼ਨੈੱਸ ਡੈਸਕ - ਪੱਛਮੀ ਏਸ਼ੀਆ ’ਚ ਵਧੇ ਤਣਾਅ ਅਤੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦਾ ਅਸਰ ਭਾਰਤ ਦੇ ਦਰਾਮਦ ਬਿੱਲ ’ਤੇ ਸਾਫ ਦਿਖਾਈ ਦਿੱਤਾ ਹੈ। ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ’ਚ ਦੇਸ਼ ਨੇ ਕੱਚੇ ਤੇਲ ਦੀ ਖਰੀਦ ’ਤੇ 26 ਫੀਸਦੀ ਵੱਧ ਖਰਚ ਕੀਤਾ।
ਇਹ ਵੀ ਪੜ੍ਹੋ : ਕਦੋਂ ਆਉਣਗੇ ਪਲਾਸਟਿਕ ਦੇ ਨੋਟ, RBI ਗਵਰਨਰ ਨੇ ਦਿੱਤੀ ਜਾਣਕਾਰੀ
ਅਪ੍ਰੈਲ-ਜੂਨ ਦੌਰਾਨ ਭਾਰਤ ਦਾ ਕੱਚੇ ਤੇਲ ਦੀ ਦਰਾਮਦ ਦਾ ਬਿੱਲ ਵਧ ਕੇ 49 ਅਰਬ ਡਾਲਰ ਹੋ ਗਿਆ, ਜਦੋਂਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ ਲੱਗਭਗ 39 ਅਰਬ ਡਾਲਰ ਸੀ। ਖਾਸ ਗੱਲ ਇਹ ਹੈ ਕਿ ਖਰਚ ਵਧਣ ਦੇ ਬਾਵਜੂਦ ਕੱਚੇ ਤੇਲ ਦੀ ਦਰਾਮਦ 18 ਫੀਸਦੀ ਘੱਟ ਗਈ।
ਵਪਾਰ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਜੂਨ 2026 ਵਿਚਾਲੇ ਭਾਰਤ ਨੇ ਲੱਗਭਗ 5.97 ਕਰੋੜ ਟਨ ਕੱਚਾ ਤੇਲ ਦਰਾਮਦ ਕੀਤਾ। ਪਿਛਲੇ ਸਾਲ ਇਸੇ ਮਿਆਦ ’ਚ ਦਰਾਮਦ ਲੱਗਭਗ 7.3 ਕਰੋੜ ਟਨ ਸੀ। ਭਾਵ ਇਸ ਵਾਰ ਭਾਰਤ ਨੇ ਲੱਗਭਗ 18 ਫੀਸਦੀ ਘੱਟ ਤੇਲ ਖਰੀਦਿਆ ਪਰ ਇਸ ਲਈ 10 ਅਰਬ ਡਾਲਰ ਵੱਧ ਖਰਚ ਕਰਨੇ ਪਏ। ਇਸ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ ਵਾਧਾ ਰਿਹਾ।
ਇਹ ਵੀ ਪੜ੍ਹੋ : ਲੋਕ ਸਭਾ 'ਚ 135 ਸਾਲ ਪੁਰਾਣਾ ਕਾਨੂੰਨ ਰੱਦ ਕਰਕੇ ਪਾਸ ਹੋਇਆ 'The Bankers’ Books Evidence Bill, 2026' ਬਿੱਲ
ਪੱਛਮੀ ਏਸ਼ੀਆ ਸੰਕਟ ਨਾਲ ਤੇਲ ਮਹਿੰਗਾ
ਭਾਰਤ ਆਪਣੀ ਕੱਚੇ ਤੇਲ ਦੀ ਲੋੜ ਦਾ ਲੱਗਭਗ 88 ਫੀਸਦੀ ਹਿੱਸਾ ਦਰਾਮਦ ਕਰਦਾ ਹੈ। ਅਜਿਹੇ ’ਚ ਗਲੋਬਲ ਕੀਮਤਾਂ ’ਚ ਹੋਣ ਵਾਲਾ ਕੋਈ ਵੀ ਵੱਡਾ ਬਦਲਾਅ ਸਿੱਧਾ ਦੇਸ਼ ਦੇ ਦਰਾਮਦ ਖਰਚ ਨੂੰ ਪ੍ਰਭਾਵਿਤ ਕਰਦਾ ਹੈ। ਫਰਵਰੀ ’ਚ ਅਮਰੀਕਾ-ਈਰਾਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਸੀ।
ਇਸ ਤੋਂ ਬਾਅਦ ਪੱਛਮੀ ਏਸ਼ੀਆ ’ਚ ਤਣਾਅ ਵਧਣ ਅਤੇ ਸਪਲਾਈ ਪ੍ਰਭਾਵਿਤ ਹੋਣ ਦੇ ਖਦਸ਼ੇ ਨਾਲ ਕੀਮਤਾਂ ’ਚ ਤੇਜ਼ੀ ਆਈ। ਰਣਨੀਤਕ ਤੌਰ ’ਤੇ ਮਹੱਤਵਪੂਰਨ ਸਟ੍ਰੇਟ ਆਫ ਹੋਰਮੁਜ਼ ਨੂੰ ਲੈ ਕੇ ਵੀ ਚਿੰਤਾਵਾਂ ਵਧੀਆਂ। ਦੁਨੀਆ ਦੇ ਲੱਗਭਗ 20 ਫੀਸਦੀ ਤੇਲ ਦੀ ਆਵਾਜਾਈ ਇਸੇ ਰਸਤੇ ਹੁੰਦੀ ਹੈ, ਜਦੋਂਕਿ ਪੱਛਮੀ ਏਸ਼ੀਆ ਤੋਂ ਭਾਰਤ ਆਉਣ ਵਾਲੇ ਲੱਗਭਗ 40 ਫੀਸਦੀ ਕੱਚੇ ਤੇਲ ਦੀ ਸਪਲਾਈ ਇਸੇ ਰਸਤੇ ਤੋਂ ਹੁੰਦੀ ਹੈ। ਸੰਕਟ ਦੌਰਾਨ ਕੱਚੇ ਤੇਲ ਦੀ ਕੀਮਤ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ।
ਕਮਜ਼ੋਰ ਰੁਪਏ ਨੇ ਵਧਾਈ ਪ੍ਰੇਸ਼ਾਨੀ
ਤੇਲ ਦੀ ਮਹਿੰਗੀ ਖਰੀਦ ਨਾਲ ਰੁਪਏ ’ਚ ਕਮਜ਼ੋਰੀ ਨੇ ਵੀ ਭਾਰਤ ਦਾ ਖਰਚਾ ਵਧਾਇਆ। ਕੱਚੇ ਤੇਲ ਦਾ ਭੁਗਤਾਨ ਡਾਲਰ ’ਚ ਕੀਤਾ ਜਾਂਦਾ ਹੈ, ਇਸ ਲਈ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਘਟਣ ’ਤੇ ਭਾਰਤੀ ਕੰਪਨੀਆਂ ਨੂੰ ਬਰਾਬਰ ਮਾਤਰਾ ’ਚ ਤੇਲ ਖਰੀਦਣ ਲਈ ਵੱਧ ਰੁਪਏ ਖਰਚ ਕਰਨੇ ਪੈਂਦੇ ਹਨ।
ਭਾਰਤ ਹਰ ਸਾਲ ਲੱਗਭਗ 1.8 ਤੋਂ 2 ਅਰਬ ਬੈਰਲ ਕੱਚਾ ਤੇਲ ਦਰਾਮਦ ਕਰਦਾ ਹੈ। ਅਜਿਹੇ ’ਚ ਕੱਚੇ ਤੇਲ ਦੀ ਕੀਮਤ ’ਚ ਪ੍ਰਤੀ ਬੈਰਲ ਇਕ ਡਾਲਰ ਦੇ ਵਾਧੇ ਨਾਲ ਸਾਲਾਨਾ ਦਰਾਮਦ ਬਿੱਲ ਲੱਗਭਗ 2 ਅਰਬ ਡਾਲਰ ਤੱਕ ਵਧ ਸਕਦਾ ਹੈ।
ਰੂਸ ਬਣਿਆ ਸਭ ਤੋਂ ਵੱਡਾ ਤੇਲ ਸਪਲਾਇਰ
ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ’ਚ ਰੂਸ ਭਾਰਤ ਦਾ ਸਭ ਤੋਂ ਵੱਡਾ ਕੱਚੇ ਤੇਲ ਦਾ ਸਪਲਾਇਰ ਰਿਹਾ। ਕੁੱਲ ਦਰਾਮਦ ’ਚ ਰੂਸ ਦੀ ਹਿੱਸੇਦਾਰੀ 40 ਫੀਸਦੀ ਤੋਂ ਵੱਧ ਰਹੀ। ਸੰਯੁਕਤ ਅਰਬ ਅਮੀਰਾਤ 14.6 ਫੀਸਦੀ ਹਿੱਸੇਦਾਰੀ ਨਾਲ ਦੂਜੇ ਸਥਾਨ ’ਤੇ ਰਿਹਾ। ਇਸ ਤੋਂ ਬਾਅਦ ਸਾਊਦੀ ਅਰਬ ਦੀ ਹਿੱਸੇਦਾਰੀ 9.9 ਫੀਸਦੀ, ਵੈਨੇਜ਼ੁਏਲਾ ਦੀ 5.2 ਫੀਸਦੀ ਅਤੇ ਓਮਾਨ ਦੀ 4.5 ਫੀਸਦੀ ਰਹੀ। ਰੂਸ ਤੋਂ ਦਰਾਮਦ ਕੀਤੇ ਕੱਚੇ ਤੇਲ ਦੀ ਔਸਤ ਕੀਮਤ 2,408 ਡਾਲਰ ਪ੍ਰਤੀ ਟਨ ਰਹੀ, ਜਦੋਂਕਿ ਸੰਯੁਕਤ ਅਰਬ ਅਮੀਰਾਤ ਤੋਂ ਮਿਲੇ ਤੇਲ ਦੀ ਔਸਤ ਕੀਮਤ 2,213 ਡਾਲਰ ਪ੍ਰਤੀ ਟਨ ਰਹੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
