ਦੇਸ਼ ’ਚ ਉਤਪਾਦਨ ਘਟਣ ਨਾਲ ਇਕ ਮਹੀਨੇ ’ਚ 15 ਫੀਸਦੀ ਮਹਿੰਗੀ ਹੋਈ ਖੰਡ
Saturday, Aug 08, 2026 - 03:49 PM (IST)
ਨਵੀਂ ਦਿੱਲੀ, (ਇੰਟ.)-ਆਉਣ ਵਾਲੇ ਤਿਉਹਾਰੀ ਸੀਜ਼ਨ ’ਚ ਆਮ ਆਦਮੀ ਦੀ ਜੇਬ ’ਤੇ ਮਹਿੰਗਾਈ ਦੀ ਮਾਰ ਪੈਣ ਵਾਲੀ ਹੈ। ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਘਰੇਲੂ ਬਾਜ਼ਾਰ ’ਚ ਖੰਡ ਦੀਆਂ ਕੀਮਤਾਂ ਲਗਾਤਾਰ ਉੱਪਰ ਜਾ ਰਹੀਆਂ ਹਨ। ਪਿਛਲੇ ਇਕ ਮਹੀਨੇ ਦੇ ਅੰਕੜਿਆਂ ’ਤੇ ਗੌਰ ਕਰੀਏ ਤਾਂ ਖੰਡ ਦੇ ਭਾਅ ਔਸਤਨ 8 ਫੀਸਦੀ ਤੱਕ ਵਧ ਚੁੱਕੇ ਹਨ, ਜਦੋਂਕਿ ਕੁਝ ਸੂਬਿਆਂ ’ਚ ਇਹ ਉਛਾਲ 15 ਫੀਸਦੀ ਤੱਕ ਪਹੁੰਚ ਗਿਆ ਹੈ। ਅਜਿਹੇ ’ਚ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਵਾਰ ਦੀਵਾਲੀ, ਦੁਸਹਿਰੇ ਤੋਂ ਲੈ ਕੇ ਤਮਾਮ ਤਿਉਹਾਰਾਂ ’ਤੇ ਮਠਿਆਈਆਂ ਦਾ ਸਵਾਦ ਜਨਤਾ ਲਈ ਮਹਿੰਗਾ ਸਾਬਤ ਹੋ ਸਕਦਾ ਹੈ।
ਤਿਉਹਾਰਾਂ ਦੀ ਮਿਠਾਸ ’ਤੇ ਮਹਿੰਗਾਈ ਦਾ ਪਹਿਰਾ ਤਿਉਹਾਰੀ ਸੀਜ਼ਨ ’ਚ ਖੰਡ ਦੀ ਖਪਤ ਆਪਣੇ ਚਰਮ ’ਤੇ ਹੁੰਦੀ ਹੈ ਪਰ ਠੀਕ ਇਸੇ ਸਮੇਂ ਕੀਮਤਾਂ ’ਚ ਆਇਆ ਇਹ ਭਾਰੀ ਉਛਾਲ ਘਰੇਲੂ ਬਜਟ ਵਿਗਾੜਨ ਵਾਲਾ ਹੈ। ਵਧਦੀਆਂ ਕੀਮਤਾਂ ’ਤੇ ਲਗਾਮ ਕੱਸਣ ਲਈ ਹੁਣ ਖੰਡ ਮਿੱਲਾਂ ਨੇ ਇਕ ਅਹਿਮ ਕਦਮ ਚੁੱਕਿਆ ਹੈ। ਹੋਲਸੇਲ ਮਾਰਕੀਟ ’ਚ ਪਿਛਲੇ ਇਕ ਮਹੀਨੇ ਦੌਰਾਨ ਖੰਡ ਦੇ ਭਾਅ 400 ਰੁਪਏ ਪ੍ਰਤੀ ਕੁਇੰਟਲ ਤੱਕ ਵਧ ਗਏ ਹਨ। ਇਨ੍ਹਾਂ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਖੰਡ ਮਿੱਲਾਂ ਨੇ ਇਸ ਸਾਲ ਆਪਣੀ ਗੰਨਾ ਪੀੜਨ ਦੀ ਪ੍ਰਕਿਰਿਆ ਤੈਅ ਸਮੇਂ ਤੋਂ 10 ਤੋਂ 15 ਦਿਨ ਪਹਿਲਾਂ ਹੀ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ, ਤਾਂ ਜੋ ਬਾਜ਼ਾਰ ’ਚ ਨਵੀਂ ਖੰਡ ਦੀ ਸਪਲਾਈ ਜਲਦ ਤੋਂ ਜਲਦ ਵਧਾਈ ਜਾ ਸਕੇ।
ਕਿਉਂ ਆਸਮਾਨ ਛੂਹ ਰਹੇ ਭਾਅ
ਖੰਡ ਦੀਆਂ ਕੀਮਤਾਂ ’ਚ ਇਸ ਅਚਾਨਕ ਆਈ ਤੇਜ਼ੀ ਦੇ ਪਿੱਛੇ ਉਤਪਾਦਨ ’ਚ ਆਈ ਕਮੀ ਸਭ ਤੋਂ ਵੱਡੀ ਵਜ੍ਹਾ ਹੈ। ਸ਼ੁਰੂਆਤੀ ਅੰਦਾਜ਼ਾ ਇਹ ਸੀ ਕਿ ਇਸ ਸਾਲ ਦੇਸ਼ ’ਚ 293 ਲੱਖ ਟਨ ਖੰਡ ਦਾ ਉਤਪਾਦਨ ਹੋਵੇਗਾ ਪਰ ਅਸਲ ਅੰਕੜਾ 280 ਲੱਖ ਟਨ ’ਤੇ ਹੀ ਸਿਮਟ ਗਿਆ। ਇਹ ਤੈਅ ਅੰਦਾਜ਼ੇ ਤੋਂ ਕਰੀਬ 5 ਫੀਸਦੀ ਘੱਟ ਹੈ। ਹਾਲਾਂਕਿ ਰਾਹਤ ਦੀ ਗੱਲ ਸਿਰਫ ਇੰਨੀ ਹੈ ਕਿ ਪਿਛਲੇ ਸਾਲ ਦਾ ਲੱਗਭਗ 50 ਲੱਖ ਟਨ ਦਾ ਸਟਾਕ ਅਜੇ ਉਪਲੱਬਧ ਹੈ ਪਰ ਚੁਣੌਤੀ ਇਹ ਹੈ ਕਿ ਦੇਸ਼ ’ਚ ਖੰਡ ਦੀ ਕੁੱਲ ਸਾਲਾਨਾ ਖਪਤ ਹੀ 280 ਲੱਖ ਟਨ ਦੇ ਕਰੀਬ ਹੈ ਅਤੇ ਇਸ ਸਾਲ 8 ਲੱਖ ਟਨ ਖੰਡ ਦੀ ਬਰਾਮਦ ਵੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਅਲ-ਨੀਨੋ ਦੇ ਪ੍ਰਭਾਵ ਅਤੇ ਅਗਲੇ ਸਾਲ ਵੀ ਉਤਪਾਦਨ ਘਟਣ ਦੇ ਖਦਸ਼ੇ ਨੇ ਬਾਜ਼ਾਰ ’ਚ ਘਬਰਾਹਟ ਪੈਦਾ ਕਰ ਦਿੱਤੀ ਹੈ, ਜਿਸ ਨਾਲ ਕੀਮਤਾਂ ਨੂੰ ਹੋਰ ਹਵਾ ਮਿਲ ਰਹੀ ਹੈ।
ਆਮ ਆਦਮੀ ਪ੍ਰੇਸ਼ਾਨ ਮਿੱਲਾਂ ਦੀ ਬੱਲੇ-ਬੱਲੇ
ਖੰਡ ਦੇ ਵਧਦੇ ਭਾਅ ਜਿੱਥੇ ਇਕ ਪਾਸੇ ਆਮ ਖਪਤਕਾਰਾਂ ਦਾ ਬਜਟ ਵਿਗਾੜ ਰਹੇ ਹਨ, ਉੱਥੇ ਹੀ ਦੂਜੇ ਪਾਸੇ ਖੰਡ ਬਣਾਉਣ ਵਾਲੀਆਂ ਕੰਪਨੀਆਂ ਲਈ ਇਹ ਮੁਨਾਫੇ ਦਾ ਸੌਦਾ ਸਾਬਤ ਹੋ ਰਿਹਾ ਹੈ। ਇਸ ਤੇਜ਼ੀ ਨਾਲ ਬਲਰਾਮਪੁਰ ਖੰਡ, ਦਵਾਰੀਕੇਸ਼ ਸ਼ੂਗਰ, ਸ਼੍ਰੀ ਰੇਣੁਕਾ ਸ਼ੂਗਰ ਅਤੇ ਡਾਲਮੀਆ ਭਾਰਤ ਸ਼ੂਗਰ ਵਰਗੀਆਂ ਪ੍ਰਮੁੱਖ ਕੰਪਨੀਆਂ ਦੇ ਮਾਰਜਿਨ ’ਚ ਚੰਗਾ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਇਹ ਸਥਿਤੀ ਸਰਕਾਰ ਦੇ ਵੱਡੇ ਈਥੇਨਾਲ ਬਲੈਂਡਿੰਗ ਪ੍ਰੋਗਰਾਮ (ਪੈਟਰੋਲ ’ਚ ਈਥੇਨਾਲ ਮਿਲਾਉਣ ਦੀ ਯੋਜਨਾ) ਲਈ ਇਕ ਵੱਡਾ ਝਟਕਾ ਬਣ ਸਕਦੀ ਹੈ। ਖੰਡ ਦੇ ਭਾਅ ਉੱਚੇ ਰਹਿਣ ’ਤੇ ਮਿੱਲਾਂ ਗੰਨੇ ਦੇ ਰਸ ਤੋਂ ਈਥੇਨਾਲ ਬਣਾਉਣ ਦੀ ਬਜਾਏ ਸਿੱਧੇ ਖੰਡ ਬਣਾ ਕੇ ਵੇਚਣਾ ਜ਼ਿਆਦਾ ਮੁਨਾਫੇ ਦਾ ਸੌਦਾ ਮੰਨਣਗੀਆਂ। ਇਸ ਨਾਲ ਦੇਸ਼ ’ਚ ਈਥੇਨਾਲ ਦਾ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ। ਸਰਕਾਰ ਨੇ ਫਿਲਹਾਲ ਸਟਾਕ ਲਿਮਟ ਲਾ ਕੇ ਅਤੇ ਮਿੱਲਾਂ ਦੇ ਸਟਾਕ ਦੀ ਜਾਂਚ ਕਰ ਕੇ ਕੀਮਤਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਪ੍ਰਚੂਨ ਬਾਜ਼ਾਰ ’ਚ ਇਸ ਦਾ ਅਸਰ ਦਿਸਣਾ ਅਜੇ ਬਾਕੀ ਹੈ।
