2023-24 ਸੈਸ਼ਨ ਦੇ ਪਹਿਲੇ 3 ਮਹੀਨਿਆਂ ਖੰਡ ਉਤਪਾਦਨ 7.7 ਫ਼ੀਸਦੀ ਘਟ ਕੇ 112 ਲੱਖ ਟਨ ਰਿਹਾ
Wednesday, Jan 03, 2024 - 12:54 PM (IST)
ਨਵੀਂ ਦਿੱਲੀ (ਭਾਸ਼ਾ)– ਦੋ ਪ੍ਰਮੁੱਖ ਉਤਪਾਦਕ ਸੂਬਿਆਂ ਵਿਚ ਉਤਪਾਦਨ ਘੱਟ ਰਹਿਣ ਨਾਲ ਚਾਲੂ 2023-24 ਸੈਸ਼ਨ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਦੇਸ਼ ਦਾ ਖੰਡ ਉਤਪਾਦਨ 7.7 ਫ਼ੀਸਦੀ ਘਟ ਕੇ 112 ਲੱਖ ਟਨ ਰਹਿ ਗਿਆ ਹੈ। ਸਹਿਕਾਰੀ ਸੰਸਥਾ ਐੱਨ. ਐੱਫ. ਸੀ. ਐੱਸ. ਐੱਫ. ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਖੰਡ ਸੀਜ਼ਨ 2022-23 ਦੀ ਅਕਤੂਬਰ-ਦਸੰਬਰ ਮਿਆਦ ਦੌਰਾਨ ਖੰਡ ਦਾ ਉਤਪਾਦਨ 121.35 ਲੱਖ ਟਨ ਰਿਹਾ ਸੀ।
ਐੱਨ. ਐੱਫ. ਸੀ. ਐੱਸ. ਐੱਫ. ਨੇ ਖੰਡ ਸੀਜ਼ਨ 2023-24 ਵਿਚ ਦੇਸ਼ ਦਾ ਕੁੱਲ ਖੰਡ ਉਤਪਾਦਨ 305 ਲੱਖ ਟਨ ਰਹਿਣ ਦਾ ਅਨੁਮਾਨ ਲਗਾਇਆ ਹੈ, ਜੋ ਖੰਡ ਸੀਜ਼ਨ 2022-23 ਵਿਚ ਪ੍ਰਾਪਤ 330.90 ਲੱਖ ਟਨ ਖੰਡ ਤੋਂ ਘੱਟ ਹੈ। ਖੰਡ ਦਾ ਮੌਸਮ ਅਕਤੂਬਰ ਤੋਂ ਸਤੰਬਰ ਤੱਕ ਚਲਦਾ ਹੈ। ਤਾਜ਼ਾ ਅੰਕੜਿਆਂ ਨੂੰ ਜਾਰੀ ਕਰਦੇ ਹੋਏ ਨੈਸ਼ਨਲ ਫੈੱਡਰੇਸ਼ਨ ਆਫ ਕੋਆਪ੍ਰੇਟਿਵ ਸ਼ੂਗਰ ਫੈਕਟਰੀਜ਼ (ਐੱਨ. ਐੱਫ. ਸੀ. ਐੱਸ. ਐੱਫ.) ਨੇ ਕਿਹਾ ਕਿ ਚਾਲੂ ਸੈਸ਼ਨ ਵਿਚ ਦਸੰਬਰ 2023 ਤੱਕ ਕੁੱਲ 511 ਕਾਰਖਾਨਿਆਂ ਨੇ 1,223 ਲੱਖ ਟਨ ਗੰਨੇ ਦੀ ਪਿੜਾਈ ਕੀਤੀ ਹੈ।
ਚੋਟੀ ਦੇ ਤਿੰਨ ਖੰਡ ਉਤਪਾਦਕ ਸੂਬਿਆਂ ’ਚੋਂ ਮਹਾਰਾਸ਼ਟਰ ਅਤੇ ਕਰਨਾਟਕ ਵਿਚ ਉਤਾਦਨ ਇਸ ਖੰਡ ਸੀਜ਼ਨ ਦੀ ਅਕਤੂਬਰ-ਦਸੰਬਰ ਮਿਆਦ ਦੌਰਾਨ ਘੱਟ ਰਿਹਾ। ਐੱਨ. ਐੱਫ. ਸੀ. ਐੱਸ. ਐੱਫ. ਦੇ ਮੁਖੀ ਜੈ-ਪ੍ਰਕਾਸ਼ ਦਗਾਂਡੇਗਾਂਵਕਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗੰਨੇ ਦੇ ਰਸ ਤੋਂ ਈਥੇਨਾਲ ਦੀ ਉਤਪਾਦਨ ਸੀਮਤ ਕਰ ਦਿੱਤਾ ਹੈ, ਇਸ ਲਈ ਦੇਸ਼ ਵਿਚ ਸਥਾਨਕ ਖਪਤ ਲਈ ਨਵੀਂ ਖੰਡ ਦੀ ਕੁੱਲ ਉਪਲਬਧਤਾ 305 ਲੱਖ ਟਨ ਹੋਣ ਦੀ ਉਮੀਦ ਹੈ।