ਕੌੜੀ ਹੋ ਸਕਦੀ ਹੈ ਖੰਡ! ਘਟ ਉਤਪਾਦਨ ਨਾਲ ਸਪਲਾਈ ਸੁਸਤ, ਜਲਦ ਬੰਦ ਹੋ ਜਾਣਗੀਆਂ ਮਿੱਲਾਂ

Tuesday, Jan 31, 2023 - 01:36 PM (IST)

ਕੌੜੀ ਹੋ ਸਕਦੀ ਹੈ ਖੰਡ! ਘਟ ਉਤਪਾਦਨ ਨਾਲ ਸਪਲਾਈ ਸੁਸਤ, ਜਲਦ ਬੰਦ ਹੋ ਜਾਣਗੀਆਂ ਮਿੱਲਾਂ

ਨਵੀਂ ਦਿੱਲੀ- ਆਉਣ ਵਾਲੇ ਸਮੇਂ ’ਚ ਦੇਸ਼ ’ਚ ਖੰਡ ਦੀ ਕੀਮਤ ਵਧ ਸਕਦੀ ਹੈ। ਯਾਨੀ ਖੰਡ ਕੌੜੀ ਹੋ ਸਕਦੀ ਹੈ। ਇਸ ਦਾ ਕਾਰਨ ਹੈ ਦੇਸ਼ ਦੇ ਪ੍ਰਮੁੱਖ ਖੰਡ ਉਤਪਾਦਕ ਰਾਜ ਮਹਾਰਾਸ਼ਟਰ ’ਚ ਖੰਡ ਦਾ ਉਤਪਾਦਨ ਘਟ ਹੋਣ ਦੀ ਸੰਭਾਵਨਾ ਹੈ। ਦੇਸ਼ ਦੇ ਕੁੱਲ ਖੰਡ ਉਤਪਾਦਨ ’ਚ ਮਹਾਰਾਸ਼ਟਰ ਦਾ ਯੋਗਦਾਨ ਇਕ ਤਿਹਾਈ ਤੋਂ ਵੱਧ ਹੈ। ਇਸ ਵਾਰ ਮੀਂਹ ਕਾਰਨ ਗੰਨੇ ਦੀ ਫਸਲ ਨੂੰ ਹੋਏ ਨੁਕਸਾਨ ਕਾਰਨ ਮਹਾਰਾਸ਼ਟਰ ’ਚ ਖੰਡ ਮਿੱਲਾਂ ਨਿਰਧਾਰਿਤ ਸਮੇਂ ਤੋਂ 2 ਮਹੀਨੇ ਪਹਿਲਾਂ ਬੰਦ ਹੋ ਸਕਦੀਆਂ ਹਨ। ਇਸ ਨਾਲ ਮਹਾਰਾਸ਼ਟਰ ’ਚ ਪਿਛਲੇ ਸਾਲ ਤੋਂ 7 ਫੀਸਦੀ ਘੱਟ ਖੰਡ ਉਤਪਾਦਨ ਇਸ ਸਾਲ ਹੋ ਸਕਦਾ ਹੈ।
ਪਿੜਾਈ ਸੀਜ਼ਨ ਦੀ ਸ਼ੁਰੂਆਤ ’ਚ ਮਹਾਰਾਸ਼ਟਰ ’ਚ ਖੰਡ ਉਤਪਾਦਨ ਦਾ ਅਨੁਮਾਨ 138 ਲੱਖ ਟਨ ਤੋਂ ਵੱਧ ਜਤਾਇਆ ਗਿਆ ਸੀ ਪਰ ਅਸਲ ਉਤਪਾਦਨ ਘੱਟ ਕੇ 129-130 ਲੱਖ ਟਨ ਰਹਿ ਸਕਦਾ ਹੈ। ਮਹਾਰਾਸ਼ਟਰ ’ਚ ਗੰਨੇ ਦੀ ਬਿਜਾਈ ਪਿਛਲੇ ਸਾਲ ਜਿੰਨੇ ਰਕਬੇ ’ਚ ਹੀ ਹੋਈ ਸੀ। ਮਰਾਠਵਾੜਾ ਖੇਤਰ ’ਚ ਗੰਨੇ ਦੀ ਪ੍ਰਤੀ ਏਕੜ ਉਤਪਾਦਕਤਾ ’ਚ ਲਗਭਗ 20 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਮੀਂਹ ਕਾਰਨ ਫਸਲ ਖਰਾਬ ਹੋਣ ਨਾਲ ਅਜਿਹਾ ਹੋਇਆ ਹੈ। ਮਹਾਰਾਸ਼ਟਰ ’ਚ ਚਾਲੂ ਸੀਜ਼ਨ ’ਚ ਖੰਡ ਉਤਪਾਦਨ ਘਟ ਹੋਣ ਦਾ ਅਸਰ ਦੇਸ਼ ਦੀ ਖੰਡ ਬਰਾਮਦ ’ਤੇ ਵੀ ਪੈ ਸਕਦਾ ਹੈ।
129 ਲੱਖ ਟਨ ਹੋ ਸਕਦਾ ਹੈ ਖੰਡ ਉਤਪਾਦਨ
ਇਕ ਰਿਪੋਰਟ ਅਨੁਸਾਰ ਮਹਾਰਾਸ਼ਟਰ ਦੇ ਖੰਡ ਕਮਿਸ਼ਨਰ ਸ਼ੇਖਰ ਗਾਇਕਵਾੜ ਨੇ ਖੰਡ ਮਿੱਲ ਪ੍ਰਬੰਧਕਾਂ ਨਾਲ ਮੀਟਿੰਗ ਕਰ ਕੇ ਇਸ ਸੀਜ਼ਨ ਰਾਜ ’ਚ ਪੈਦਾ ਹੋਣ ਵਾਲੀ ਖੰਡ ਬਾਰੇ ਚਰਚਾ ਕੀਤੀ। ਗਾਇਕਵਾੜ ਨੇ ਦੱਸਿਆ ਕਿ ਈਥੇਨਾਲ ਉਤਪਾਦਨ ਲਈ ਵੀ ਗੰਨੇ ਦੀ ਜ਼ਿਆਦਾ ਵਰਤੋਂ ਵੀ ਕੀਤੀ ਜਾ ਸਕਦੀ ਹੈ। ਖੰਡ ਉਤਪਾਦਨ ਦਾ ਅਨੁਮਾਨ 138 ਲੱਖ ਟਨ ਤੋਂ ਵੱਧ ਜਤਾਇਆ ਗਿਆ ਸੀ, ਜੋ ਹੁਣ ਘੱਟ ਕੇ 129-130 ਲੱਖ ਟਨ ਰਹਿ ਸਕਦਾ ਹੈ। ਗਾਇਕਵਾੜ ਨੇ ਕਿਹਾ ਕਿ ਜ਼ਿਆਦਾ ਮੀਂਹ ਕਾਰਨ ਗੰਨੇ ਦੇ ਬੂਟਿਆਂ ਦਾ ਕਦ ਘੱਟ ਵਧਿਆ। ਇਸ ਕਾਰਨ ਇਸ ਸਾਲ ਪਿੜਾਈ ਲਈ ਘੱਟ ਗੰਨਾ ਉਪਲੱਬਧ ਹੈ। ਮਹਾਰਾਸ਼ਟਰ ’ਚ ਪਿਛਲੇ ਸਾਲ ਨਾਲੋਂ 45 ਤੋਂ 60 ਦਿਨ ਪਹਿਲਾਂ ਗੰਨੇ ਦੀ ਪਿੜਾਈ ਬੰਦ ਕਰਨ ਦੀ ਤਿਆਰ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News