ਐਪਲ ਦਾ ਸਟਾਕ 2.8 ਫੀਸਦੀ ਟੁੱਟਾ, ਡਾਓ ਜੋਂਸ 83 ਅੰਕ ਡਿੱਗ ਕੇ ਬੰਦ
Friday, Apr 20, 2018 - 08:11 AM (IST)

ਵਾਸ਼ਿੰਗਟਨ— ਵੀਰਵਾਰ ਦੇ ਕਾਰੋਬਾਰੀ ਸਤਰ 'ਚ ਡਾਓ ਜੋਂਸ, ਐੱਸ. ਐਂਡ. ਪੀ.-500 ਅਤੇ ਨੈਸਡੈਕ ਕੰਪੋਜਿਟ ਗਿਰਾਵਟ 'ਚ ਬੰਦ ਹੋਏ ਹਨ। ਤਕਨਾਲੋਜੀ ਸੈਕਟਰ 'ਚ ਤੇਜ਼ ਗਿਰਾਵਟ ਨਾਲ ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ। ਤਾਇਵਾਨ ਸੈਮੀ ਕੰਡਕਟਰ ਨਿਰਮਾਣ ਕੰਪਨੀ (ਟੀ. ਐੱਸ. ਐੱਮ. ਸੀ.) ਦੇ ਬਿਆਨ ਬਾਅਦ ਅਮਰੀਕੀ ਟੈੱਕ ਕੰਪਨੀਆਂ ਦੇ ਸਟਾਕ 'ਚ ਗਿਰਾਵਟ ਦੇਖਣ ਨੂੰ ਮਿਲੀ। ਇਸ ਦੇ ਇਲਾਵਾ ਨਿਵੇਸ਼ਕ ਵਧ ਰਹੀਆਂ ਵਿਆਜ ਦਰਾਂ 'ਤੇ ਵੀ ਨਜ਼ਰ ਰੱਖ ਰਹੇ ਹਨ ਕਿਉਂਕਿ 10 ਸਾਲਾਂ ਦੀ ਬਾਂਡ ਯੀਲਡ 2.9 ਫੀਸਦੀ ਦੇ ਪਾਰ ਹੋ ਗਈ ਹੈ। ਇਨ੍ਹਾਂ ਸਭ ਦਾ ਅਸਰ ਬਾਜ਼ਾਰ 'ਤੇ ਹਾਵੀ ਰਿਹਾ। ਇਸ ਵਿਚਕਾਰ ਡਾਓ ਜੋਂਸ 83.18 ਅੰਕ ਟੁੱਟ ਕੇ 24,664.89 'ਤੇ ਬੰਦ ਹੋਇਆ। ਡਾਓ ਜੋਂਸ 'ਚ ਐਪਲ ਦਾ ਪ੍ਰਦਰਸ਼ਨ ਸਭ ਤੋਂ ਖਰਾਬ ਰਿਹਾ। ਉੱਥੇ ਹੀ, ਐਪਲ 'ਚ ਗਿਰਾਵਟ ਆਉਣ ਨਾਲ ਐੱਨਵੀਡੀਆ, ਮਾਈਕਰੋਨ ਅਤੇ ਅਡਵਾਂਸ ਮਾਈਕਰੋ ਡਿਵਾਈਸਸ ਵੀ ਗਿਰਾਵਟ 'ਚ ਬੰਦ ਹੋਏ।
ਚਿਪ ਬਣਾਉਣ ਵਾਲੀ ਦਿੱਗਜ ਕੰਪਨੀ ਟੀ. ਐੱਸ. ਐੱਮ. ਸੀ. ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਦੂਜੀ ਤਿਮਾਹੀ ਦੀ ਆਮਦਨ 7.8 ਅਰਬ ਡਾਲਰ ਅਤੇ 7.9 ਅਰਬ ਡਾਲਰ ਦੇ ਦਾਇਰੇ 'ਚ ਹੋਵੇਗੀ। ਇਸ ਨਾਲ ਨਿਵੇਸ਼ਕਾਂ 'ਚ ਨਿਰਾਸ਼ਾ ਦੇਖਣ ਨੂੰ ਮਿਲੀ ਕਿਉਂਕਿ ਚਿਪ ਕੰਪਨੀ ਵੱਲੋਂ ਪ੍ਰਗਟ ਕੀਤੇ ਗਿਆ ਅੰਦਾਜ਼ਾ ਵਾਲ ਸਟ੍ਰੀਟ ਦੇ ਅੰਦਾਜ਼ੇ ਤੋਂ ਕਾਫੀ ਘੱਟ ਹੈ। ਵਾਲ ਸਟ੍ਰੀਟ ਨੇ ਅਨੁਮਾਨ ਜਤਾਇਆ ਸੀ ਕਿ 'ਟੀ. ਐੱਸ. ਐੱਮ. ਸੀ.' ਦੀ ਤਿਮਾਹੀ ਆਮਦਨ 8.8 ਅਰਬ ਡਾਲਰ ਹੋਵੇਗੀ। ਚਿਪ ਕੰਪਨੀ ਟੀ. ਐੱਸ. ਐੱਮ. ਸੀ. ਦੇ ਅਨੁਮਾਨ ਤੋਂ ਬਾਅਦ ਪੂਰੇ ਟੈੱਕ ਸੈਕਟਰ 'ਤੇ ਦਬਾਅ ਦੇਖਣ ਨੂੰ ਮਿਲਿਆ। ਐਪਲ ਦੇ ਸਟਾਕ 'ਚ 2.8 ਫੀਸਦੀ, ਜਦੋਂ ਕਿ ਐੱਨਵੀਡੀਆ, ਮਾਈਕਰੋਨ ਅਤੇ ਅਡਵਾਂਸ ਮਾਈਕਰੋ ਡਿਵਾਈਸਸ 'ਚ ਘੱਟੋ-ਘੱਟ 2.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਟੈੱਕ ਅਤੇ ਕੰਜ਼ਿਊਮਰ ਸਟਾਕ 'ਚ ਕ੍ਰਮਵਾਰ 1.1 ਫੀਸਦੀ ਅਤੇ 3.1 ਫੀਸਦੀ ਦੀ ਗਿਰਾਵਟ ਨਾਲ ਐੱਸ. ਐਂਡ. ਪੀ-500 ਇੰਡੈਕਸ 0.6 ਫੀਸਦੀ ਦਾ ਗੋਤਾ ਲਾ ਕੇ 2,693.13 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਇਲਾਵਾ ਨੈਸਡੈਕ ਕੰਪੋਜਿਟ ਵੀ 0.8 ਫੀਸਦੀ ਡਿੱਗ ਕੇ 7,238.06 ਦੇ ਪੱਧਰ 'ਤੇ ਬੰਦ ਹੋਇਆ।