ਸ਼ੇਅਰ ਬਾਜ਼ਾਰ ਧੜੰਮ : ਸੈਂਸੈਕਸ 540 ਤੋਂ ਵੱਧ ਅੰਕ ਡਿੱਗਿਆ ਤੇ ਨਿਫਟੀ 23,381.60 ਦੇ ਪੱਧਰ ''ਤੇ ਬੰਦ

Monday, Feb 10, 2025 - 03:52 PM (IST)

ਸ਼ੇਅਰ ਬਾਜ਼ਾਰ ਧੜੰਮ : ਸੈਂਸੈਕਸ 540 ਤੋਂ ਵੱਧ ਅੰਕ ਡਿੱਗਿਆ ਤੇ ਨਿਫਟੀ 23,381.60 ਦੇ ਪੱਧਰ ''ਤੇ ਬੰਦ

ਨਵੀਂ ਦਿੱਲੀ - ਹਫਤੇ ਦੇ ਪਹਿਲੇ ਦਿਨ ਅੱਜ ਯਾਨੀ 10 ਫਰਵਰੀ ਨੂੰ ਬਾਜ਼ਾਰ 'ਚ ਵੱਡੀ ਵਿਕਰੀ ਦੇਖਣ ਨੂੰ ਮਿਲੀ ਹੈ। ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਕਾਫੀ ਕਮਜ਼ੋਰੀ ਦੇਖਣ ਨੂੰ ਮਿਲੀ ਹੈ।  ਸੈਂਸੈਕਸ 548.39 ਅੰਕ ਭਾਵ 0.70% ਦੀ ਗਿਰਾਵਟ ਨਾਲ 77,311.80 ਦੇ ਪੱਧਰ 'ਤੇ ਬੰਦ ਹੋਇਆ ਹੈ।
ਸੈਂਸੈਕਸ ਦੇ 30 ਸਟਾਕਾਂ ਵਿੱਚੋਂ 6 ਸਟਾਕਾਂ ਵਿੱਚ ਵਾਧਾ ਅਤੇ 24 ਵਿੱਚ ਗਿਰਾਵਟ ਦੇਖਣ ਨੂੰ ਮਿਲੀ।  

ਦੂਜੇ ਪਾਸੇ ਨਿਫਟੀ 'ਚ 178.35 ਅੰਕ ਭਾਵ 0.76% ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 23,381.60 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ 50 ਦੇ 11 ਸਟਾਕ ਵਾਧੇ ਨਾਲ ਅਤੇ 39 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਅੱਜ ਦੀ ਗਿਰਾਵਟ 'ਚ ਸਾਰੇ ਸੈਕਟਰਲ ਇੰਡੈਕਸ ਲਾਲ ਨਿਸ਼ਾਨ 'ਚ ਬੰਦ ਹੋਏ ਹਨ, ਜਿਸ 'ਚ ਮੈਟਲ ਅਤੇ ਰਿਐਲਟੀ ਸੈਕਟਰ 'ਚ ਸਭ ਤੋਂ ਜ਼ਿਆਦਾ ਬਿਕਵਾਲੀ ਦੇਖਣ ਨੂੰ ਮਿਲੀ ਹੈ।

ਸਵੇਰੇ ਜਦੋਂ ਬਾਜ਼ਾਰ ਖੁੱਲ੍ਹਿਆ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਾਜ਼ਾਰ 'ਚ ਕਮਜ਼ੋਰੀ ਦੇਖਣ ਨੂੰ ਮਿਲੀ। ਸੈਂਸੈਕਸ ਅਤੇ ਨਿਫਟੀ ਦੀ ਸ਼ੁਰੂਆਤ ਕਮਜ਼ੋਰੀ ਨਾਲ ਹੋਈ ਹੈ। ਸੈਂਸੈਕਸ 71 ਅੰਕ ਡਿੱਗ ਕੇ 77,789 'ਤੇ ਖੁੱਲ੍ਹਿਆ ਅਤੇ ਨਿਫਟੀ 16 ਅੰਕ ਡਿੱਗ ਕੇ 23,543 'ਤੇ ਖੁੱਲ੍ਹਿਆ। ਉਥੇ ਹੀ ਬੈਂਕ ਨਿਫਟੀ 106 ਅੰਕ ਡਿੱਗ ਕੇ 50,052 'ਤੇ ਖੁੱਲ੍ਹਿਆ ਹੈ। ਰੁਪਿਆ 50 ਪੈਸੇ ਕਮਜ਼ੋਰ ਹੋਇਆ ਅਤੇ 87.95/$ ਦੇ ਰਿਕਾਰਡ ਹੇਠਲੇ ਪੱਧਰ 'ਤੇ ਖੁੱਲ੍ਹ ਕੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਕੁਝ ਸਮੇਂ ਬਾਅਦ ਸੈਂਸੈਕਸ ਅਤੇ ਨਿਫਟੀ ਦਿਨ ਦੇ ਸਭ ਤੋਂ ਹੇਠਲੇ ਪੱਧਰ 'ਤੇ ਕਾਰੋਬਾਰ ਕਰਨ ਲੱਗੇ। ਸੈਂਸੈਕਸ 'ਚ 600 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਜਦਕਿ ਨਿਫਟੀ 'ਚ ਵੀ 180 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ।

Ajax ਇੰਜੀਨੀਅਰਿੰਗ ਦਾ IPO ਅੱਜ ਤੋਂ 

ਅਜੈਕਸ ਇੰਜੀਨੀਅਰਿੰਗ ਲਿਮਟਿਡ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ ਯਾਨੀ IPO ਅੱਜ ਤੋਂ ਖੁੱਲ੍ਹ ਗਈ ਹੈ। ਨਿਵੇਸ਼ਕ ਇਸ ਇਸ਼ੂ ਲਈ 13 ਫਰਵਰੀ ਤੱਕ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 17 ਫਰਵਰੀ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ।

ਸ਼ੁੱਕਰਵਾਰ ਨੂੰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ

ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 7 ਫਰਵਰੀ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ ਸੀ। ਸੈਂਸੈਕਸ 197 ਅੰਕਾਂ ਦੀ ਗਿਰਾਵਟ ਨਾਲ 77,860 'ਤੇ ਬੰਦ ਹੋਇਆ। ਨਿਫਟੀ 43 ਅੰਕ ਡਿੱਗ ਕੇ 23,559 'ਤੇ ਬੰਦ ਹੋਇਆ।


author

Harinder Kaur

Content Editor

Related News