ਇਕ ਮਹੀਨੇ ’ਚ 15 ਫੀਸਦੀ ਸਸਤਾ ਹੋਇਆ ਸਟੀਲ, ਕੰਪਨੀਆਂ ’ਚ ਨਿਵੇਸ਼ ਕਰਨ ਵਾਲੇ ਫਸੇ

06/21/2022 11:32:14 AM

ਜਲੰਧਰ (ਬਿਜ਼ਨੈੱਸ ਡੈਸਕ) – ਕੇਂਦਰ ਸਰਕਾਰ ਵਲੋਂ ਘਰੇਲੂ ਬਾਜ਼ਾਰ ’ਚ ਸਟੀਲ ਦੀਆਂ ਕੀਮਤਾਂ ਘੱਟ ਕਰਨ ਲਈ ਐਕਸਪੋਰਟ ’ਤੇ 15 ਫੀਸਦੀ ਡਿਊਟੀ ਲਗਾਉਣ ਨਾਲ ਇਕ ਮਹੀਨੇ ਦੇ ਅੰਦਰ ਹੀ ਘਰੇਲੂ ਸਟੀਲ ਇੰਡਸਟਰੀ ’ਤੇ ਸੰਕਟ ਦੇ ਬੱਦਲ ਦਿਖਾਈ ਦੇਣ ਲੱਗੇ ਹਨ। ਸਰਕਾਰ ਵਲੋਂ ਐਕਸਪੋਰਟ ਡਿਊਟੀ ਲਗਾਉਣ ਤੋਂ ਇਕ ਮਹੀਨੇ ਦੇ ਅੰਦਰ ਹੀ ਦੇਸ਼ ’ਚ ਸਟੀਲ ਦੀਆਂ ਕੀਮਤਾਂ ਕਰੀਬ 15 ਫੀਸਦੀ ਡਿਗ ਚੁੱਕੀਆਂ ਹਨ ਅਤੇ ਹੁਣ ਕੰਪਨੀਆਂ ਨੂੰ ਇਸ ਦਾ ਅਸਰ ਅਪ੍ਰੈਲ-ਜੂਨ ਤਿਮਾਹੀ ਦੇ ਨਤੀਜਿਆਂ ’ਤੇ ਪੈਣ ਦੀ ਚਿੰਤਾ ਸਤਾਉਣ ਲੱਗੀ ਹੈ।

ਸਰਕਾਰ ਨੂੰ ਅੰਦਾਜ਼ਾ ਸੀ ਕਿ ਘਰੇਲੂ ਬਾਜ਼ਾਰ ’ਚ ਕੀਮਤਾਂ ਡਿਗਣਗੀਆਂ ਅਤੇ ਉਸ ਨਾਲ ਘਰੇਲੂ ਮੰਗ ਵਧੇਗੀ, ਜਿਸ ਨਾਲ ਇੰਡਸਟਰੀ ਨੂੰ ਐਕਸਪੋਰਟ ’ਚ ਗਿਰਾਵਟ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਘਰੇਲੂ ਬਾਜ਼ਾਰ ਦੀ ਮੰਗ ਨਾਲ ਹੋ ਜਾਏਗੀ ਪਰ ਅਜਿਹਾ ਨਹੀਂ ਹੋਇਆ ਅਤੇ ਕੀਮਤਾਂ ’ਚ ਕਮੀ ਦੇ ਬਾਵਜੂਦ ਘਰੇਲੂ ਮੰਗ ’ਚ ਵਾਧਾ ਨਹੀਂ ਹੋਇਆ ਹੈ। ਇਸ ਦਰਮਿਆਨ ਸਟੀਲ ਨਿਰਮਾਤਾਵਾਂ ਨੂੰ ਮੰਗ ਘੱਟ ਹੋਣ ਦੀ ਹੀ ਮਾਰ ਨਹੀਂ ਪਈ ਸਗੋਂ ਇਸ ਨਾਲ ਸਟੀਲ ਕੰਪਨੀਆਂ ਦਾ ਮਾਰਕੀਟ ਕੈਪ ਵੀ ਲਗਾਤਾਰ ਘਟ ਰਿਹਾ ਹੈ। ਰੋਜ਼ਾਨਾ ਸਟੀਲ ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਦੇਖੀ ਜਾ ਰਹੀ ਹੈ, ਜਿਸ ਤੋਂ ਨਿਵੇਸ਼ਕ ਵੀ ਪ੍ਰੇਸ਼ਾਨ ਹਨ।

ਇਹ ਵੀ ਪੜ੍ਹੋ : ਮਾਹਿਰਾਂ ਨੇ ਦੱਸਿਆ ਮਹਿੰਗਾਈ ਤੋਂ ਰਾਹਤ ਦਾ ਉਪਾਅ, ਵਿਆਜ ਦਰਾਂ ਸਮੇਤ ਇਨ੍ਹਾਂ ਸੈਕਟਰ 'ਚ ਵਧ ਸੰਭਾਵਨਾ

ਸਰਕਾਰ ਫੈਸਲੇ ’ਤੇ ਕਰ ਸਕਦੀ ਹੈ ਮੁੜ ਵਿਚਾਰ

ਪਿਛਲੇ ਮਹੀਨੇ ਦੇਸ਼ ਦੀ ਸਟੀਲ ਐਕਸਪੋਰਟ ’ਚ ਆਈ ਗਿਰਾਵਟ ਕਾਰਨ ਸਟੀਲ ਨਿਰਮਾਤਾਵਾਂ ਨੇ ਹੁਣ ਸਰਕਾਰ ’ਤੇ ਸਟੀਲ ਅਤੇ ਆਇਰਨ ਓਰ ’ਤੇ ਐਕਸਪੋਰਟ ਡਿਊਟੀ ਲਗਾਉਣ ਦੇ ਆਪਣੇ ਫੈਸਲੇ ਨੂੰ ਲੈ ਕੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ 22 ਮਈ ਨੂੰ ਸਟੀਲ ’ਤੇ 15 ਫੀਸਦੀ ਅਤੇ ਆਇਰਨ ਓਰ ’ਤੇ 55 ਫੀਸਦੀ ਡਿਊਟੀ ਲਗਾਈ ਸੀ। ਐਕਸਪੋਰਟ ’ਚ ਗਿਰਾਵਟ ਅਤੇ ਘਰੇਲੂ ਮੰਗ ਨਾ ਨਿਕਲਣ ਤੋਂ ਪ੍ਰੇਸ਼ਾਨ ਇੰਡੀਅਨ ਸਟੀਲ ਐਸੋਸੀਏਸ਼ਨ ਦੇ ਇਕ ਵਫਦ ਨੇ ਐਸੋਸੀਏਸ਼ਨ ਦੇ ਮੁਖੀ ਦਿਲੀਪ ਓਮਨ ਦੀ ਪ੍ਰਧਾਨੀ ’ਚ ਸਰਕਾਰੀ ਸਕਿਓਰਿਟੀਜ਼ ਨਾਲ ਮੁਲਾਕਾਤ ਕੀਤੀ ਹੈ।

ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿਧਾਂਤਿਕ ਤੌਰ ’ਤੇ ਐਕਸਪੋਰਟ ਡਿਊਟੀ ਹਟਾਉਣ ਨੂੰ ਤਿਆਰ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਇੰਜੀਨੀਅਰਿੰਗ ਕੰਪੋਨੈਂਟ ਦੀ ਜੀ. ਡੀ. ਪੀ. ਵਿਚ ਆਇਰਨ ਅਤੇ ਸਟੀਲ ਦੀ ਹਿੱਸੇਦਾਰੀ 38 ਫੀਸਦੀ ਹੈ। ਵਿੱਤੀ ਸਾਲ 2022 ’ਚ ਭਾਰਤ ਨੇ 18.4 ਮਿਲੀਅਨ ਟਨ ਸੈਮੀ ਫਿਨਿਸ਼ਡ ਅਤੇ ਫਿਨਿਸ਼ਡ ਸਟੀਲ ਦੀ ਐਕਸਪੋਰਟ ਕੀਤੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਛੇਤੀ ਉਨ੍ਹਾਂ ਦੀ ਮੰਗ ’ਤੇ ਗੌਰ ਕਰਕੇ ਕੇ ਐਕਸਪੋਰਟ ਡਿਊਟੀ ਹਟਾਉਣ ਦਾ ਐਲਾਨ ਕਰੇਗੀ।

ਇਹ ਵੀ ਪੜ੍ਹੋ : ਆਨੰਦ ਮਹਿੰਦਰਾ ਨੇ ਅਗਨੀਵੀਰਾਂ ਲਈ ਖੋਲ੍ਹੇ ਆਪਣੀ ਕੰਪਨੀ ਦੇ ਦਰਵਾਜ਼ੇ, ਜਾਣੋ ਕਿਨ੍ਹਾਂ ਨੂੰ ਦੇਣਗੇ

ਨਿਫਟੀ ਮੈਟਲ 52 ਹਫਤਿਆਂ ਦੇ ਹੇਠਲੇ ਪੱਧਰ ’ਤੇ, ਟਾਟਾ ਸਟੀਲ ਇਕ ਮਹੀਨੇ ’ਚ 25 ਫੀਸਦੀ ਟੁੱਟਾ

ਇਕ ਮਹੀਨੇ ’ਚ ਸਟੀਲ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਟਾਟਾ ਸਟੀਲ ਦਾ ਸ਼ੇਅਰ ਹੀ ਇਕ ਮਹੀਨੇ ’ਚ 25 ਫੀਸਦੀ ਤੋਂ ਜ਼ਿਆਦਾ ਟੁੱਟ ਗਿਆ ਹੈ ਜਦ ਕਿ ਮੈਟਲ ਨਿਫਟੀ ’ਚ ਪਿਛਲੇ ਇਕ ਮਹੀਨੇ ’ਚ 20 ਫੀਸਦੀ ਦੀ ਗਿਰਾਵਟ ਆਈ ਹੈ। 20 ਮਈ ਨੂੰ ਮੈਟਲ ਨਿਫਟੀ 5706 ’ਤੇ ਬੰਦ ਹੋਇਆ ਸੀ ਅਤੇ ਸੋਮਵਾਰ ਨੂੰ ਕਾਰੋਬਾਰੀ ਸੈਸ਼ਨਲ ਦੌਰਾਨ ਨਿਫਟੀ ਮੈਟਲ ਨੇ 4437 ਦਾ ਘੱਟੋ-ਘੱਟ ਪੱਧਰ ਦੇਖਿਆ ਅਤੇ ਬਾਅਦ ’ਚ 4540.55 ’ਤੇ ਬੰਦ ਹੋਇਆ। ਨਿਫਟੀ ਮੈਟਲ ਦਾ ਇਹ 52 ਹਫਤਿਆਂ ਦਾ ਹੇਠਲਾ ਪੱਧਰ ਹੈ ਜਦ ਕਿ ਨਿਫਟੀ ਮੈਟਲ ਦੇ ਕਈ ਸ਼ੇਅਰ ਆਪਣੇ ਉੱਚ ਪੱਧਰ ਤੋਂ 50 ਫੀਸਦੀ ਤੋਂ ਵੱਧ ਡਿਗ ਚੁੱਕੇ ਹਨ ਅਤੇ ਨਿਵੇਸ਼ਕ ਇਸ ’ਚ ਬੁਰੀ ਤਰ੍ਹਾਂ ਫਸ ਗਏ ਹਨ।

ਇਹ ਵੀ ਪੜ੍ਹੋ : ਸਰਕਾਰ ਦੇ ਰਹੀ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਸਾਵਰੇਨ ਗੋਲਡ ਦੀ ਵਿਕਰੀ ਹੋਈ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News