ਮਹਿੰਗੇ ਫਿਊਲ ਦਾ ਅਸਰ, ਸਪਾਈਸ ਜੈੱਟ ਨੇ ਬਦਲੀ ਇਹ ਯੋਜਨਾ

08/21/2018 3:53:41 PM

ਮੁੰਬਈ— ਸਪਾਈਸ ਜੈੱਟ ਨੇ ਲੰਮੇ ਕੌਮਾਂਤਰੀ ਮਾਰਗਾਂ 'ਤੇ ਫਲਾਈਟ ਸ਼ੁਰੂ ਕਰਨ ਦੇ ਪਲਾਨ ਨੂੰ ਫਿਲਹਾਲ ਰੋਕ ਦਿੱਤਾ ਹੈ। ਰਿਪੋਰਟਾਂ ਮੁਤਾਬਕ, ਰੁਪਏ 'ਚ ਗਿਰਾਵਟ ਅਤੇ ਫਿਊਲ ਕੀਮਤਾਂ 'ਚ ਤੇਜ਼ੀ ਕਾਰਨ ਸਪਾਈਸ ਜੈੱਟ ਨੇ ਇਹ ਪਲਾਨ ਫਿਲਹਾਲ ਲਈ ਟਾਲ ਦਿੱਤਾ ਹੈ। ਜਾਣਕਾਰੀ ਮੁਤਾਬਕ, ਸਪਾਈਸ ਜੈੱਟ ਲਾਗਤ ਘਟ ਹੋਣ ਦੀ ਉਡੀਕ ਕਰੇਗੀ ਕਿਉਂਕਿ ਕੰਪਨੀ ਦਾ ਮਕਸਦ ਹੋਰ ਕੌਮਾਂਤਰੀ ਫਲਾਈਟਸ ਦੇ ਮੁਕਾਬਲੇ ਸਸਤੇ 'ਚ ਹਵਾਈ ਸਫਰ ਉਪਲੱਬਧ ਕਰਾਉਣਾ ਹੈ। ਸਪਾਈਸ ਜੈੱਟ ਦੇ ਚੇਅਰਮੈਨ ਅਜੇ ਸਿੰਘ ਨੇ ਇਕ ਇੰਟਰਵਿਊ 'ਚ ਕਿਹਾ ਕਿ ਅਸੀਂ ਭਵਿੱਖ 'ਚ ਕਈ ਹੋਰ ਦੇਸ਼ਾਂ ਨੂੰ ਉਡਾਣ ਭਰਨ ਦੀ ਉਮੀਦ ਕਰਦੇ ਹਾਂ ਪਰ ਅਸੀਂ ਲੰਮੇ ਕੌਮਾਂਤਰੀ ਮਾਰਗਾਂ ਲਈ ਫਲਾਈਟਸ ਉਦੋਂ ਹੀ ਸ਼ੁਰੂ ਕਰਾਂਗੇ ਜਦੋਂ ਵਪਾਰਕ ਤੌਰ 'ਤੇ ਇਹ ਵਿਵਹਾਰਕ ਹੋਵੇਗੀ। ਉਨ੍ਹਾਂ ਕਿਹਾ ਕਿ ਸਪਾਈਸ ਜੈੱਟ ਹਵਾਬਾਜ਼ੀ ਟ੍ਰਿਬਾਇਨ ਫਿਊਲ (ਏ. ਟੀ. ਐੱਫ.) ਅਤੇ ਟੈਕਸੇਸ਼ਨ ਦੇ ਮਾਮਲੇ 'ਚ ਸਥਿਤੀ ਕੁਝ ਬਿਹਤਰ ਹੋਣ ਦੀ ਉਡੀਕ ਕਰੇਗੀ। ਸਪਾਈਸ ਜੈੱਟ ਨੇ ਵੱਡੇ ਜਹਾਜ਼ ਵੀ ਖਰੀਦਣੇ ਹਨ, ਜੋ ਫਿਊਲ ਦੀ ਕਾਫੀ ਖਪਤ ਕਰਦੇ ਹਨ।

ਮੌਜੂਦਾ ਸਮੇਂ ਸਪਾਈਸ ਜੈੱਟ ਛੋਟੇ ਕੌਮਾਂਤਰੀ ਮਾਰਗਾਂ ਜਿਵੇਂ ਕਿ ਦੁਬਈ, ਕੋਲੰਬੋ, ਬੈਂਕਾਕ ਅਤੇ ਕਾਬੁਲ ਲਈ ਫਲਾਈਟਸ ਚਲਾਉਂਦਾ ਹੈ। ਇਨ੍ਹਾਂ ਮਾਰਗਾਂ 'ਤੇ ਸਪਾਈਸ ਜੈੱਟ ਬੋਇੰਗ 737-800 ਅਤੇ ਬੋਇੰਗ 737-900 ਈ. ਆਰ. ਜਹਾਜ਼ਾਂ ਦੀ ਵਰਤੋਂ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਮਹਿੰਗੇ ਫਿਊਲ ਅਤੇ ਰੁਪਏ 'ਚ ਕਮਜ਼ੋਰੀ ਅਤੇ ਪਿਛਲੇ ਕਈ ਮਹੀਨਿਆਂ ਤੋਂ ਭਾਰਤੀ ਜਹਾਜ਼ ਕੰਪਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਮੁਕਾਬਲੇਬਾਜ਼ੀ ਦੇ ਮੱਦੇਨਜ਼ਰ ਕਿਰਾਏ ਸਥਿਰ ਹਨ ਜਾਂ ਫਿਰ ਘਟਾਏ ਗਏ ਹਨ। ਪਿਛਲੇ ਇਕ ਸਾਲ 'ਚ ਕੱਚਾ ਤੇਲ ਤਕਰੀਬਨ 36 ਫੀਸਦੀ ਮਹਿੰਗਾ ਹੋ ਚੁੱਕਾ ਹੈ ਅਤੇ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 'ਚ 8 ਫੀਸਦੀ ਦੀ ਗਿਰਾਵਟ ਆਈ ਹੈ। ਸਪਾਈਸ ਜੈੱਟ ਦੇ ਚੇਅਰਮੈਨ ਨੇ ਉਮੀਦ ਜਤਾਈ ਕਿ ਕੱਚੇ ਤੇਲ ਦੀਆਂ ਕੀਮਤਾਂ ਘਟ ਕੇ 65 ਡਾਲਰ ਪ੍ਰਤੀ ਬੈਰਲ 'ਤੇ ਆ ਜਾਣਗੀਆਂ।


Related News