ਸਪਾਈਸਜੈੱਟ ਲੌਜਿਸਟਿਕਸ ਕਾਰੋਬਾਰ ਸਪਾਈਸ ਐਕਸਪ੍ਰੈੱਸ ਨੂੰ ਕਰੇਗੀ ਟਰਾਂਸਫਰ
Tuesday, Aug 17, 2021 - 02:30 PM (IST)
ਨਵੀਂ ਦਿੱਲੀ- ਸਪਾਈਸਜੈੱਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੀ ਮਾਲ ਅਤੇ ਲੌਜਿਸਟਿਕਸ ਸੇਵਾਵਾਂ ਨੂੰ ਆਪਣੀ ਸਹਾਇਕ ਕੰਪਨੀ ਸਪਾਈਸ ਐਕਸਪ੍ਰੈਸ ਐਂਡ ਲੌਜਿਸਟਿਕਸ ਪ੍ਰਾਈਵੇਟ ਲਿਮਟਿਡ ਨੂੰ ਤਬਦੀਲ ਕਰ ਰਹੀ ਹੈ।
ਸਪਾਈਸਜੈੱਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੈ ਸਿੰਘ ਨੇ ਇਕ ਬਿਆਨ ਵਿਚ ਕਿਹਾ ਕਿ ਸਪਾਈਸ ਐਕਸਪ੍ਰੈਸ ਨੂੰ ਕਾਰੋਬਾਰ ਦੇ ਪ੍ਰਸਤਾਵਿਤ ਟਰਾਂਸਫਰ ਨਾਲ ਨਵੀਂ ਕੰਪਨੀ ਨੂੰ ਆਪਣੇ ਲੌਜਿਸਟਿਕਸ ਪਲੇਟਫਾਰਮ ਅਤੇ ਸੇਵਾਵਾਂ ਦੇ ਕਾਰੋਬਾਰ ਨੂੰ ਤੇਜ਼ੀ ਨਾਲ ਵਧਾਉਣ ਵਿਚ ਸਹਾਇਤਾ ਮਿਲੇਗੀ।
ਉਨ੍ਹਾਂ ਅੱਗੇ ਕਿਹਾ ਕਿ ਸਪਾਈਸ ਐਕਸਪ੍ਰੈਸ ਆਪਣੇ ਵਿਕਾਸ ਲਈ ਸਪਾਈਸ ਜੈੱਟ ਤੋਂ ਵੱਖਰੇ ਤੌਰ 'ਤੇ ਪੂੰਜੀ ਜੁਟਾਉਣ ਦੇ ਸਮਰੱਥ ਹੋਵੇਗੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਕ ਸੁਤੰਤਰ ਇਕਾਈ ਵਜੋਂ ਸਪਾਈਸ ਐਕਸਪ੍ਰੈੱਸ ਦੀ ਕਾਰਗੁਜ਼ਾਰੀ ਸਪਾਈਸਜੈੱਟ ਅਤੇ ਇਸ ਦੇ ਸਾਰੇ ਸ਼ੇਅਰਧਾਰਕਾਂ ਲਈ ਲਾਭਦਾਇਕ ਹੋਵੇਗੀ। ਹਵਾਬਾਜ਼ੀ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਵੱਲੋਂ ਕੀਤੇ ਗਏ ਸੁਤੰਤਰ ਮੁਲਾਂਕਣ ਤਹਿਤ ਲੌਜਿਸਟਿਕਸ ਕਾਰੋਬਾਰ ਦੀ ਕੀਮਤ 2,555.77 ਕਰੋੜ ਰੁਪਏ ਹੈ। ਉਮੀਦ ਕੀਤੀ ਜਾਂਦੀ ਹੈ ਕਿ ਸਪਾਈਸ ਐਕਸਪ੍ਰੈੱਸ 1 ਅਕਤੂਬਰ, 2021 ਨੂੰ ਜਾਂ ਇਸ ਦੇ ਆਸਪਾਸ ਕਾਰੋਬਾਰ ਦੇ ਤਬਾਦਲੇ 'ਤੇ ਇਕ ਵੱਖਰੀ ਇਕਾਈ ਵਜੋਂ ਕੰਮ ਕਰੇਗੀ। ਜੂਨ ਨੂੰ ਸਮਾਪਤ ਹੋਈ ਤਿਮਾਹੀ ਦੇ ਨਤੀਜਿਆਂ ਅਨੁਸਾਰ, ਲੌਜਿਸਟਿਕਸ ਕਾਰੋਬਾਰ ਨੇ 30 ਕਰੋੜ ਰੁਪਏ ਦੇ ਸ਼ੁੱਧ ਲਾਭ ਦੇ ਨਾਲ ਇਕ ਹੋਰ ਲਾਭਦਾਇਕ ਤਿਮਾਹੀ ਦੀ ਰਿਪੋਰਟਿੰਗ ਜਾਰੀ ਰੱਖੀ।