ਡਿਜੀਟਲ ਰੁਪਏ ਦੀ ਟੈਸਟਿੰਗ ਦੇ ਦੌਰਾਨ ਲੈਣ-ਦੇਣ ''ਚ ਤੇਜ਼ੀ
Wednesday, Dec 07, 2022 - 05:19 PM (IST)

ਨਵੀਂ ਦਿੱਲੀ- ਕੇਂਦਰੀ ਬੈਂਕ ਦੀ ਡਿਜੀਟਲ ਕਰੰਸੀ (ਸੀ.ਬੀ.ਡੀ.ਸੀ) ਦੇ ਪਾਇਲਟ ਸੰਚਾਲਨ ਦੌਰਾਨ ਲੈਣ-ਦੇਣ 'ਚ ਤੇਜ਼ੀ ਦੇਖੀ ਜਾ ਰਹੀ ਹੈ। ਨਵੰਬਰ 'ਚ ਹਰ ਦਿਨ ਥੋਕ ਸ਼੍ਰੇਣੀ 'ਚ ਔਸਤਨ 325 ਕਰੋੜ ਰੁਪਏ ਦਾ ਕਾਰੋਬਾਰ ਹੋਇਆ। ਖੁਦਰਾ ਸ਼੍ਰੇਣੀ 'ਚ ਭਾਰਤੀ ਰਿਜ਼ਰਵ ਬੈਂਕ ਨੇ ਟੈਸਟਿੰਗ ਦੇ ਪਹਿਲੇ ਦੋ ਦਿਨਾਂ 'ਚ 3 ਕਰੋੜ ਰੁਪਏ ਦੀ ਡਿਜੀਟਲ ਕਰੰਸੀ ਤਿਆਰ ਕੀਤੀ ਹੈ।
ਥੋਕ ਸ਼੍ਰੇਣੀ 'ਚ ਸੀ.ਬੀ.ਡੀ.ਸੀ ਦਾ ਪਾਇਲਟ ਸੰਚਾਲਨ 1 ਅਕਤੂਬਰ ਨੂੰ 8 ਬੈਂਕਾਂ ਦੇ ਨਾਲ ਸ਼ੁਰੂ ਕੀਤਾ ਸੀ ਅਤੇ ਪ੍ਰਚੂਨ ਸ਼੍ਰੇਣੀ 'ਚ 4 ਬੈਂਕਾਂ ਦੇ ਨਾਲ 1 ਨਵੰਬਰ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਫਿਲਹਾਲ ਦੇਸ਼ ਦੇ ਚਾਰ ਸ਼ਹਿਰਾਂ 'ਚ ਉਪਭੋਗਤਾਵਾਂ ਦੇ ਇੱਕ ਛੋਟੇ ਸਮੂਹ 'ਚ ਵਪਾਰੀਆਂ ਅਤੇ ਗਾਹਕਾਂ ਵਿਚਕਾਰ ਲੈਣ-ਦੇਣ ਦੀ ਆਗਿਆ ਦਿੱਤੀ ਗਈ ਹੈ।
ਘਟਨਾਕ੍ਰਮ ਦੇ ਜਾਣਕਾਰ ਇੱਕ ਵਿਅਕਤੀ ਨੇ ਕਿਹਾ, ਦੋ-ਪੱਖੀ ਸਕਿਓਰਿਟੀ ਲੈਣ-ਦੇਣ ਦੇ ਲਿਹਾਜ਼ ਨਾਲ “ਸੀ.ਬੀ.ਡੀ.ਸੀ-ਡਬਲਿਊ ਆਧਾਰ ਸੈਟਲਮੈਂਟ ਨੇ ਪ੍ਰਭਾਵੀ ਪ੍ਰਦਰਸ਼ਨ ਕੀਤਾ ਹੈ।
ਸੂਤਰਾਂ ਨੇ ਦੱਸਿਆ ਕਿ ਪੂਰੇ ਟੈਸਟ ਦੌਰਾਨ ਸਿਸਟਮ 'ਚ ਕੋਈ ਵੱਡੀ ਸਮੱਸਿਆ ਨਜ਼ਰ ਨਹੀਂ ਆਈ ਅਤੇ ਛੋਟੀਆਂ-ਮੋਟੀਆਂ ਤਰੁੱਟੀਆਂ ਨੂੰ ਤੁਰੰਤ ਠੀਕ ਕਰ ਲਿਆ ਗਿਆ। ਖੁਦਰਾ ਸ਼੍ਰੇਣੀ 'ਚ ਇਸ ਦੇ ਪਾਇਲਟ ਟੈਸਟ ਨੂੰ ਇੱਕ ਉਤਸ਼ਾਹਜਨਕ ਪ੍ਰਤੀਕਿਰਿਆ ਮਿਲੀ ਹੈ ਅਤੇ ਪਹਿਲੇ ਦੋ ਦਿਨਾਂ 'ਚ ਚਾਰ ਪ੍ਰਤੀਭਾਗੀ ਬੈਂਕਾਂ ਨੂੰ ਸਾਰੇ ਮੁੱਲਾਂ ਦੀਆਂ ਲਗਭਗ 30 ਕਰੋੜ ਡਿਜੀਟਲ ਮੁਦਰਾਵਾਂ ਜਾਰੀ ਕੀਤੀਆਂ ਗਈਆਂ।
ਫਿਲਹਾਲ ਰਿਟੇਲ ਟ੍ਰਾਇਲ 'ਚ ਪਰਸਨ ਟੂ ਪਰਸਨ (ਪੀ2ਪੀ) ਅਤੇ ਪਰਸਨ ਟੂ ਮਰਚੈਂਟ (ਪੀ2ਐੱਮ) ਲੈਣ-ਦੇਣ ਲਈ ਖਾਸ ਵਰਤੋਂ ਦੇ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਡਿਜੀਟਲ ਰੁਪਈਆ ਵਿਅਕਤੀਆਂ ਨੂੰ ਡਿਜੀਟਲ ਰੂਪ 'ਚ ਜੋਖਮ-ਮੁਕਤ ਕੇਂਦਰੀ ਬੈਂਕ ਮੁਦਰਾ ਰੱਖਣ ਅਤੇ ਲੈਣ-ਦੇਣ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ।