‘ਪੈਮਾਨਿਆਂ ’ਤੇ ਖਰੇ ਨਹੀਂ ਉਤਰੇ ਸੋਇਆਬੀਨ ਬੀਜ ਦੇ ਨਮੂਨੇ, ਸੋਪਾ ਦਾ ਬੀਜ ਲਾਇਸੈਂਸ ਰੱਦ’
Thursday, Jun 24, 2021 - 12:10 PM (IST)
ਇੰਦੌਰ (ਭਾਸ਼ਾ) – ਸੋਇਆਬੀਨ ਬੀਜ ਦੇ ਨਮੂਨੇ ਪੈਮਾਨਿਆਂ ’ਤੇ ਖਰੇ ਨਾ ਉਤਰਨ ਕਾਰਨ ਮੱਧ ਪ੍ਰਦੇਸ਼ ਦੇ ਖੇਤੀਬਾੜੀ ਵਿਭਾਗ ਨੇ ਸੋਇਆਬੀਨ ਪ੍ਰੋਸੈਸਰਸ ਦੇ ਇਕ ਪ੍ਰਮੁੱਖ ਸੰਗਠਨ ਦਾ ਬੀਜ ਲਾਇਸੈਂਸ ਰੱਦ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਇਹ ਸੰਗਠਨ ਫਿਲਹਾਲ ਸੋਇਆਬੀਨ ਬੀਜ ਦੀ ਖਰੀਦੋ-ਫਰੋਖਤ ਨਹੀਂ ਕਰ ਸਕੇਗਾ।
ਖੇਤੀਬਾੜੀ ਵਿਭਾਗ ਦੇ ਲਾਇਸੈਂਸ ਅਧਿਕਾਰੀ ਅਤੇ ਉਪ-ਸੰਚਾਲਕ ਸ਼ਿਵ ਸਿੰਘ ਰਾਜਪੂਤ ਨੇ ਦੱਸਿਆ ਕਿ ਇੰਦੌਰ ਸਥਿਤ ਸੋਇਆਬੀਨ ਪ੍ਰੋਸੈਸਰਸ ਐਸੋਸੀਏਸ਼ਨ ਆਫ ਇੰਡੀਆ (ਸੋਪਾ) ਦੇ ਉਤਪਾਦਿਤ ਸੋਇਆਬੀਨ ਬੀਜ ਦੇ 6 ਨਮੂਨੇ 27 ਮਈ ਨੂੰ ਲਏ ਗਏ ਸਨ। ਗਵਾਲੀਅਰ ਦੀ ਬੀਜ ਪਰੀਖਣ ਪ੍ਰਯੋਗਸ਼ਾਲਾ ’ਚ ਜਾਂਚ ਕਰਵਾਏ ਜਾਣ ’ਤੇ ਇਨ੍ਹਾਂ ’ਚੋਂ 5 ਨਮੂਨੇ ਮਾਪਦੰਡ ’ਤੇ ਖਰੇ ਨਹੀਂ ਉਤਰੇ। ਇਸ ਗੜਬੜੀ ’ਤੇ ਸੋਪਾ ਦਾ ਬੀਜ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।
ਰਾਜਪੂਤ ਨੇ ਇਹ ਵੀ ਦੱਸਿਆ ਕਿ 27 ਮਈ ਨੂੰ ਨਿਰੀਖਣ ਦੌਰਾਨ ਸੋਪਾ ਦੇ ਗੋਦਾਮ ’ਚ ਭੰਡਾਰਿਤ ਸੋਇਆਬੀਨ ਬੀਜ ਦੇ 30-30 ਕਿਲੋਗ੍ਰਾਮ ਭਾਰ ਦੇ 777 ਬੋਰੇ ਬਿਨਾਂ ਟੈਗ ਤੋਂ ਰੱਖੇ ਪਾਏ ਗਏ ਅਤੇ ਜਾਂਚ ’ਚ ਪਤਾ ਲੱਗਾ ਕਿ ਇਹ ਬੀਜ ਪ੍ਰਮਾਣਿਤ ਨਹੀਂ ਹਨ।