RBI ਫਰਵਰੀ ''ਚ ਵੇਚੇਗਾ ਗੋਲਡ ਬਾਂਡ, ਇੰਨਾ ਸਸਤਾ ਪੈ ਰਿਹੈ 1 ਗ੍ਰਾਮ
Saturday, Jan 30, 2021 - 03:10 PM (IST)
ਨਵੀਂ ਦਿੱਲੀ- ਸਰਾਫਾ ਬਾਜ਼ਾਰ ਵਿਚ ਮੌਜੂਦਾ ਕੀਮਤਾਂ ਨੂੰ ਦੇਖਦੇ ਹੋਏ ਗੋਲਡ ਬਾਂਡ ਯੋਜਨਾ ਵਿਚ ਨਿਵੇਸ਼ ਕਰਨਾ ਬਿਹਤਰ ਬਦਲ ਹੋ ਸਕਦਾ ਹੈ। ਸਾਵਰੇਨ ਗੋਲਡ ਬਾਂਡ 2020-21 ਦੀ 11ਵੀਂ ਕਿਸ਼ਤ 1 ਫਰਵਰੀ 2021 ਨੂੰ ਖੁੱਲ੍ਹਣ ਜਾ ਰਹੀ ਹੈ ਅਤੇ 5 ਫਰਵਰੀ 2021 ਵਿਚਕਾਰ ਇਸ ਵਿਚ ਨਿਵੇਸ਼ ਕੀਤਾ ਜਾ ਸਕਦਾ ਹੈ।
ਇਸ ਵਾਰ ਭਾਰਤੀ ਰਿਜ਼ਰਵ ਬੈਂਕ ਨੇ ਗੋਲਡ ਬਾਂਡ ਲਈ ਘੱਟੋ-ਘੱਟ ਕੀਮਤ 4,912 ਰੁਪਏ ਪ੍ਰਤੀ ਗ੍ਰਾਮ ਨਿਰਧਾਰਤ ਕੀਤੀ ਹੈ। ਇਸ ਬਾਂਡ ਲਈ ਆਨਲਾਈਨ ਭੁਗਤਾਨ ਕਰਨ ਵਾਲੇ ਖ਼ਰੀਦਦਾਰਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ। ਇਸ ਤਰ੍ਹਾਂ ਨਿਵੇਸ਼ਕ 4,862 ਰੁਪਏ ਪ੍ਰਤੀ ਗ੍ਰਾਮ ਦੇ ਮੁੱਲ 'ਤੇ ਬਾਂਡ ਖ਼ੀਰਦ ਸਕਦੇ ਹਨ।
ਪਿਛਲੀ ਵਾਰ ਗੋਲਡ ਬਾਂਡ ਦੀ ਘੱਟੋ-ਘੱਟ ਕੀਮਤ 5,104 ਰੁਪਏ ਪ੍ਰਤੀ ਗ੍ਰਾਮ ਨਿਰਧਾਰਤ ਕੀਤੀ ਗਈ ਸੀ। ਗੋਲਡ ਬਾਂਡ ਖ਼ਰੀਦਣ ਵਾਲੇ ਨਿਵੇਸ਼ਕ 1 ਫਰਵਰੀ ਤੋਂ 5 ਫਰਵਰੀ 2021 ਵਿਚਕਾਰ ਖੁੱਲ੍ਹਣ ਵਾਲੇ ਬਾਂਡ ਦੀ 11ਵੀਂ ਸੀਰੀਜ਼ ਵਿਚ ਘੱਟੋ-ਘੱਟ 1 ਗ੍ਰਾਮ ਅਤੇ ਵੱਧ ਤੋਂ ਵੱਧ 500 ਗ੍ਰਾਮ ਸੋਨੇ ਦੀ ਕੀਮਤ ਬਰਾਬਰ ਨਿਵੇਸ਼ ਕਰ ਸਕਦੇ ਹਨ। ਇਹ ਲਿਮਟ ਨਿੱਜੀ ਤੌਰ 'ਤੇ ਨਿਵੇਸ਼ ਕਰਨ ਵਾਲੇ ਗਾਹਕਾਂ ਲਈ ਹੈ। ਉੱਥੇ ਹੀ, ਟਰੱਸਟ 20 ਕਿਲੋਗ੍ਰਾਮ ਤੱਕ ਦੇ ਮੁੱਲ ਬਰਾਬਰ ਨਿਵੇਸ਼ ਕਰ ਸਕਦੇ ਹਨ। ਇਸ ਗੋਲਡ ਬਾਂਡ ਦੀ ਵਿਕਰੀ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ, ਸਟਾਕ ਐਕਸਚੇਂਜਾਂ ਜ਼ਰੀਏ ਹੋਵੇਗੀ। ਇਸ ਬਾਂਡ ਦੀ ਮਿਆਦ 8 ਸਾਲ ਦੀ ਹੈ, ਹਾਲਾਂਕਿ, 5 ਸਾਲਾਂ ਪਿੱਛੋਂ ਵੀ ਇਸ ਵਿਚੋਂ ਨਿਕਲਣ ਦਾ ਬਦਲ ਮਿਲਦਾ ਹੈ।