FCI ਨੇ 220 ਲੱਖ ਟਨ ਕਣਕ ਖਰੀਦੀ, ਪੰਜਾਬ ਸਭ ਤੋਂ ਮੋਹਰੀ!

04/26/2018 1:02:15 PM

ਨਵੀਂ ਦਿੱਲੀ— ਸਰਕਾਰ ਵੱਲੋਂ ਕਣਕ ਦੀ ਸ਼ੁਰੂ ਕੀਤੀ ਗਈ ਨਵੀਂ ਖਰੀਦ ਤਹਿਤ ਚਾਲੂ ਮਾਰਕੀਟਿੰਗ ਸਾਲ 'ਚ ਹੁਣ ਤਕ 220 ਲੱਖ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਸਰਕਾਰ ਨੇ ਮਾਰਕੀਟਿੰਗ ਸਾਲ 2018-19 ਲਈ 320 ਲੱਖ ਟਨ ਕਣਕ ਖਰੀਦ ਦਾ ਟੀਚਾ ਨਿਰਧਾਰਤ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਸਰਕਾਰੀ ਏਜੰਸੀ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਵੱਲੋਂ 308 ਲੱਖ ਟਨ ਕਣਕ ਦੀ ਖਰੀਦ ਕੀਤੀ ਗਈ ਸੀ। 320 ਲੱਖ ਟਨ ਕਣਕ ਖਰੀਦ ਦੇ ਟੀਚੇ ਦੇ ਹਿਸਾਬ ਨਾਲ ਦੇਖੀਏ ਤਾਂ 25 ਅਪ੍ਰੈਲ 2018 ਤਕ ਸਰਕਾਰੀ ਏਜੰਸੀਆਂ ਨੇ ਕਣਕ ਦਾ ਟੀਚਾ ਤਕਰੀਬਨ 69 ਫੀਸਦੀ ਪੂਰਾ ਕਰ ਲਿਆ ਹੈ। ਕਣਕ ਦਾ ਮਾਰਕੀਟਿੰਗ ਸਾਲ ਅਪ੍ਰੈਲ ਮਹੀਨੇ ਤੋਂ ਲੈ ਕੇ ਅਗਲੇ ਸਾਲ ਮਾਰਚ ਤਕ ਦਾ ਹੁੰਦਾ ਹੈ ਪਰ ਇਸ ਦੀ ਜ਼ਿਆਦਾਤਰ ਖਰੀਦ ਪਹਿਲੇ ਤਿੰਨ ਮਹੀਨਿਆਂ 'ਚ ਹੁੰਦੀ ਹੈ। ਸਰਕਾਰ ਵੱਲੋਂ ਐੱਫ. ਸੀ. ਆਈ. ਅਤੇ ਸਰਕਾਰੀ ਏਜੰਸੀਆਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਇਹ ਖਰੀਦ ਕਰਦੀਆਂ ਹਨ। ਇਸ ਵਾਰ ਕਣਕ ਦਾ ਐੱਮ. ਐੱਸ. ਪੀ. 1735 ਰੁਪਏ ਪ੍ਰਤੀ ਕੁਇੰਟਲ ਹੈ।

ਪੰਜਾਬ ਤੋਂ ਸਰਕਾਰ ਦਾ ਉਦੇਸ਼ 119 ਲੱਖ ਟਨ ਕਣਕ ਖਰੀਦਣ ਦਾ ਹੈ। ਇਸ ਸਾਲ ਹੁਣ ਤਕ ਐੱਫ. ਸੀ. ਆਈ. ਪੰਜਾਬ ਤੋਂ 89.36 ਲੱਖ ਟਨ ਕਣਕ ਖਰੀਦ ਚੁੱਕੀ ਹੈ, ਜਦੋਂ ਕਿ ਹਰਿਆਣਾ ਤੋਂ 72.27 ਲੱਖ ਟਨ, ਮੱਧ ਪ੍ਰਦੇਸ਼ ਤੋਂ 39.02 ਲੱਖ ਟਨ ਅਤੇ ਉੱਤਰ ਪ੍ਰਦੇਸ਼ ਤੋਂ 12.03 ਲੱਖ ਟਨ ਦੀ ਖਰੀਦ ਹੋਈ ਹੈ, ਬਾਕੀ ਕਣਕ ਦੇਸ਼ ਦੇ ਹੋਰ ਸੂਬਿਆਂ ਤੋਂ ਖਰੀਦੀ ਗਈ ਹੈ। ਫਰਵਰੀ 'ਚ ਜਾਰੀ ਕੀਤੇ ਗਏ ਦੂਜੇ ਅਨੁਮਾਨ 'ਚ ਸਰਕਾਰ ਨੇ ਕਣਕ ਉਤਪਾਦਨ ਥੋੜ੍ਹਾ ਘੱਟ ਰਹਿਣ ਦਾ ਅੰਦਾਜ਼ਾ ਜਤਾਇਆ ਸੀ। ਅਨੁਮਾਨ 'ਚ 9.71 ਕਰੋੜ ਟਨ ਕਣਕ ਦੀ ਪੈਦਾਵਾਰ ਹੋਣ ਦਾ ਅੰਦਾਜ਼ਾ ਪ੍ਰਗਟ ਕੀਤਾ ਗਿਆ ਸੀ, ਜਦੋਂ ਕਿ ਪਿਛਲੇ ਸਾਲ ਦੇਸ਼ 'ਚ 9.85 ਕਰੋੜ ਟਨ ਕਣਕ ਦਾ ਉਤਪਾਦਨ ਹੋਇਆ ਸੀ।


Related News