ਤਿਉਹਾਰੀ ਸੀਜ਼ਨ : ਸਮਾਰਟ ਫੋਨ, ਲੈਪਟਾਪ, TV ਤੇ ਹੋਰ ਸਾਮਾਨ ਹੋਣਗੇ ਮਹਿੰਗੇ

09/25/2021 9:37:14 AM

ਨਵੀਂ ਦਿੱਲੀ- ਇਸ ਸਾਲ ਤਿਉਹਾਰੀ ਸੀਜ਼ਨ ਵਿਚ ਬਾਜ਼ਾਰਾਂ ਵਿਚ ਚਹਿਲ-ਪਹਿਲ ਹੈ ਅਤੇ ਸਾਮਾਨ ਖਰੀਦਣ ਲਈ ਭੀੜ ਹੁਣ ਪਹਿਲਾਂ ਦੀ ਤਰ੍ਹਾਂ ਲੱਗਣ ਲੱਗੀ ਹੈ। ਨਰਾਤੇ, ਦੁਸਹਿਰਾ, ਧਨਤੇਰਸ ਅਤੇ ਦੀਵਾਲੀ ਤੱਕ ਖਰੀਦਦਾਰੀ ਦੀ ਰਫਤਾਰ ਹੋਰ ਵਧਣ ਦੀ ਉਮੀਦ ਹੈ। ਹਾਲਾਂਕਿ, ਇਸ ਰਫਤਾਰ ਵਿਚ ਮਹਿੰਗਾਈ ਦੇ ਮੱਦੇਨਜ਼ਰ ਬ੍ਰੇਕ ਵੀ ਲੱਗ ਸਕਦੀ ਹੈ। ਇਸ ਦੀ ਵਜ੍ਹਾ ਹੈ ਕਿ ਸਮਾਰਟ ਫੋਨ, ਲੈਪਟਾਪ, ਟੀ. ਵੀ., ਫਰਿੱਜ, ਏ. ਸੀ. ਦੀਆਂ ਕੀਮਤਾਂ ਵਧਣ ਵਾਲੀਆਂ ਹਨ।

ਇਨ੍ਹਾਂ ਸਾਮਾਨਾਂ ਦੇ ਨਿਰਮਾਣ ਵਿਚ ਲੱਗਣ ਵਾਲੇ ਕੱਚੇ ਮਾਲ ਅਤੇ ਇਨ੍ਹਾਂ ਦੀ ਢੁਆਈ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਵਜ੍ਹਾ ਨਾਲ ਇਨ੍ਹਾਂ ਸਾਮਾਨਾਂ ਦੀਆਂ ਕੀਮਤਾਂ ਵਧਣ ਵਾਲੀਆਂ ਹਨ।

ਨਰਾਤਿਆਂ ਦੇ ਆਸਪਾਸ ਇਲੈਕਟ੍ਰਾਨਿਕ ਸਾਮਾਨ 8 ਫ਼ੀਸਦੀ ਤੱਕ ਮਹਿੰਗੇ ਹੋ ਸਕਦੇ ਹਨ। ਉੱਥੇ ਹੀ, ਕਾਰਾਂ ਤੇ ਮੋਟਰਸਾਈਕਲਾਂ ਦੀਆਂ ਕੀਮਤਾਂ ਵਿਚ 1-2 ਫ਼ੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਪਿਛਲੇ 12 ਤੋਂ 18 ਮਹੀਨਿਆਂ ਦੌਰਾਨ ਕਈ ਮੌਕਿਆਂ 'ਤੇ ਕਾਰਾਂ ਤੇ ਦੋਪਹੀਆ ਵਾਹਨਾਂ ਦੀਆਂ ਕੀਮਤਾਂ ਵਿਚ 10-15 ਫ਼ੀਸਦੀ ਵਾਧਾ ਦੇਖਿਆ ਗਿਆ ਹੈ। ਹਾਲਾਂਕਿ, ਤਿਉਹਾਰੀ ਮੌਸਮ ਵਿਚ ਖ਼ਰੀਦਦਾਰੀ ਵਧਾਉਣ ਲਈ ਕੰਪਨੀਆਂ ਵੱਲੋਂ ਕਈ ਪੇਸ਼ਕਸ਼ਾਂ ਵੀ ਦੇਖਣ ਨੂੰ ਮਿਲਣਗੀਆਂ। ਹੁਣ ਤੱਕ ਮਾਰੂਤੀ ਸੁਜ਼ੂਕੀ ਤੇ ਹੀਰੋ ਮੋਟੋਕਾਰਪ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾ ਚੁੱਕੀਆਂ ਹਨ। ਇਸ ਵਿਚਕਾਰ ਟਾਟਾ ਮੋਟਰਜ਼ ਨੇ ਵੀ ਵਪਾਰਕ ਵਾਹਨਾਂ ਦੀ ਕੀਮਤ ਵਧਾਈ ਹੈ। ਜਲਦ ਹੀ ਹੋਰ ਕੰਪਨੀਆਂ ਵੀ ਕੀਮਤਾਂ ਵਧਾ ਸਕਦੀਆਂ ਹਨ। ਚਿਪ ਸੰਕਟ ਕਾਰਨ ਵੀ ਇਲੈਕਟ੍ਰਾਨਿਕ ਸਾਮਾਨਾਂ ਅਤੇ ਗੱਡੀਆਂ ਦੀ ਕੀਮਤਾਂ 'ਤੇ ਅਸਰ ਪੈ ਰਿਹਾ ਹੈ।


Sanjeev

Content Editor

Related News