1 ਜਨਵਰੀ ਤੋਂ ਮਹਿੰਗੀਆਂ ਹੋ ਜਾਣਗੀਆਂ ਸਕੋਡਾ ਦੀਆਂ ਗੱਡੀਆਂ, ਜਾਣੋ ਕਿੰਨੀ ਵਧੇਗੀ ਇਨ੍ਹਾਂ ਕਾਰਾਂ ਦੀ ਕੀਮਤ

Sunday, Dec 19, 2021 - 09:58 AM (IST)

ਨਵੀਂ ਦਿੱਲੀ : ਵਾਹਨ ਨਿਰਮਾਤਾ ਕੰਪਨੀ ਸਕੋਡਾ ਆਟੋ ਨੇ ਸ਼ੁੱਕਰਵਾਰ ਨੂੰ ਆਪਣੇ ਸਾਰੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। 1 ਜਨਵਰੀ 2022 ਤੋਂ ਸਕੋਡਾ ਦੀਆਂ ਗੱਡੀਆਂ ਦੀ ਕੀਮਤ 3 ਫੀਸਦੀ ਤੱਕ ਵਧ ਜਾਵੇਗੀ। ਕੰਪਨੀ ਭਾਰਤੀ ਬਾਜ਼ਾਰ 'ਚ ਕੁਸ਼ਕ, ਕੋਡਿਆਕ, ਔਕਟਾਵੀਆ ਸਮੇਤ ਕਈ ਮਾਡਲ ਵੇਚਦੀ ਹੈ। ਸਕੋਡਾ ਆਟੋ ਬ੍ਰਾਂਡ ਦੇ ਡਾਇਰੈਕਟਰ ਜੈਕ ਹੋਲਿਸ ਨੇ ਇਕ ਬਿਆਨ 'ਚ ਕਿਹਾ ਕਿ 1 ਜਨਵਰੀ 2022 ਤੋਂ ਕੰਪਨੀ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨਪੁਟ ਅਤੇ ਸੰਚਾਲਨ ਲਾਗਤਾਂ ਵਧਣ ਕਾਰਨ ਵਾਹਨਾਂ ਦੀਆਂ ਕੀਮਤਾਂ ਵਧਾਉਣੀਆਂ ਪੈ ਰਹੀਆਂ ਹਨ।

ਹੋਲਿਸ ਨੇ ਕਿਹਾ ਕਿ ਮੈਕਰੋ-ਆਰਥਿਕ ਚੁਣੌਤੀਆਂ ਦੇ ਬਾਵਜੂਦ, ਕੰਪਨੀ ਨੇ ਲਾਗਤਾਂ ਵਿੱਚ ਵਾਧੇ ਦੇ ਗਾਹਕਾਂ 'ਤੇ ਪ੍ਰਭਾਵ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਇੱਕ ਸਾਲ ਵਿੱਚ ਸਟੀਲ, ਐਲੂਮੀਨੀਅਮ, ਤਾਂਬਾ ਅਤੇ ਕੀਮਤੀ ਧਾਤਾਂ ਵਰਗੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ, ਜਿਸ ਕਾਰਨ ਵਾਹਨ ਨਿਰਮਾਤਾਵਾਂ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਮਾਰੂਤੀ ਸੁਜ਼ੂਕੀ ਇੰਡੀਆ, ਟਾਟਾ ਮੋਟਰਜ਼, ਟੋਇਟਾ ਕਿਰਲੋਸਕਰ ਮੋਟਰ ਅਤੇ ਹੌਂਡਾ ਕਾਰਾਂ ਸਮੇਤ ਵਾਹਨ ਨਿਰਮਾਤਾ ਪਹਿਲਾਂ ਹੀ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦੇ ਸੰਕੇਤ ਦੇ ਚੁੱਕੇ ਹਨ। ਹੁਣ ਸਕੋਡਾ ਵੀ ਇਸ ਸੂਚੀ 'ਚ ਸ਼ਾਮਲ ਹੋ ਗਈ ਹੈ।

ਇਹ ਵੀ ਪੜ੍ਹੋ :  ਸਰਕਾਰ ਦਾ ਵੱਡਾ ਫ਼ੈਸਲਾ, ਬਿਜਲੀ ਸਬਸਿਡੀ ਖਤਮ ਕਰਨ ਦੇ ਪ੍ਰਸਤਾਵ ਨੂੰ ਲਿਆ ਵਾਪਸ

ਸੈਮੀਕੰਡਕਟਰਾਂ ਦੀ ਘਾਟ ਅਤੇ ਮਹਿੰਗੇ ਕੱਚੇ ਮਾਲ ਦੇ ਕਾਰਨ ਲਾਗਤ ਵਧਣ ਦਾ ਦਬਾਅ

ਦਰਅਸਲ, ਦੇਸ਼ ਵਿੱਚ ਵਾਹਨਾਂ ਦੀ ਮੰਗ ਅਜੇ ਵੀ ਘੱਟ ਹੋਣ ਦੇ ਬਾਵਜੂਦ ਸੈਮੀਕੰਡਕਟਰਾਂ ਦੀ ਕਮੀ ਅਤੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਵਾਹਨ ਨਿਰਮਾਤਾਵਾਂ ਨੂੰ ਕੀਮਤਾਂ ਵਿੱਚ ਵਾਧਾ ਕਰਨਾ ਪਿਆ ਹੈ। ਉਮੀਦ ਕੀਤੀ ਜਾਂਦੀ ਹੈ ਕਿ ਅਰਥਵਿਵਸਥਾ 'ਚ ਸੁਧਾਰ ਦੀ ਰਫਤਾਰ ਨਾਲ ਨਵੇਂ ਵਾਹਨਾਂ ਦੀ ਮੰਗ ਵਧੇਗੀ। ਹਾਲਾਂਕਿ ਸੈਕਿੰਡ ਹੈਂਡ ਕਾਰ ਬਾਜ਼ਾਰ 'ਚ ਕੀਮਤਾਂ ਕਾਫੀ ਵਧ ਰਹੀਆਂ ਹਨ। ਦਰਅਸਲ, ਕੋਰੋਨਾ ਦੇ ਦੌਰ ਵਿੱਚ ਲੋਕ ਜਨਤਕ ਵਾਹਨਾਂ ਵਿੱਚ ਸਫ਼ਰ ਕਰਨ ਦੀ ਬਜਾਏ ਨਿੱਜੀ ਸਵਾਰੀ ਦਾ ਸਹਾਰਾ ਲੈ ਰਹੇ ਹਨ। ਇਸੇ ਲਈ ਸੈਕੰਡ ਹੈਂਡ ਕਾਰਾਂ ਦਾ ਬਾਜ਼ਾਰ ਫਿਲਹਾਲ ਗਰਮ ਹੈ।

ਇਹ ਵੀ ਪੜ੍ਹੋ : ਡੇਢ ਕਰੋੜ 'ਚ ਨਿਲਾਮ ਹੋਵੇਗਾ ਦੁਨੀਆ ਦਾ ਪਹਿਲਾਂ SMS, ਜਾਣੋ 14 ਅੱਖਰਾਂ 'ਚ ਲਿਖਿਆ ਇਹ ਮੈਸਜ ਕੀ ਸੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News