ਫਰਵਰੀ ਬਜਟ ''ਚ ਕਿਸਾਨਾਂ ਲਈ ਖੁੱਲ੍ਹ ਸਕਦਾ ਹੈ ਸੌਗਾਤਾਂ ਦਾ ਪਿਟਾਰਾ

12/18/2019 3:25:02 PM

ਨਵੀਂ ਦਿੱਲੀ— ਬਜਟ 'ਚ ਖੇਤੀ ਖੇਤਰ ਲਈ ਕਈ ਸੌਗਾਤਾਂ ਦਾ ਐਲਾਨ ਹੋ ਸਕਦਾ ਹੈ। ਵਿੱਤੀ ਸਾਲ 2020-21 ਲਈ ਬਜਟ ਬਣਾਉਣ ਤੋਂ ਪਹਿਲਾਂ ਚਰਚਾ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਖੇਤੀ ਖੇਤਰ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ।ਇਸ ਬੈਠਕ 'ਚ ਖੇਤੀਬਾੜੀ ਮਾਰਕੀਟਿੰਗ ਸੁਧਾਰ, ਜੈਵਿਕ ਖੇਤੀਬਾੜੀ, ਫਸਲਾਂ ਦੇ ਭੰਡਾਰਣ ਲਈ ਇੰਫਰਾਸਟ੍ਰਕਚਰ, ਪਸ਼ੂ ਪਾਲਣ, ਫੂਡ ਸਬਸਿਡੀ ਆਦਿ ਮੁੱਦਿਆਂ 'ਤੇ ਚਰਚਾ ਹੋਈ।

 

ਨੁਮਾਇੰਦਿਆਂ ਵੱਲੋਂ ਖੇਤੀ ਖੇਤਰ 'ਚ ਨਿਵੇਸ਼ ਵਧਾਉਣ ਤੇ ਕਿਸਾਨਾਂ ਨੂੰ ਬਾਜ਼ਾਰ 'ਚ ਜ਼ਿਆਦਾ ਪਹੁੰਚ ਪ੍ਰਦਾਨ ਕਰਨ ਲਈ ਕਈ ਸੁਝਾਅ ਦਿੱਤੇ ਗਏ ਹਨ। ਵਿਦੇਸ਼ੀ ਬਾਜ਼ਾਰ 'ਚ ਭਾਰਤੀ ਖੇਤੀ ਉਤਪਾਦਾਂ ਦਾ ਬ੍ਰਾਂਡ ਲਾਂਚ ਕਰਨ, ਪ੍ਰੋਸੈਸਿੰਗ ਖੇਤਰ ਨੂੰ ਖੇਤੀ ਦੇ ਸਮਾਨ ਮਹੱਤਵ ਤੇ ਲਾਭ ਦੇਣ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ 'ਚ ਸੁਧਾਰ ਕੀਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਫਾਈਨਾਂਸ਼ਲ ਸਬਸਿਡੀ, ਖਾਦ ਸੁਰੱਖਿਆ ਕਾਨੂੰਨ 'ਚ ਸੋਧ, ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਲਈ ਕਦਮ ਚੁੱਕਣ, ਜੈਵਿਕ ਖਾਦ ਤੇ ਜੈਵਿਕ ਕੀਟਨਾਸ਼ਕ ਬਣਾਉਣ ਵਾਲਿਆਂ ਨੂੰ ਸਬਸਿਡੀ ਦੇਣ ਵਰਗੇ ਸੁਝਾਅ ਵੀ ਦਿੱਤੇ ਗਏ ਹਨ। ਨਵੀਂ ਤਕਨੀਕ ਦੇ ਵਿਕਾਸ ਲਈ ਖੇਤੀ ਖੇਤਰ 'ਚ ਰਿਸਰਚ 'ਤੇ ਜ਼ੋਰ ਦੇਣ ਦੀ ਵੀ ਜ਼ਰੂਰਤ ਦੱਸੀ ਗਈ।
ਵਿੱਤ ਮੰਤਰੀ ਨਾਲ ਬੈਠਕ 'ਚ ਸੀ. ਆਈ. ਆਈ. ਨੈਸ਼ਨਲ ਕਮੇਟੀ ਐਗਰੀਕਲਚਰ ਐਂਡ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਚੇਅਰਮੈਨ ਪੀ ਖੰਬਾਟਾ, ਨੈਸ਼ਨਲ ਕੋ-ਆਪਰੇਟਿਵ ਯੂਨੀਅਨ ਆਫ ਇੰਡੀਆ ਦੇ ਸੀ. ਈ. ਓ. ਸੱਤਿਆ ਨਰਾਇਣ, ਆਲ ਇੰਡੀਆ ਗਾਹਕ ਪੰਚਾਇਤ ਦੇ ਅਰੁਣ ਦੇਸ਼ਪਾਂਡੇ, ਦੱਖਣੀ ਭਾਰਤੀ ਗੰਨਾ ਕਿਸਾਨ ਸੰਗਠਨ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਵਿਪਨਭਾਈ ਪਟੇਲ, ਇਫਕੋ ਦੇ ਨਿਰਦੇਸ਼ਕ (ਰਣਨੀਤੀ ਤੇ ਸੰਯੁਕਤ ਉੱਦਮ) ਮਨੀਸ਼ ਗੁਪਤਾ, ਐੱਨ. ਸੀ. ਡੀ. ਈ. ਐਕਸ. ਦੇ ਸਾਬਕਾ ਐੱਮ. ਡੀ. ਤੇ ਸੀ. ਈ. ਓ. ਸਮੀਰ ਸ਼ਾ ਅਤੇ ਨਾਬਾਰਡ ਦੇ ਚੇਅਰਮੈਨ ਹਰਸ਼ ਕੁਮਾਰ ਸਮੇਤ ਕਈ ਹੋਰ ਨੁਮਾਇੰਦਿਆਂ ਨੇ ਹਿੱਸਾ ਲਿਆ।


Related News