200 ਟਰੇਨਾਂ ਤੋਂ ਪਿਛੋਂ ਜਲਦ ਸ਼ਤਾਬਦੀ ਟਰੇਨਾਂ ਨੂੰ ਵੀ ਮਿਲੇਗੀ ਹਰੀ ਝੰਡੀ

Sunday, May 31, 2020 - 04:14 PM (IST)

200 ਟਰੇਨਾਂ ਤੋਂ ਪਿਛੋਂ ਜਲਦ ਸ਼ਤਾਬਦੀ ਟਰੇਨਾਂ ਨੂੰ ਵੀ ਮਿਲੇਗੀ ਹਰੀ ਝੰਡੀ

ਨਵੀਂ ਦਿੱਲੀ—  ਸਰਕਾਰ ਵੱਲੋਂ ਟਰੇਨਾਂ ਨੂੰ ਸਿਲਸਿਲੇਵਾਰ ਸ਼ੁਰੂ ਕੀਤਾ ਜਾ ਰਿਹਾ ਹੈ। 1 ਜੂਨ ਤੋਂ 200 ਮੇਲ ਅਤੇ ਐਕਸਪ੍ਰੈੱਸ ਟਰੇਨਾਂ ਨੂੰ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਦੋਂ ਕਿ ਇਸ ਤੋਂ ਪਹਿਲਾਂ 30 ਰਾਜਧਾਨੀ ਟਰੇਨਾਂ ਰੂਟ 'ਤੇ ਹਨ। ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਦਾ ਕਹਿਣਾ ਹੈ ਕਿ ਇਨ੍ਹਾਂ ਟਰੇਨਾਂ ਨੂੰ ਉਨ੍ਹਾਂ ਮਾਰਗਾਂ 'ਤੇ ਚਲਾਇਆ ਜਾਵੇਗਾ ਜਿਨ੍ਹਾਂ ਦੀ ਮੰਗ ਜ਼ਿਆਦਾ ਹੈ। ਉਨ੍ਹਾਂ ਇਕ ਪੇਪਰ ਨੂੰ ਟੈਲੀਫੋਨਿਕ ਇੰਟਰਵਿਊ 'ਚ ਕਿਹਾ ਕਿ ਅਸੀਂ ਸ਼ਰਮਿਕ ਟਰੇਨਾਂ ਨੂੰ ਵੀ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਕਿ ਆਖਰੀ ਪ੍ਰਵਾਸੀ ਨੂੰ ਇਸ ਦੀ ਜ਼ਰੂਰਤ ਹੈ। ਯਾਦਵ ਨੇ ਕਿਹਾ ਕਿ ਰੈਗੂਲਰ ਤੇ ਸ਼ਰਮਿਕ ਦੋਵੇਂ ਵਿਸ਼ੇਸ਼ ਟਰੇਨਾਂ ਸੋਮਵਾਰ ਤੋਂ ਚੱਲਣਗੀਆਂ।

ਉਨ੍ਹਾਂ ਕਿਹਾ ਕਿ ਪੜਾਅਵਾਰ ਰੈਗੂਲਰ ਟਰੇਨਾਂ ਦੁਬਾਰਾ ਸ਼ੁਰੂ ਕਰ ਰਹੇ ਹਾਂ। ਸੂਬਾ ਸਰਕਾਰਾਂ ਨੂੰ ਯਾਤਰੀਆਂ ਦੀ ਜਾਂਚ ਕਰਨ ਅਤੇ ਉਨ੍ਹਾਂ ਨੂੰ ਅਲੱਗ ਕਰਨ ਲਈ ਸਟੇਸ਼ਨਾਂ 'ਤੇ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਜ਼ਰੂਰਤ ਹੋਵੇਗੀ। ਰੇਲਵੇ ਸੂਬਿਆਂ ਨੂੰ ਹਰੇਕ ਟਰੇਨ ਬਾਰੇ ਸੂਚਨਾ ਦੇਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ਤਾਬਦੀ ਟਰੇਨਾਂ ਨੂੰ ਵੀ ਘੱਟ ਦੂਰੀ ਕਵਰ ਕਰਨ ਲਈ ਦੁਬਾਰਾ ਲਗਾਇਆ ਜਾਵੇਗਾ, ਜਿਸ ਲਈ ਬੁਕਿੰਗ ਜਲਦ ਹੀ ਸ਼ੁਰੂ ਹੋ ਜਾਵੇਗੀ।

ਉੱਥੇ ਹੀ, ਪ੍ਰਵਾਸੀ ਮਜ਼ਦੂਰਾਂ ਨੂੰ ਲਿਜਾ ਰਹੀਆਂ ਟਰੇਨਾਂ ਦੇ ਰਸਤੇ ਬਦਲਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕੁਝ ਰੇਲ ਗੱਡੀਆਂ ਦਾ ਰਸਤਾ ਬਦਲਣਾ ਪਿਆ ਕਿਉਂਕਿ 20 ਤੋਂ 24 ਮਈ ਵਿਚਕਾਰ ਲਗਭਗ 90 ਫੀਸਦੀ ਪ੍ਰਵਾਸੀ ਮਜ਼ਦੂਰਾਂ ਦੀਆਂ ਸਿਰਫ ਦੋ ਮੰਜ਼ਿਲਾਂ ਸਨ- ਉੱਤਰ ਪ੍ਰਦੇਸ਼ ਅਤੇ ਬਿਹਾਰ ਪਰ 1 ਮਈ ਤੋਂ 29 ਮਈ ਦਰਮਿਆਨ 3,941 ਸ਼ਰਮਿਕ ਰੇਲ ਗੱਡੀਆਂ 'ਚੋਂ 20 ਅਤੇ 24 ਮਈ ਦੇ ਦਰਮਿਆਨ ਸਿਰਫ 71 ਨੂੰ ਡਾਇਵਰਟ ਕੀਤਾ ਗਿਆ ਸੀ, ਜੋ ਕੁੱਲ ਦਾ 1.8 ਫੀਸਦੀ ਹੈ। ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਟਰੇਨ ਡਾਇਵਰਜ਼ਨ ਦਾ ਫੈਸਲਾ ਮਸ਼ੀਨਾਂ ਵੱਲੋਂ ਕੀਤਾ ਜਾਂਦਾ ਹੈ। ਕੰਪਿਊਟਰ ਕੰਟਰੋਲ ਰੂਮ ਨੂੰ ਸਭ ਤੋਂ ਵਧੀਆ ਰਸਤੇ ਦੱਸਦੇ ਹਨ। ਇਹ ਇਕ ਗੂਗਲ ਮੈਪ ਵਰਗਾ ਹੈ ਜੋ ਤੁਹਾਨੂੰ ਦੱਸਦਾ ਹੈ ਕਿ ਟ੍ਰੈਫਿਕ ਜਾਮ ਤੋਂ ਬਚਣ ਲਈ ਤੁਹਾਨੂੰ ਕਿਹੜਾ ਰਸਤਾ ਵਰਤਣਾ ਚਾਹੀਦਾ ਹੈ। ਉਡੀਸਾ ਦੇ ਝਾਰਸੁਗੁਡਾ ਰਾਹੀਂ ਰਸਤਾ ਸਪੱਸ਼ਟ ਸੀ, ਇਸ ਲਈ 37 ਰੇਲ ਗੱਡੀਆਂ ਨੂੰ ਉਸ ਸਟੇਸ਼ਨ ਤੋਂ ਡਾਇਵਰਟ ਕੀਤਾ ਗਿਆ ਸੀ।


author

Sanjeev

Content Editor

Related News