ਕਮਜ਼ੋਰ ਤਿਮਾਹੀ ਨਤੀਜਿਆਂ ਤੋਂ ਬਾਅਦ TCS ਦੇ ਸ਼ੇਅਰ 4.5% ਤੱਕ ਡਿੱਗੇ

Monday, Jul 11, 2022 - 06:20 PM (IST)

ਕਮਜ਼ੋਰ ਤਿਮਾਹੀ ਨਤੀਜਿਆਂ ਤੋਂ ਬਾਅਦ TCS ਦੇ ਸ਼ੇਅਰ 4.5% ਤੱਕ ਡਿੱਗੇ

ਨਵੀਂ ਦਿੱਲੀ — ਆਈਟੀ ਦਿੱਗਜ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸ਼ੇਅਰਾਂ 'ਚ ਸੋਮਵਾਰ ਨੂੰ ਕਰੀਬ 4.5 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਦੇ ਸ਼ੇਅਰਾਂ 'ਚ ਇਹ ਕਮਜ਼ੋਰੀ ਜੂਨ ਤਿਮਾਹੀ 'ਚ ਕੰਪਨੀ ਦੇ ਨਤੀਜਿਆਂ 'ਚ ਉਮੀਦ ਮੁਤਾਬਕ ਪ੍ਰਦਰਸ਼ਨ ਦੀ ਕਮੀ ਦੇ ਕਾਰਨ ਦਰਜ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੰਪਨੀ ਨੇ ਜੂਨ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਸਨ। ਇਸ ਮੁਤਾਬਕ ਕੰਪਨੀ ਦੇ ਮੁਨਾਫੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 5.21 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜੂਨ ਤਿਮਾਹੀ 'ਚ ਕੰਪਨੀ ਦਾ ਮੁਨਾਫਾ 9478 ਕਰੋੜ ਹੋ ਗਿਆ ਹੈ। ਪਿਛਲੇ ਸਾਲ ਜੂਨ ਤਿਮਾਹੀ 'ਚ ਕੰਪਨੀ ਦਾ ਮੁਨਾਫਾ 9008 ਕਰੋੜ ਰੁਪਏ ਸੀ। ਹਾਲਾਂਕਿ ਇਹ ਮੁਨਾਫਾ ਕੰਪਨੀ ਦੇ ਮੁਨਾਫੇ ਦੇ ਅੰਦਾਜ਼ੇ ਤੋਂ ਕਾਫੀ ਪਿੱਛੇ ਰਹਿ ਗਿਆ ਹੈ।

ਕਿਆਸ ਲਗਾਏ ਜਾ ਰਹੇ ਸਨ ਕਿ ਜੂਨ ਤਿਮਾਹੀ 'ਚ ਕੰਪਨੀ ਦਾ ਮੁਨਾਫਾ 9910 ਕਰੋੜ ਰੁਪਏ ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤਿਮਾਹੀ 'ਚ ਕੰਪਨੀ ਦੀ ਕੁੱਲ ਆਮਦਨ 16.2 ਫੀਸਦੀ ਵਧ ਕੇ 52,758 ਕਰੋੜ ਰੁਪਏ ਹੋ ਗਈ, ਜੋ ਪਿਛਲੀ ਤਿਮਾਹੀ 'ਚ 45,411 ਕਰੋੜ ਰੁਪਏ ਸੀ। ਇਸ 'ਚ 16 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। TCS ਕੰਪਨੀ ਦੇ ਸ਼ੇਅਰ ਸੋਮਵਾਰ ਨੂੰ ਦੁਪਹਿਰ 1.20 ਵਜੇ 142.30 ਅੰਕ (4.39%) ਦੀ ਗਿਰਾਵਟ ਨਾਲ 3120.30 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News