2030 ਤੱਕ ਦੁਨੀਆ ਦੇ ਟੌਪ-3 ’ਚ ਹੋਵੇਗਾ ਦੇਸ਼ ਦਾ ਸ਼ੇਅਰ ਬਾਜ਼ਾਰ!
Thursday, Nov 10, 2022 - 11:08 AM (IST)

ਨਵੀਂ ਦਿੱਲੀ (ਇੰਟ.) – ਭਾਰਤ 2027 ਤੱਕ ਜਾਪਾਨ ਅਤੇ ਜਰਮਨੀ ਨੂੰ ਪਛਾੜ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ ’ਤੇ ਹੈ। ਗਲੋਬਲ ਰੁਝਾਨਾਂ ਅਤੇ ਦੇਸ਼ ਵਲੋਂ ਤਕਨਾਲੋਜੀ ਅਤੇ ਊਰਜਾ ਦੇ ਖੇਤਰਾਂ ’ਚ ਕੀਤੇ ਗਏ ਪ੍ਰਮੁੱਖ ਨਿਵੇਸ਼ਾਂ ਦੇ ਆਧਾਰ ’ਤੇ 2030 ਤੱਕ ਤੀਜਾ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਬਣ ਸਕਦਾ ਹੈ। ਇਹ ਰਿਪੋਰਟ ਗਲੋਬਲ ਨਿਵੇਸ਼ ਬੈਂਕ ਮਾਰਗਨ ਸਟੇਨਲੀ ਦੀ ਹੈ। ਮਾਰਗਨ ਸਟੇਨਲੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਭਾਰਤ ਪਹਿਲਾਂ ਤੋਂ ਹੀ ਦੁਨੀਆ ’ਚ ਸਭ ਤੋਂ ਤੇਜੀ਼ ਨਾਲ ਵਧਣ ਵਾਲੀ ਅਰਥਵਿਵਸਥਾ ਹੈ, ਜਿਸ ਨੇ ਪਿਛਲੇ ਇਕ ਦਹਾਕੇ ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਔਸਤ ਵਾਧਾ ਦਰ 5.5 ਫੀਸਦੀ ਦਰਜ ਕੀਤੀ ਹੈ। ਹੁਣ 1 ਅਰਬ ਤੋਂ ਵੱਧ ਲੋਕਾਂ ਦੇ ਦੇਸ਼ ’ਚ ਸਥਾਪਿਤ ਕੀਤੇ ਗਏ 3 ਮੈਗਾਟ੍ਰੇਂਡ-ਗਲੋਬਲ ਆਫਸ਼ੋਰਿੰਗ, ਡਿਜੀਟਲਾਈਜੇਸ਼ਨ ਅਤੇ ਐਨਰਜੀ ਟ੍ਰਾਂਸਮਿਸ਼ਨ-ਭਾਰਤ ਨੂੰ ਸ਼ਾਨਦਾਰ ਆਰਥਿਕ ਵਿਕਾਸ ਵੱਲ ਲਿਜਾਣ ਨੂੰ ਤਿਆਰ ਹਨ। ਮਾਰਗਨ ਸਟੇਨਲੀ ਦੇ ਮੁੱਖ ਇਕਵਿਟੀ ਰਣਨੀਤੀਕਾਰ (ਭਾਰਤ) ਰਿਧਮ ਦੇਸਾਈ ਨੇ ਕਿਹਾ ਕਿ ਭਾਰਤ ਗਲੋਬਲ ਵਿਵਸਥਾ ’ਚ ਸ਼ਕਤੀ ਪ੍ਰਾਪਤ ਕਰ ਰਿਹਾ ਹੈ ਅਤੇ ਸਾਡੀ ਰਾਏ ’ਚ ਇਹ ਖਾਸ ਬਦਲਾਅ ਪੀੜ੍ਹੀਆਂ ’ਚ ਇਕ ਵਾਰ ਹੋਣ ਵਾਲੇ ਬਦਲਾਅ ਨਿਵੇਸ਼ਕਾਂ ਅਤੇ ਕੰਪਨੀਆਂ ਲਈ ਇਕ ਵੱਡਾ ਮੌਕਾ ਹੈ। ਰਿਪੋਰਟ ਕਹਿੰਦੀ ਹੈ ਕਿ ਭਾਰਤ ਦੀ ਜੀ. ਡੀ. ਪੀ. ਅੱਜ 3.5 ਟ੍ਰਿਲੀਅਨ ਡਾਲਰ ਤੋਂ ਵਧ ਕੇ 2031 ਤੱਕ 7.5 ਟ੍ਰਿਲੀਅਨ ਡਾਲਰ ਤੋਂ ਵੱਧ ਹੋ ਸਕਦੀ ਹੈ।