ਬ੍ਰਾਂਚ ਤੋਂ ਮੁੱਖ ਦਫਤਰ ਤੱਕ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ’ਤੇ ਲੱਗੇਗਾ 18 ਫੀਸਦੀ GST: AAR

Wednesday, Apr 19, 2023 - 01:21 PM (IST)

ਬ੍ਰਾਂਚ ਤੋਂ ਮੁੱਖ ਦਫਤਰ ਤੱਕ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ’ਤੇ ਲੱਗੇਗਾ 18 ਫੀਸਦੀ GST: AAR

ਨਵੀਂ ਦਿੱਲੀ–ਕਿਸੇ ਕੰਪਨੀ ਦੇ ਵੱਖ-ਵੱਖ ਸੂਬਿਆਂ ’ਚ ਸਥਿਤ ਬ੍ਰਾਂਚ ਦਫਤਰ ਦੇ ਕਰਮਚਾਰੀਆਂ ਵਲੋਂ ਉਸ ਦੇ ਮੁੱਖ ਦਫਤਰ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ 18 ਫੀਸਦੀ ਜੀ. ਐੱਸ. ਟੀ. ਦੇ ਘੇਰੇ ’ਚ ਆਉਣਗੀਆਂ। ਐਡਵਾਂਸ ਰੂਲਿੰਗ ਅਥਾਰਿਟੀ (ਏ. ਏ. ਆਰ.) ਨੇ ਇਹ ਵਿਵਸਥਾ ਦਿੱਤੀ ਹੈ। ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਸਬੰਧਤ ਵਿਵਾਦਾਂ ’ਚ ਫੈਸਲਾ ਕਰਨ ਵਾਲੀ ਸੰਸਥਾ ਏ. ਏ. ਆਰ. ਨੇ ਪ੍ਰਾਫੀਸਲਿਊਸ਼ਨਸ ਪ੍ਰਾਈਵੇਟ ਲਿਮਟਿਡ ਦੇ ਮਾਮਲੇ ’ਚ ਇਹ ਫੈਸਲਾ ਦਿੱਤਾ ਹੈ।

ਇਹ ਵੀ ਪੜ੍ਹੋ-ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਇਲੈਕਟ੍ਰਾਨਿਕ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ
ਕੰਪਨੀ ਨੇ ਏ. ਏ. ਆਰ. ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਮੁੱਖ ਦਫਤਰ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵੀ ਕੀ ਜੀ. ਐੱਸ. ਟੀ. ਦੇ ਘੇਰੇ ’ਚ ਆਉਣਗੀਆਂ। ਪ੍ਰਾਫੀਸਲਿਊਸ਼ਨਸ ਦਾ ਕਰਨਾਟਕ ’ਚ ਰਜਿਸਟਰਡ ਦਫਤਰ ਹੈ ਜਦ ਕਿ ਤਾਮਿਲਨਾਡੂ ’ਚ ਉਸ ਦਾ ਬ੍ਰਾਂਚ ਦਫਤਰ ਹੈ। ਬ੍ਰਾਂਚ ਦਫਤਰ ਇੰਜੀਨੀਅਰਿੰਗ, ਡਿਜਾਈਨ ਅਤੇ ਅਕਾਊਂਟਿੰਗ ਵਰਗੀਆਂ ਸੇਵਾਵਾਂ ਆਪਣੇ ਮੁੱਖ ਦਫਤਰ ਨੂੰ ਮੁਹੱਈਆ ਕਰਵਾਉਂਦਾ ਹੈ। ਕੰਪਨੀ ਦੀ ਦਲੀਲ ਸੀ ਕਿ ਕਰਮਚਾਰੀ ਕੰਪਨੀ ’ਚ ਨਿਯੁਕਤ ਹੋਏ ਹਨ ਅਤੇ ਉਹ ਮੁੱਖ ਦਫਤਰ ਜਾਂ ਬ੍ਰਾਂਚ ਦਫਤਰ ਦੀ ਥਾਂ ਪੂਰੀ ਕੰਪਨੀ ਲਈ ਕੰਮ ਕਰਦੇ ਹਨ।

ਇਹ ਵੀ ਪੜ੍ਹੋ-ਫਰਵਰੀ 'ਚ ESIC ਨੇ ਜੋੜੇ 16.03 ਲੱਖ ਨਵੇਂ ਮੈਂਬਰ

ਹਾਲਾਂਕਿ ਏ. ਏ. ਆਰ. ਨੇ ਕਿਹਾ ਕਿ ਜੀ. ਐੱਸ. ਟੀ. ਵਿਵਸਥਾਵਾਂ ਮੁਤਾਬਕ ਭੌਤਿਕ ਹਾਜ਼ਰੀ ਰੱਖਣ ਵਾਲੇ ਹਰੇਕ ਸੂਬੇ ’ਚ ਜੀ. ਐੱਸ. ਟੀ. ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੁੰਦੀ ਹੈ। ਜੇ ਇਕ ਹੀ ਸੰਸਥਾ ਦੇ ਦੋ ਰਜਿਸਟਰਡ ਨੰਬਰਾਂ ਦਰਮਿਆਨ ਸੇਵਾਵਾਂ ਦੀ ਸਪਲਾਈ ਹੁੰਦੀ ਹੈ ਤਾਂ ਵੀ ਉਸ ’ਤੇ ਟੈਕਸ ਲੱਗੇਗਾ। ਇਸ ਦਾ ਮਤਲਬ ਹੈ ਕਿ ਕਿਸੇ ਕੰਪਨੀ ਦੇ ਵੱਖਰੇ ਸੂਬਿਆਂ ’ਚ ਸਥਿਤ ਬ੍ਰਾਂਚ ਦਫਤਰ ਦੇ ਕਰਮਚਾਰੀਆਂ ਵਲੋਂ ਉਸ ਦੇ ਮੁੱਖ ਦਫਤਰ ਅਤੇ ਮੁੱਖ ਦਫਤਰ ਤੋਂ ਬ੍ਰਾਂਚ ਨੂੰ ਕਰਮਚਾਰੀਆਂ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜੀ. ਐੱਸ. ਟੀ. ਦੇ ਘੇਰੇ ’ਚ ਆਉਣਗੀਆਂ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News