ਸੈਂਸੈਕਸ 152 ਅੰਕਾਂ ਦੇ ਵਾਧੇ ਨਾਲ ਨਵੇਂ ਸਿਖਰ 'ਤੇ , ਨਿਫਟੀ 16,280 ਦੇ ਪੱਧਰ 'ਤੇ ਬੰਦ
Tuesday, Aug 10, 2021 - 04:52 PM (IST)
ਮੁੰਬਈ (ਭਾਸ਼ਾ) : ਬੀ.ਐਸ.ਈ. ਸੈਂਸੈਕਸ ਮੰਗਲਵਾਰ ਨੂੰ 152 ਅੰਕਾਂ ਦੇ ਵਾਧੇ ਦੇ ਨਾਲ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ। ਵਿਸ਼ਵ ਪੱਧਰ 'ਤੇ ਸਕਾਰਾਤਮਕ ਰੁਝਾਨ ਦੇ ਵਿਚਕਾਰ ਸੂਚਕਾਂਕ 'ਚ ਮਜ਼ਬੂਤ ਹਿੱਸੇਦਾਰੀ ਰੱਖਣ ਵਾਲੇ ਐੱਚ.ਡੀ.ਐੱਫ.ਸੀ., ਭਾਰਤੀ ਏਅਰਟੈਲ ਅਤੇ ਇਨਫੋਸਿਸ ਦੇ ਲਾਭਾਂ ਦੇ ਕਾਰਨ ਬਾਜ਼ਾਰ ਮਜ਼ਬੂਤ ਹੋਏ। 30 ਸ਼ੇਅਰਾਂ ਵਾਲਾ ਸੈਂਸੈਕਸ 151.81 ਅੰਕ ਭਾਵ 0.28 ਫੀਸਦੀ ਦੇ ਵਾਧੇ ਨਾਲ 54,554.66 ਅੰਕਾਂ ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 21.85 ਅੰਕ ਭਾਵ 0.13 ਫੀਸਦੀ ਦੇ ਵਾਧੇ ਨਾਲ 16,280.10 'ਤੇ ਬੰਦ ਹੋਇਆ। ਸੈਂਸੈਕਸ ਦੇ ਸ਼ੇਅਰਾਂ ਵਿੱਚ ਤਕਰੀਬਨ ਚਾਰ ਫੀਸਦੀ ਦੀ ਤੇਜ਼ੀ ਨਾਲ ਸਭ ਤੋਂ ਵਧ ਲਾਭ ਹਾਸਲ ਕਰਨ ਵਾਲਾ ਭਾਰਤੀ ਏਅਰਟੈੱਲ ਦਾ ਸ਼ੇਅਰ ਰਿਹਾ। ਇਸ ਤੋਂ ਇਲਾਵਾ, ਟੇਕ ਮਹਿੰਦਰਾ, ਐਚ.ਡੀ.ਐਫ.ਸੀ., ਕੋਟਕ ਬੈਂਕ, ਮਹਿੰਦਰਾ ਐਂਡ ਮਹਿੰਦਰਾ ਅਤੇ ਐਚ.ਸੀ.ਐਲ. ਟੈਕ ਪ੍ਰਮੁੱਖ ਲਾਭ ਪ੍ਰਾਪਤ ਕਰਨ ਵਾਲੇ ਰਹੇ।
ਦੂਜੇ ਪਾਸੇ ਟਾਟਾ ਸਟੀਲ, ਐਨ.ਟੀ.ਪੀ.ਸੀ., ਆਈ.ਟੀ.ਸੀ. ਅਤੇ ਪਾਵਰ ਗਰਿੱਡ ਵਿੱਚ ਗਿਰਾਵਟ ਦਰਜ ਕੀਤੀ ਗਈ। ਰਿਲਾਇੰਸ ਸਕਿਓਰਿਟੀਜ਼ ਦੇ ਰਣਨੀਤੀ ਦੇ ਮੁਖੀ ਵਿਨੋਦ ਮੋਦੀ ਦੇ ਅਨੁਸਾਰ, “ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਮੰਗਲਵਾਰ ਨੂੰ ਭਾਰੀ ਉਤਰਾਅ -ਚੜ੍ਹਾਅ ਦੇਖਣ ਨੂੰ ਮਿਲਿਆ। ਨਿਫਟੀ ਰਿਕਾਰਡ ਉਚਾਈ 'ਤੇ ਪਹੁੰਚਣ ਤੋਂ ਬਾਅਦ ਤੇਜ਼ੀ ਨਾਲ ਹੇਠਾਂ ਆਇਆ।
ਮੁੱਖ ਤੌਰ 'ਤੇ, ਧਾਤਾਂ, ਜਨਤਕ ਖੇਤਰ ਦੇ ਬੈਂਕਾਂ ਅਤੇ ਰਿਐਲਟੀ ਸ਼ੇਅਰਾਂ ਵਿੱਚ ਵਿਕਰੀ ਦਾ ਦਬਾਅ ਗਿਰਾਵਟ ਦਾ ਕਾਰਨ ਬਣਿਆ। " ਉਨ੍ਹਾਂ ਨੇ ਦੱਸਿਆ ਕਿ ਜਨਤਕ ਖੇਤਰ ਦੇ ਬੈਂਕਾਂ ਨੂੰ ਛੱਡ ਕੇ ਵਿੱਤੀ ਸ਼ੇਅਰਾਂ ਨੇ ਬਾਜ਼ਾਰ ਦਾ ਸਮਰਥਨ ਕੀਤਾ ਅਤੇ ਵੱਡੀ ਗਿਰਾਵਟ ਨੂੰ ਰੋਕਿਆ। ਬਾਜ਼ਾਰ ਵਿੱਚ ਉੱਚ ਉਤਰਾਅ -ਚੜ੍ਹਾਅ ਦੇ ਮੱਦੇਨਜ਼ਰ, ਨਿਵੇਸ਼ਕਾਂ ਨੇ ਆਈ.ਟੀ. ਕੰਪਨੀਆਂ ਵਰਗੇ ਸ਼ੇਅਰਾਂ ਨੂੰ ਤਰਜੀਹ ਦਿੱਤੀ। ਏਸ਼ੀਆਈ ਬਾਜ਼ਾਰਾਂ ਵਿੱਚ, ਸ਼ੰਘਾਈ, ਹਾਂਗਕਾਂਗ ਅਤੇ ਟੋਕੀਓ ਲਾਭ ਵਿਚ ਰਹੇ ਜਦੋਂ ਕਿ ਸਿਓਲ ਘਾਟੇ ਵਿੱਚ ਰਿਹਾ। ਯੂਰਪ ਦੇ ਮੁੱਖ ਬਾਜ਼ਾਰਾਂ ਵਿੱਚ ਮਿਡ-ਡੇਅ ਵਪਾਰ ਵਿੱਚ ਤੇਜ਼ੀ ਦਾ ਰੁਝਾਨ ਦੇਖਣ ਨੂੰ ਮਿਲਿਆ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਮਿਆਰ ਬ੍ਰੇਂਟ ਕਰੂਡ 1.03 ਫ਼ੀਸਦੀ ਮਜ਼ਬੂਤ ਹੋ ਕੇ 69.75 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ।
ਇਹ ਵੀ ਪੜ੍ਹੋ : ਸਿਰਫ਼ 2 ਦਿਨਾਂ 'ਚ 1700 ਰੁਪਏ ਸਸਤਾ ਹੋਇਆ ਸੋਨਾ, ਚਾਂਦੀ 'ਚ 4,000 ਰੁਪਏ ਤੱਕ ਦੀ ਗਿਰਾਵਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।