ਸੈਂਸੈਕਸ ''ਚ 500 ਤੋਂ ਵੱਧ ਅੰਕ ਦਾ ਉਛਾਲ, ਨਿਫਟੀ 10,000 ਦੇ ਨੇੜੇ ਬੰਦ
Tuesday, Jun 02, 2020 - 04:44 PM (IST)
ਮੁੰਬਈ— ਪ੍ਰਧਾਨ ਮੰਤਰੀ ਨਰਿੰਦਰ ਵੱਲੋਂ ਭਾਰਤ ਦੀ ਅਰਥਵਿਵਸਥਾ ਜਲਦ ਮੁੜ ਪਟੜੀ 'ਤੇ ਪਰਤਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਲਗਾਤਾਰ ਪੰਜਵੇਂ ਦਿਨ ਸੈਂਸੈਕਸ ਤੇ ਨਿਫਟੀ ਸ਼ਾਨਦਾਰ ਬੜ੍ਹਤ 'ਚ ਬੰਦ ਹੋਏ।
ਕਾਰੋਬਾਰ ਦੌਰਾਨ ਰੀਐਲਟੀ, ਨਿੱਜੀ ਬੈਂਕਾਂ ਅਤੇ ਵਿੱਤੀ ਸੇਵਾਵਾਂ ਸੈਕਟਰ 'ਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ। ਨਿਵੇਸ਼ਕਾਂ ਨੇ ਮੂਡੀਜ਼ ਵੱਲੋਂ ਭਾਰਤ ਦੀ ਨਿਵੇਸ਼ ਪੱਖੋਂ ਰੇਟਿੰਗ ਬੀਏਏ-2 ਤੋਂ ਘਟਾ ਕੇ ਬੀਏਏ-3 ਕਰਨ ਨੂੰ ਦਰਕਿਨਾਰ ਕਰ ਦਿੱਤਾ। ਬੀ. ਐੱਸ. ਈ. ਦਾ ਸੈਂਸੈਕਸ 522 ਅੰਕ ਯਾਨੀ 1.57 ਫੀਸਦੀ ਚੜ੍ਹ ਕੇ 33,826 ਦੇ ਪੱਧਰ 'ਤੇ, ਜਦੋਂ ਕਿ ਐੱਨ. ਐੱਸ. ਈ. ਦਾ ਨਿਫਟੀ 153 ਅੰਕ ਯਾਨੀ 1.56 ਫੀਸਦੀ ਦੀ ਤੇਜ਼ੀ ਨਾਲ 9,979 ਦੇ ਪੱਧਰ 'ਤੇ ਬੰਦ ਹੋਇਆ।
ਨਿਫਟੀ ਰੀਅਲਟੀ 'ਚ 4.9 ਫੀਸਦੀ, ਪ੍ਰਾਈਵੇਟ ਬੈਂਕ 'ਚ 3.2 ਫੀਸਦੀ ਅਤੇ ਫਾਈਨੈਂਸ਼ਲ ਸਰਵਿਸ ਸੈਕਟਰ 'ਚ 3.1 ਫੀਸਦੀ ਦੀ ਤੇਜ਼ੀ ਨਾਲ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਸਾਰੇ ਸੈਕਟਰਲ ਸੂਚਕ ਅੰਕ ਹਰੇ ਨਿਸ਼ਾਨ 'ਤੇ ਸਨ। ਉੱਥੇ ਹੀ, ਸ਼ੇਅਰਾਂ 'ਚ ਬਜਾਜ ਫਾਈਨਾਂਸ ਤੇ ਬਜਾਜ ਫਿਨਸਰਵ ਲਗਾਤਾਰ ਦੂਜੇ ਦਿਨ ਮਜਬੂਤੀ 'ਚ ਰਹੇ। ਬਜਾਜ ਫਿਨਸਰਵ ਨੇ 9.5 ਫੀਸਦੀ, ਜਦੋਂ ਕਿ ਬਜਾਜ ਫਾਈਨਾਂਸ ਨੇ 8.1 ਫੀਸਦੀ ਦੀ ਬੜ੍ਹਤ ਦਰਜ ਕੀਤੀ। ਇਸ ਤੋਂ ਇਲਾਵਾ ਉਦੈ ਕੋਟਕ ਵੱਲੋਂ ਨਿੱਜੀ ਕੋਟਕ ਮਹਿੰਦਰਾ ਬੈਂਕ 'ਚ ਆਪਣੀ ਹਿੱਸੇਦਾਰੀ 6,000 ਕਰੋੜ 'ਚ ਵੇਚਣ ਦੀ ਸਹਿਮਤੀ ਨਾਲ ਇਸ ਦੇ ਸ਼ੇਅਰਾਂ 'ਚ 7.7 ਫੀਸਦੀ ਦੀ ਤੇਜ਼ੀ ਦਰਜ ਹੋਈ। ਟਾਟਾ ਮੋਟਰਜ਼ ਵੱਲੋਂ ਆਪਣੇ ਸਾਰੇ ਪਲਾਂਟਾਂ 'ਚ ਕੰਮ ਦੁਬਾਰਾ ਸ਼ੁਰੂ ਕਰਨ ਤੋਂ ਬਾਅਦ ਇਸ ਦੇ ਸ਼ੇਅਰਾਂ 'ਚ 7.3 ਫੀਸਦੀ ਦੀ ਮਜਬੂਤੀ ਦੇਖਣ ਨੂੰ ਮਿਲੀ।