ਸੈਂਸੈਕਸ 0.5 ਫ਼ੀਸਦੀ ਡਿੱਗ ਕੇ 48,000 ਤੋਂ ਥੱਲ੍ਹੇ ਬੰਦ, ਨਿਫਟੀ 63 ਅੰਕ ਡਿੱਗਾ

Tuesday, Apr 20, 2021 - 03:35 PM (IST)

ਸੈਂਸੈਕਸ 0.5 ਫ਼ੀਸਦੀ ਡਿੱਗ ਕੇ 48,000 ਤੋਂ ਥੱਲ੍ਹੇ ਬੰਦ, ਨਿਫਟੀ 63 ਅੰਕ ਡਿੱਗਾ

ਮੁੰਬਈ- ਸੈਂਸੈਕਸ, ਨਿਫਟੀ ਮਜਬੂਤੀ ਨਾਲ ਖੁੱਲ੍ਹਣ ਪਿੱਛੋਂ ਗਿਰਾਵਟ ਵਿਚ ਬੰਦ ਹੋਏ ਹਨ। ਗਲੋਬਲ ਬਾਜ਼ਾਰਾਂ ਤੋਂ ਜਿੱਥੇ ਸੰਕੇਤ ਮਿਲੇ-ਜੁਲੇ ਸਨ, ਉੱਥੇ ਹੀ ਕੋਵਿਡ-19 ਦੀ ਚਿੰਤਾ ਬਰਕਰਾਰ ਰਹੀ। ਬੀ. ਐੱਸ. ਈ. ਸੈਂਸੈਕਸ 243.62 ਅੰਕ ਯਾਨੀ 0.51 ਫ਼ੀਸਦੀ ਦੀ ਗਿਰਾਵਟ ਨਾਲ 47,705.80 'ਤੇ, ਜਦੋਂ ਕਿ ਐੱਨ. ਐੱਸ. ਈ. ਨਿਫਟੀ 63.05 ਅੰਕ ਯਾਨੀ 0.44 ਫ਼ੀਸਦੀ ਡਿੱਗ ਕੇ 14,296.40 'ਤੇ ਬੰਦ ਹੋਇਆ ਹੈ। ਕਾਰੋਬਾਰ ਦੀ ਸਮਾਪਤੀ ਨਜ਼ਦੀਕ ਬੈਂਕਿੰਗ, ਆਈ. ਟੀ. ਅਤੇ ਐੱਫ. ਐੱਮ. ਸੀ. ਜੀ. ਸੈਕਟਰ ਵਿਚ ਵਿਕਵਾਲੀ ਵਧੀ।

ਬੀ. ਐੱਸ. ਈ. 30 ਵਿਚੋਂ 17 ਸਟਾਕ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਬੀ. ਐੱਸ. ਈ. ਲਾਰਜ ਕੈਪ ਨੂੰ ਛੱਡ ਕੇ ਮਿਡ ਕੈਪ ਅਤੇ ਸਮਾਲ ਕੈਪ ਇੰਡੈਕਸ ਹਰੇ ਨਿਸ਼ਾਨ 'ਤੇ ਬੰਦ ਹੋਏ।

PunjabKesari

ਸੈਂਸੈਕਸ ਵਿਚ ਮਾਰੂਤੀ, ਬਜਾਜ ਫਿਨਸਰਵ, ਡਾ. ਰੈੱਡੀਜ਼, ਐੱਲ. ਟੀ., ਬਜਾਜ ਫਾਈਨੈਂਸ ਬਿਹਤਰ ਪ੍ਰਦਰਸ਼ਨ ਨਾਲ ਬੰਦ ਹੋਏ। ਉੱਥੇ ਹੀ, ਐੱਚ. ਡੀ. ਐੱਫ. ਸੀ. ਅਤੇ ਐੱਚ. ਡੀ. ਐੱਫ. ਸੀ. ਬੈਂਕ ਵਿਚ ਗਿਰਾਵਟ ਨਾਲ ਸੈਂਸੈਕਸ 'ਤੇ ਦਬਾਅ ਵਧਿਆ। ਨਿਫਟੀ ਦੇ ਸੈਕਟਰ ਇੰਡੈਕਸ ਵਿਚ ਬੈਂਕ, ਫਾਈਨੈਂਸ ਸਰਵਿਸ, ਐੱਫ. ਐੱਮ. ਸੀ. ਜੀ., ਆਈ. ਟੀ. 0.2 ਤੋਂ 1.4 ਫ਼ੀਸਦੀ ਦੀ ਗਿਰਾਵਟ ਵਿਚਕਾਰ ਬੰਦ ਹੋਏ।

ਨਿਫਟੀ 50 ਵਿਚ ਬਜਾਜ ਫਿਨਸਰਵ, ਡਾ. ਰੈੱਡੀਜ਼, ਬਜਾਜ ਫਾਈਨੈਂਸ, ਐੱਚ. ਡੀ. ਐੱਫ. ਸੀ. ਲਾਈਫ, ਬਜਾਜ ਆਟੋ 2.63 ਫ਼ੀਸਦੀ ਤੋਂ 3.88 ਫ਼ੀਸਦੀ ਦੀ ਬੜ੍ਹਤ ਨਾਲ ਟਾਪ ਗੇਨਰ ਰਹੇ। ਦੂਜੇ ਪਾਸੇ, ਅਲਟ੍ਰਾਟੈ ਸੀਮੈਂਟ, ਐੱਚ. ਸੀ. ਐੱਲ. ਟੈੱਕ, ਸ਼੍ਰੀ ਸੀਮੈਂਟ, ਗ੍ਰਾਸਿਮ ਟਾਪ ਲੂਜ਼ਰ ਰਹੇ, ਇਨ੍ਹਾਂ ਵਿਚ 2.5 ਤੋਂ 4.8 ਫ਼ੀਸਦੀ ਤੱਕ ਦੀ ਗਿਰਾਵਟ ਆਈ। ਉੱਥੇ ਹੀ, ਨਿਫਟੀ ਫਾਰਮਾ ਇੰਡੈਕਸ ਇੰਟ੍ਰਾਡੇ ਟ੍ਰੇਡ ਵਿਚ 13,522 ਦੇ ਰਿਕਾਰਡ ਨੂੰ ਛੂਹਣ ਪਿੱਛੋਂ 1.3 ਫ਼ੀਸਦੀ ਦੀ ਤੇਜ਼ੀ ਨਾਲ 13,427 'ਤੇ ਬੰਦ ਹੋਇਆ। ਸਿਪਲਾ, ਗਲੈਂਡ ਫਾਰਮਾ, ਜੇ. ਬੀ. ਕੈਮੀਕਲਜ਼ ਅਤੇ ਫਾਰਮਾਸਿਊਟੀਕਲ, ਮੈਕਸ ਹੈਲਥਕੇਅਰ, ਨਿਊਲੈਂਡ ਲੈਬਾਰਟਰੀਜ਼ ਅਤੇ ਅਪੋਲੋ ਹਸਪਤਾਲ ਨੇ ਅੱਜ ਆਪਣਾ ਰਿਕਾਰਡ ਪੱਧਰ ਦਰਜ ਕੀਤਾ, ਜਦੋਂ ਕਿ ਸਨ ਫਾਰਮਾ, ਕੈਡੀਲਾ ਹੈਲਥਕੇਅਰ, ਗਲੇਨਮਾਰਕ ਫਾਰਮਾ, ਪਨਾਕਾ ਬਾਇਓਟੈਕ ਅਤੇ ਆਰ. ਪੀ. ਜੀ. ਲਾਈਫ ਸਾਈਸਿੰਜ਼ ਨੇ ਕਾਰੋਬਾਰ ਦੌਰਾਨ 52 ਹਫ਼ਤੇ ਦਾ ਉੱਚਾ ਪੱਧਰ ਪਾਰ ਕੀਤਾ।


author

Sanjeev

Content Editor

Related News