ਬਾਜ਼ਾਰ ''ਚ ਭਾਰੀ ਗਿਰਾਵਟ, 2 ਦਿਨਾਂ ''ਚ 1200 ਅੰਕ ਡਿੱਗਾ ਸੈਂਸੈਕਸ
Monday, Feb 05, 2018 - 10:35 AM (IST)
ਮੁੰਬਈ— ਲਗਾਤਾਰ ਰਿਕਾਰਡ 'ਤੇ ਰਿਕਾਰਡ ਬਣਾ ਰਹੇ ਬਾਜ਼ਾਰ ਨੂੰ ਬਜਟ ਨੇ ਜ਼ੋਰ ਦਾ ਸਦਮਾ ਦਿੱਤਾ ਹੈ। ਦਰਅਸਲ, ਲੰਮੀ ਮਿਆਦ ਦੇ ਪੂੰਜੀਗਤ ਲਾਭ ਟੈਕਸ (ਐੱਲ. ਟੀ. ਸੀ. ਜੀ.) ਦੀ 14 ਸਾਲ ਬਾਅਦ ਫਿਰ ਤੋਂ ਵਾਪਸੀ ਨੂੰ ਸ਼ੇਅਰ ਬਾਜ਼ਾਰ ਅਜੇ ਪਚਾ ਨਹੀਂ ਪਾ ਰਿਹਾ ਹੈ। ਸਿਰਫ ਦੋ ਦਿਨਾਂ 'ਚ ਸੈਂਸੈਕਸ ਤਕਰੀਬਨ 1200 ਅੰਕ ਦੀ ਵੱਡੀ ਗਿਰਾਵਟ ਨਾਲ ਡਿੱਗ ਚੁੱਕਾ ਹੈ। ਸ਼ੁੱਕਰਵਾਰ ਨੂੰ 840 ਅੰਕ ਦੀ ਭਾਰੀ ਗਿਰਾਟਵ ਨਾਲ ਬੰਦ ਹੋਇਆ ਸੈਂਸੈਕਸ ਸੋਮਵਾਰ ਨੂੰ ਵੀ 348 ਅੰਕ ਦੀ ਵੱਡੀ ਗਿਰਾਵਟ ਨਾਲ ਖੁੱਲ੍ਹਿਆ, ਯਾਨੀ ਦੋ ਦਿਨਾਂ 'ਚ ਸੈਂਸੈਕਸ 1188 ਅੰਕ ਹੇਠਾਂ ਆ ਚੁੱਕਾ ਹੈ। ਇਸ ਤੋਂ ਪਹਿਲਾਂ ਬਾਜ਼ਾਰ ਲਗਾਤਾਰ ਰਿਕਾਰਡ 'ਤੇ ਰਿਕਾਰਡ ਬਣਾ ਰਿਹਾ ਸੀ। ਆਖਰੀ ਵਾਰ 29 ਜਨਵਰੀ 2018 ਨੂੰ ਸੈਂਸੈਕਸ ਰਿਕਾਰਡ 36,000 ਦੇ ਪਾਰ 36,443.98 'ਤੇ ਬੰਦ ਹੋਇਆ ਸੀ, ਜਦੋਂ ਕਿ 1 ਫਰਵਰੀ ਨੂੰ ਬਜਟ ਪੇਸ਼ ਹੋਣ ਤੋਂ ਪਹਿਲਾਂ ਬਾਜ਼ਾਰ 'ਚ ਐੱਲ. ਟੀ. ਸੀ. ਜੀ. ਨੂੰ ਲੈ ਕੇ ਚਰਚਾ ਕਾਰਨ ਇਸ 'ਚ ਹਲਕੀ-ਫੁਲਕੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਸੀ।
ਉੱਥੇ ਹੀ, ਬਜਟ 'ਚ ਐੱਲ. ਟੀ. ਸੀ. ਜੀ. ਦੇ ਐਲਾਨ ਦੇ ਨਾਲ ਬਾਜ਼ਾਰ ਦਾ ਮੂਡ ਵਿਗੜ ਗਿਆ। ਬਜਟ ਤੋਂ ਬਾਅਦ ਦੂਜੇ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ 839.91 ਅੰਕ ਦੀ ਭਾਰੀ ਗਿਰਾਵਟ ਨਾਲ 35,066.75 'ਤੇ ਅਤੇ ਨਿਫਟੀ 256.30 ਅੰਕ ਦੀ ਗਿਰਾਵਟ ਨਾਲ 10,760.60 'ਤੇ ਬੰਦ ਹੋਇਆ। ਇਹ ਪਿਛਲੇ ਸਾਲ ਭਰ ਤੋਂ ਜ਼ਿਆਦਾ ਵਕਤ 'ਚ ਕਿਸੇ ਇਕ ਦਿਨ 'ਚ ਆਈ ਸਭ ਤੋਂ ਵੱਡੀ ਗਿਰਾਵਟ ਰਹੀ। 36,000 ਦੇ ਪਾਰ ਰਿਕਾਰਡ ਬਣਾਉਣ ਵਾਲਾ ਸੈਂਸੈਕਸ ਇਸ ਸਮੇਂ ਤਕਰੀਬਨ 34,700 ਦੇ ਨੇੜੇ-ਤੇੜੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ 11,000 ਤੋਂ ਉਪਰ ਰਿਕਾਰਡ 'ਤੇ ਰਿਹਾ ਨਿਫਟੀ ਵੀ ਤਕਰੀਬਨ 10,600 ਦੇ ਕਰੀਬ ਕਾਰੋਬਾਰ ਕਰ ਰਿਹਾ ਹੈ।

ਕਿਉਂ ਆ ਰਹੀ ਹੈ ਬਾਜ਼ਾਰ 'ਚ ਗਿਰਾਵਟ
ਸ਼ੇਅਰਾਂ 'ਤੇ ਐੱਲ. ਟੀ. ਸੀ. ਜੀ. (ਲਾਂਗ ਟਰਮ ਕੈਪੀਟਲ ਗੇਨ ਟੈਕਸ) ਲਾਉਣ ਦੇ ਐਲਾਨ ਨਾਲ ਨਿਵੇਸ਼ਕਾਂ ਦੇ ਸੈਂਟੀਮੈਂਟ ਕਮਜ਼ੋਰ ਹੋਏ ਹਨ। ਇਸ ਤਹਿਤ ਇਕ ਸਾਲ ਤੋਂ ਜ਼ਿਆਦਾ ਚਿਰ ਰੱਖੇ ਗਏ ਸ਼ੇਅਰਾਂ 'ਤੇ ਜੇਕਰ 1 ਲੱਖ ਤੋਂ ਵਧ ਆਮਦਨ ਹੁੰਦੀ ਹੈ, ਤਾਂ ਨਿਵੇਸ਼ਕਾਂ ਨੂੰ 10 ਫੀਸਦੀ ਟੈਕਸ ਦੇਣਾ ਹੋਵੇਗਾ, ਜਦੋਂ ਕਿ ਪਹਿਲਾਂ ਇਕ ਸਾਲ ਤੋਂ ਵਧ ਸਮੇਂ ਦੇ ਨਿਵੇਸ਼ 'ਤੇ ਇਹ ਟੈਕਸ ਨਹੀਂ ਸੀ। ਮਾਰਕੀਟ ਮਾਹਰਾਂ ਦਾ ਕਹਿਣਾ ਹੈ ਕਿ ਇਹ ਸ਼ੇਅਰ ਬਾਜ਼ਾਰ ਲਈ ਨਾਂਹ-ਪੱਖੀ ਖਬਰ ਹੈ। 10 ਫੀਸਦੀ ਐੱਲ. ਟੀ. ਸੀ. ਜੀ. 1 ਅਪ੍ਰੈਲ 2018 ਤੋਂ ਪ੍ਰਭਾਵੀ ਹੋਵੇਗਾ। ਉੱਥੇ ਹੀ ਅਜੇ 1 ਸਾਲ ਤੋਂ ਘੱਟ ਸਮੇਂ 'ਚ ਸ਼ੇਅਰ ਵੇਚਣ 'ਤੇ 15 ਫੀਸਦੀ ਦਾ ਸ਼ਾਰਟ ਟਰਮ ਕੈਪੀਟਲ ਗੇਨ ਟੈਕਸ ਦੇਣਾ ਹੁੰਦਾ ਹੈ। ਬਜਟ 'ਚ ਸਕਿਓਰਿਟੀ ਟ੍ਰਾਂਜੈਕਸ਼ਨ ਟੈਕਸ ਨੂੰ ਹਟਾਉਣ ਦਾ ਵੀ ਐਲਾਨ ਨਹੀਂ ਕੀਤਾ ਗਿਆ। ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਨੂੰ ਦੋਹਾਂ ਤਰ੍ਹਾਂ ਦੇ ਟੈਕਸ ਦੇਣੇ ਹੋਣਗੇ। ਇਸ ਸਭ ਨੇ ਸ਼ੇਅਰ ਬਾਜ਼ਾਰ 'ਚ ਨਿਵੇਸ਼ਕਾਂ ਦੇ ਸੈਂਟੀਮੈਂਟ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਇਲਾਵਾ ਬਜਟ 'ਚ ਵਿੱਤੀ ਘਾਟੇ ਦੇ ਟੀਚੇ 'ਚ ਵਾਧੇ ਨੇ ਵੀ ਚਿੰਤਾ ਪੈਦਾ ਕੀਤੀ ਹੈ, ਜਿਸ ਦਾ ਬੈਂਕਿੰਗ ਸ਼ੇਅਰਾਂ 'ਤੇ ਅਸਰ ਹੋਇਆ ਹੈ ਅਤੇ ਇਨ੍ਹਾਂ ਸ਼ੇਅਰਾਂ ਦਾ ਬਾਜ਼ਾਰ 'ਚ ਖਾਸਾ ਵਜ਼ਨ ਹੈ।ਮਿਉਚੁਅਲ ਫੰਡ ਨਿਵੇਸ਼ਾਂ 'ਤੇ ਉੱਚ ਟੈਕਸ ਕਾਰਨ ਵੀ ਨਿਵੇਸ਼ਕਾਂ ਦੀ ਧਾਰਨਾ ਨਕਾਰਾਤਮਕ ਹੋਈ ਹੈ।
