ਸੈਂਸੈਕਸ 3000 ਤੋਂ ਵੱਧ ਡਿੱਗਾ, ਨਿਫਟੀ ਵੀ ਧੜੰਮ, ਡਾਲਰ 75 ਰੁ: ਤੋਂ ਪਾਰ
Monday, Mar 23, 2020 - 11:53 AM (IST)
ਮੁੰਬਈ— ਕੋਰੋਨਾ ਵਾਇਰਸ ਕਾਰਨ ਗਲੋਬਲ ਬਾਜ਼ਾਰਾਂ ਤੋਂ ਮਿਲੇ ਖਰਾਬ ਸੰਕੇਤਾਂ ਦੇ ਮੱਦੇਨਜ਼ਰ ਸੋਮਵਾਰ ਦੇ ਕਾਰੋਬਾਰੀ ਸੈਸ਼ਨ 'ਚ ਭਾਰਤੀ ਬਾਜ਼ਾਰ ਵੱਡੀ ਗਿਰਾਵਟ 'ਚ ਕਾਰੋਬਾਰ ਕਰ ਰਹੇ ਹਨ। 10 ਫੀਸਦੀ ਤੋਂ ਵਧ ਦੀ ਗਿਰਾਵਟ ਕਾਰਨ 45 ਮਿੰਟ ਟਰੇਡਿੰਗ ਰੋਕਣੀ ਪਈ। ਹਾਲਾਂਕਿ, ਦੁਬਾਰਾ ਖੁੱਲ੍ਹਣ 'ਤੇ ਵੀ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 3476.59 ਅੰਕ ਦੀ ਗਿਰਾਵਟ ਨਾਲ 26,439.37 ਦੇ ਪੱਧਰ 'ਤੇ ਜਾ ਡਿੱਗਾ।
ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 1,005.40 ਅੰਕ ਦੀ ਗਿਰਾਵਟ ਨਾਲ 7740.05 'ਤੇ ਹੈ। ਇਸ ਦੌਰਾਨ ਬੀ. ਐੱਸ. ਈ. ਮਿਡ ਕੈਪ 'ਚ 1,220 ਅੰਕ ਦੀ ਕਮਜ਼ੋਰੀ ਅਤੇ ਬੈਂਕ ਨਿਫਟੀ 'ਚ 3,000 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ।
ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਪਹਿਲੀ ਵਾਰ 75.92 ਦੇ ਰਿਕਾਰਡ ਹੇਠਲੇ ਪੱਧਰ 'ਤੇ ਖੁੱਲ੍ਹਾ ਹੈ। ਸ਼ੁੱਕਰਵਾਰ ਨੂੰ ਇਹ ਯੂ, ਐੱਸ. ਡਾਲਰ ਦੇ ਮੁਕਾਬਲੇ 75.24 'ਤੇ ਬੰਦ ਹੋਇਆ ਸੀ। ਹੁਣ ਪ੍ਰਤੀ ਡਾਲਰ ਤੁਹਾਨੂੰ 76 ਰੁਪਏ ਖਰਚ ਕਰਨੇ ਹੋਣਗੇ।
ਗਲੋਬਲ ਬਾਜ਼ਾਰ : ਕੋਰੋਨਾ ਵਾਇਰਸ ਕਾਰਨ ਗਲੋਬਲ ਮੰਦੀ ਦਾ ਖਦਸ਼ਾ ਵਧਣ ਨਾਲ ਏਸ਼ੀਆਈ ਬਾਜ਼ਾਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 70 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਆਸਟ੍ਰੇਲੀਆ ਦੇ ਸ਼ੇਅਰਾਂ 'ਚ ਲਗਭਗ 8 ਫੀਸਦੀ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 11.5 ਫੀਸਦੀ ਡਿੱਗ ਕੇ 7,764 'ਤੇ ਕਾਰੋਬਾਰ ਕਰ ਰਿਹਾ ਸੀ।
ਹਾਲਾਂਕਿ, ਇਸ ਵਿਚਕਾਰ ਜਪਾਨ ਦਾ ਬਾਜ਼ਾਰ ਨਿੱਕੇਈ 80.63 ਅੰਕ ਯਾਨੀ 0.49 ਫੀਸਦੀ ਦੀ ਮਜਬੂਤੀ ਨਾਲ 16,600 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 1,000 ਅੰਕ ਯਾਨੀ 4.40 ਫੀਸਦੀ ਦੀ ਕਮਜ਼ੋਰੀ ਨਾਲ 21,700 ਦੇ ਪੱਧਰ 'ਤੇ, ਜਦੋਂ ਕਿ ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ ਸਵੇਰੇ ਦੇ ਕਾਰੋਬਾਰ 'ਚ 5 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੇ ਵਿਸ਼ਵ ਵਿਚ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ, ਸੰਕਰਮਿਤ ਲੋਕਾਂ ਦੀ ਗਿਣਤੀ ਹੁਣ 3,00,000 ਤੋਂ ਵੱਧ ਹੈ ਅਤੇ 13,000 ਤੋਂ ਵੱਧ ਦੀ ਮੌਤ ਹੋ ਚੁੱਕੀ ਹੈ।