ਸੈਂਸੈਕਸ 'ਚ 1,000 ਅੰਕ ਦੀ ਬੜ੍ਹਤ, ਨਿਫਟੀ 11,580 ਤੋਂ ਪਾਰ ਖੁੱਲ੍ਹਾ

09/23/2019 9:16:29 AM

ਮੁੰਬਈ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਹਾਲ ਹੀ 'ਚ ਕਾਰਪੋਰੇਟ ਟੈਕਸ 'ਚ ਕੀਤੀ ਗਈ ਕਟੌਤੀ ਨਾਲ ਬਾਜ਼ਾਰ ਉਤਸ਼ਾਹਤ ਹੈ। ਉੱਥੇ ਹੀ, ਜੀ. ਐੱਸ. ਟੀ. ਕੌਂਸਲ ਨੇ ਹੋਟਲਾਂ ਦੇ ਕਿਰਾਏ 'ਤੇ ਵੀ ਟੈਕਸ ਦਰਾਂ 'ਚ ਕਟੌਤੀ ਕੀਤੀ ਹੈ। ਸਰਕਾਰ ਦੇ ਇਨ੍ਹਾਂ ਆਰਥਿਕ ਬੂਸਟਰ ਨਾਲ ਸੈਂਸੈਕਸ ਤੇ ਨਿਫਟੀ ਸੋਮਵਾਰ ਨੂੰ ਵੱਡੀ ਮਜਬੂਤੀ ਨਾਲ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਨੇ 1111.21 ਅੰਕ ਦੀ ਸ਼ਾਨਦਾਰ ਤੇਜ਼ੀ ਨਾਲ 39,125.83 'ਤੇ ਸ਼ੁਰੂਆਤ ਕੀਤੀ ਹੈ, ਜਦੋਂ ਕਿ ਗਲੋਬਲ ਬਾਜ਼ਾਰ ਮਿਲੇ-ਜੁਲੇ ਜੁਲੇ ਹਨ।
ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 312.25 ਅੰਕ ਯਾਨੀ 2.77 ਫੀਸਦੀ ਦੀ ਵੱਡੀ ਛਲਾਂਗ ਲਾ ਕੇ 11,586.45 'ਤੇ ਖੁੱਲ੍ਹਾ ਹੈ।

 

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 300 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 1057 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 71.04 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਦਿਨ ਇਹ 70.94 ਦੇ ਪੱਧਰ 'ਤੇ ਬੰਦ ਹੋਇਆ ਸੀ।

 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-

PunjabKesari
ਸ਼ੁੱਕਰਵਾਰ ਯੂ. ਐੱਸ. ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਸਨ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 34 ਅੰਕ ਯਾਨੀ 1.12 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਜਪਾਨ ਦੇ ਬਾਜ਼ਾਰ ਨਿੱਕੇਈ 'ਚ ਛੁੱਟੀ ਹੈ। ਉੱਥੇ ਹੀ, ਹਾਂਗਕਾਂਗ ਦੇ ਬਾਜ਼ਾਰ ਹੈਂਗ ਸੇਂਗ 'ਚ 150 ਅੰਕ ਯਾਨੀ 0.6 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।
ਇਸ ਤੋਂ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 135 ਅੰਕ ਯਾਨੀ 1.2 ਫੀਸਦੀ ਵੱਧ ਕੇ 11,475 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦੇ ਬਾਜ਼ਾਰ ਕੋਸਪੀ 'ਚ 0.3 ਫੀਸਦੀ ਦੀ ਕਮਜ਼ੋਰੀ, ਜਦੋਂ ਕਿ ਇਸ ਦੌਰਾਨ ਸਿੰਗਾਪੁਰ ਦੇ ਸਟ੍ਰੇਟਸ ਟਾਈਮਜ਼ 'ਚ 0.25 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਵਿਦੇਸ਼ੀ ਬਾਜ਼ਾਰਾਂ ਦੀ ਨਜ਼ਰ ਅਮਰੀਕਾ-ਚੀਨ ਵਿਚਕਾਰ ਵਪਾਰ ਵਿਵਾਦ ਨੂੰ ਲੈ ਕੇ ਹੋਣ ਵਾਲੀ ਗੱਲਬਾਤ 'ਤੇ ਹੈ। ਚੀਨੀ ਵਫਦ ਵੱਲੋਂ ਰੱਦ ਕੀਤੇ ਗਏ ਦੌਰੇ ਕਾਰਨ ਨਿਵੇਸ਼ਕਾਂ ਦੀ ਨਜ਼ਰ ਇਸ 'ਤੇ ਗਈ ਹੈ। ਇਸ ਵਫਦ ਨੇ ਮੋਨਟਾਨਾ ਫਾਰਮਾਂ ਦਾ ਦੌਰਾ ਕਰਨਾ ਸੀ। ਇਹ ਦੌਰਾ ਉਸ ਵਕਤ ਰੱਦ ਹੋਇਆ ਹੈ ਜਦੋਂ ਹਾਲ ਹੀ 'ਚ ਟਰੰਪ ਨੇ ਕਿਹਾ ਸੀ ਕਿ ਚੀਨ ਦੁਵੱਲੇ ਵਪਾਰ ਨੂੰ ਮਜਬੂਤ ਕਰਨ ਲਈ ਯੂ. ਐੱਸ. ਦੇ ਖੇਤੀਬਾੜੀ ਉਤਪਾਦਾਂ ਦੀ ਖਰੀਦ ਵਧਾਏਗਾ।


Related News