ਸੇਬੀ ਨੇ ਸਹਾਰਾ ਸਮੂਹ ਦੀ ਕੰਪਨੀ ਅਤੇ ਹੋਰਾਂ ਨੂੰ 6.48 ਕਰੋੜ ਰੁਪਏ ਦਾ ਡਿਮਾਂਡ ਨੋਟਿਸ ਭੇਜਿਆ
Friday, Jan 13, 2023 - 11:36 AM (IST)
ਨਵੀਂ ਦਿੱਲੀ (ਭਾਸ਼ਾ) – ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਨਿਯਮਾਂ ਦੀ ਉਲੰਘਣਾ ਕਰਨ ਦੇ ਇਕ ਮਾਮਲੇ ’ਚ ਸਹਾਰਾ ਸਮੂਹ ਦੀ ਕੰਪਨੀ ਸਹਾਰਾ ਹਾਊਸਿੰਗ ਇਨਵੈਸਟਮੈਂਟ ਕਾਰਪੋਰੇਸ਼ਨ (ਐੱਸ. ਐੱਚ. ਆਈ. ਸੀ.), ਉਸ ਦੇ ਮੁਖੀ ਸੁਬਰਤ ਰਾਏ ਅਤੇ ਹੋਰ ਨੂੰ ਨੋਟਿਸ ਭੇਜ ਕੇ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ 6.48 ਕਰੋੜ ਰੁਪਏ ਜਮ੍ਹਾ ਕਰਨ ਲਈ ਕਿਹਾ ਹੈ। ਰੈਗੂਲੇਟਰ ਨੇ ਰੁਪਏ ਜਮ੍ਹਾ ਨਾ ਕਰਨ ਦੀ ਸਥਿਤੀ ’ਚ ਜਾਇਦਾਦਾਂ ਅਤੇ ਬੈਂਕ ਖਾਤਿਆਂ ਨੂੰ ਜ਼ਬਤ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਇਹ ਇਕਾਈਆਂ ਸੇਬੀ ਵਲੋਂ ਲਗਾਏ ਗਏ ਜ਼ੁਰਮਾਨੇ ਨੂੰ ਅਦਾ ਕਰਨ ’ਚ ਅਸਫਲ ਰਹੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਸੇਬੀ ਨੇ ਜੂਨ ’ਚ ਆਪਣੇ ਹੁਕਮ ’ਚ ਸਹਾਰਾ ਸਮੂਹ ਦੀਆਂ ਦੋ ਕੰਪਨੀਆਂ-ਸਹਾਰਾ ਹਾਊਸਿੰਗ ਇਨਵੈਸਟਮੈਂਟ ਕਾਰਪੋਰੇਸ਼ਨ ਅਤੇ ਸਹਾਰਾ ਇੰਡੀਆ ਰੀਅਲ ਅਸਟੇਟ ਕਾਰਪੋਰੇਸ਼ਨ (ਹੁਣ ਸਹਾਰਾ ਕਮੋਡਿਟੀ ਸਰਵਿਸਿਜ਼ ਕਾਰਪੋਰੇਸ਼ਨ) ਅਤੇ ਸੁਬਰਤ ਰਾਏ, ਅਸ਼ੋਕ ਰਾਏ ਚੌਧਰੀ, ਰਵੀ ਸ਼ੰਕਰ ਦੁਬੇ ਅਤੇ ਵੰਦਨਾ ਭਾਰਗਵ ’ਤੇ 12 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਨ੍ਹਾਂ ਇਕਾਈਆਂ ’ਤੇ ਇਹ ਜੁਰਾਮਾਨਾ ਆਪਸ਼ਨਲ ਫੁਲੀ ਕਨਵਰਟੇਬਲ ਡਿਬੈਂਚਰ (ਓ. ਐੱਫ. ਸੀ. ਡੀ.) ਜਾਰੀ ਕਰਨ ’ਚ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਲਈ ਲਗਾਇਆ ਗਿਆ ਸੀ। ਇਹ ਮਾਮਲਾ ਸਹਾਰਾ ਇੰਡੀਆ ਰੀਅਲ ਅਸਟੇਟ ਕਾਰਪੋਰੇਸ਼ਨ ਅਤੇ ਸਹਾਰਾ ਹਾਊਸਿੰਗ ਇਨਵੈਸਟਮੈਂਟ ਵਲੋਂ 2008-09 ਦੌਰਾਨ ਓ. ਐੱਫ. ਸੀ. ਡੀ. ਜਾਰੀ ਕਰਨ ਨਾਲ ਸਬੰਧਤ ਹੈ।