SBI ਦਾ ਪੈਸੇ ਕਢਵਾਉਣ 'ਤੇ ਨਵਾਂ ਨਿਯਮ, ਇਹ ATM ਵੀ ਹੋਣਗੇ ਬੰਦ (ਵੀਡੀਓ)

Monday, Dec 30, 2019 - 09:26 AM (IST)

ਜਲੰਧਰ— ਨਵਾਂ ਸਾਲ ਚੜ੍ਹਨ 'ਚ ਸਿਰਫ ਇਕ ਦਿਨ ਬਾਕੀ ਹੈ। ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਗਾਹਕਾਂ ਲਈ ਏ. ਟੀ. ਐੱਮ. ਨੂੰ ਲੈ ਕੇ ਮਹੱਤਵਪੂਰਨ ਬਦਲਾਵ ਕਰਨ ਜਾ ਰਿਹਾ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 1 ਜਨਵਰੀ 2020 ਤੋਂ ਸਾਰੇ ਮੈਗਨੇਟਿਕ ਏ. ਟੀ. ਐੱਮ. ਕਾਰਡ ਨੂੰ ਬਲਾਕ ਕਰਨ ਜਾ ਰਿਹਾ ਹੈ, ਯਾਨੀ ਜਿਨ੍ਹਾਂ ਕੋਲ ਬਿਨਾਂ 'ਚਿਪ' ਵਾਲਾ ਪੁਰਾਣਾ ਡੈਬਿਟ ਕਾਰਡ ਹੈ ਉਸ ਨਾਲ ਨਵੇਂ ਸਾਲ ਤੋਂ ਕੋਈ ਲੈਣ-ਦੇਣ ਨਹੀਂ ਹੋ ਸਕੇਗਾ, ਬੇਸ਼ੱਕ ਇਸ ਦੀ ਵੈਲਡਿਟੀ ਕੋਈ ਵੀ ਹੋਵੇ।

 

ਹਾਲਾਂਕਿ, ਇਸ ਲਈ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਬੈਂਕ ਇਹ ਕਦਮ ਏ. ਟੀ. ਐੱਮ. ਨਾਲ ਲੈਣ-ਦੇਣ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਉਠਾ ਰਿਹਾ ਹੈ। ਬੈਂਕ ਗਾਹਕ ਬਿਨਾਂ ਕੋਈ ਦੇਰੀ ਕੀਤੇ ਬਰਾਂਚ 'ਚ ਜਾ ਕੇ ਜਾਂ ਫਿਰ ਆਨਲਾਈਨ EMV ਚਿਪ ਡੈਬਿਟ ਕਾਰਡ ਲਈ ਅਪਲਾਈ ਕਰ ਸਕਦੇ ਹਨ। ਇਹ ਪਿਨ ਆਧਾਰਿਤ ਡੈਬਿਟ ਕਾਰਡ ਹੈ, ਯਾਨੀ ਜਦੋਂ ਤੁਸੀਂ ਕੋਈ ਟ੍ਰਾਂਜੈਕਸ਼ਨ ਆਨਲਾਈਨ ਕਰੋਗੇ ਤਾਂ ਬਿਨਾਂ ਪਿਨ ਭਰੇ ਲੈਣ-ਦੇਣ ਪੂਰਾ ਨਹੀਂ ਹੋਵੇਗਾ। ਹਾਲਾਂਕਿ, ਸਿਰਫ ਐੱਸ. ਬੀ. ਆਈ. ਹੀ ਨਹੀਂ ਸਾਰੇ ਬੈਂਕ ਬਿਨਾਂ 'ਚਿਪ' ਵਾਲਾ ਕਾਰਡ ਬਲਾਕ ਕਰਨ ਜਾ ਰਹੇ ਹਨ।

 

PunjabKesariਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਸਾਰੇ ਬੈਂਕਾਂ ਨੂੰ ਆਪਣੇ ਗਾਹਕਾਂ ਨੂੰ ਦਿੱਤੇ ਮੈਗਨੇਟਿਕ ਡੈਬਿਟ ਕਾਰਡ 31 ਦਸੰਬਰ 2019 ਤਕ EMV ਕਾਰਡ ਨਾਲ ਬਦਲਣੇ ਲਾਜ਼ਮੀ ਹਨ। ਇਸ ਲਈ ਬੈਂਕ ਕਿਸੇ ਤਰ੍ਹਾਂ ਦਾ ਕੋਈ ਵੀ ਚਾਰਜ ਗਾਹਕਾਂ ਕੋਲੋਂ ਨਹੀਂ ਲੈਣਗੇ। EMV ਕਾਰਡ ਜ਼ਿਆਦਾ ਸਕਿਓਰਿਟੀ ਫੀਚਰਜ਼ ਨਾਲ ਲੈਸ ਹੈ।

 

ਬਿਨਾਂ OTP ਨਹੀਂ ਨਿਕਲੇਗਾ SBI ਦੇ ATM 'ਚੋਂ ਕੈਸ਼
ਉੱਥੇ ਹੀ, ਭਾਰਤੀ ਸਟੇਟ ਬੈਂਕ ਆਪਣੇ ਗਾਹਕਾਂ ਨੂੰ ਏ. ਟੀ. ਐੱਮ. 'ਚੋਂ ਧੋਖਾਧੜੀ ਨਾਲ ਪੈਸੇ ਨਿਕਲਣ ਤੋਂ ਬਚਾਉਣ ਲਈ ਵਨ ਟਾਈਮ ਪਾਸਵਰਡ (ਓ. ਟੀ. ਪੀ.)' ਸਿਸਟਮ ਵੀ 1 ਜਨਵਰੀ 2020 ਤੋਂ ਲਾਗੂ ਕਰਨ ਜਾ ਰਿਹਾ ਹੈ। SBI ਦੇ ਸਾਰੇ ਏ. ਟੀ. ਐੱਮਜ਼. 'ਤੇ 10 ਹਜ਼ਾਰ ਰੁਪਏ ਤੋਂ ਵੱਧ ਪੈਸੇ ਕਢਵਾਉਣ ਲਈ ਓ. ਟੀ. ਪੀ. ਸਿਸਟਮ ਰਾਤ 8 ਵਜੇ ਤੋਂ ਸਵੇਰੇ 8 ਵਜੇ ਤਕ ਪ੍ਰਭਾਵੀ ਹੋਵੇਗਾ। ਇਸ ਦੌਰਾਨ ਭਾਰਤੀ ਸਟੇਟ ਬੈਂਕ ਦੇ ਗਾਹਕਾਂ ਨੂੰ SBI ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਂਦੇ ਸਮੇਂ ਆਪਣਾ ਮੋਬਾਇਲ ਨੰਬਰ ਨਾਲ ਰੱਖਣਾ ਹੋਵੇਗਾ, ਜੋ ਬੈਂਕ ਨਾਲ ਰਜਿਸਟਰਡ ਹੈ। ਟ੍ਰਾਜੈਕਸ਼ਨ ਦੌਰਾਨ ਖਾਤੇ ਨਾਲ ਲਿੰਕਡ ਮੋਬਾਇਲ ਨੰਬਰ 'ਤੇ ਬੈਂਕ ਵੱਲੋਂ ਓ. ਟੀ. ਪੀ. ਭੇਜਿਆ ਜਾਵੇਗਾ, ਜੋ ਏ. ਟੀ. ਐੱਮ. 'ਚ ਪਾਸਵਰਡ ਦੇ ਨਾਲ ਭਰਨਾ ਹੋਵੇਗਾ। ਹਾਲਾਂਕਿ, SBI ਗਾਹਕ ਜੇਕਰ ਕਿਸੇ ਦੂਜੇ ਬੈਂਕ ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਂਦੇ ਹਨ ਤਾਂ ਇਹ ਸੁਵਿਧਾ ਲਾਗੂ ਨਹੀਂ ਹੋਵੇਗੀ।


Related News