SBI ਦਾ ਸ਼ੁੱਧ ਲਾਭ ਚੌਥੀ ਤਿਮਾਹੀ 'ਚ ਚਾਰ ਗੁਣਾ ਵਧ ਕੇ 3,581 ਕਰੋੜ ਰੁਪਏ ਰਿਹਾ
Friday, Jun 05, 2020 - 04:26 PM (IST)
ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਦਾ ਸ਼ੁੱਧ ਲਾਭ ਇਕ ਸਾਲ ਦੇ ਅਧਾਰ 'ਤੇ 2019-20 ਦੀ ਮਾਰਚ ਤਿਮਾਹੀ ਵਿਚ ਚਾਰ ਗੁਣਾ ਵੱਧ ਕੇ 3,580.81 ਕਰੋੜ ਰੁਪਏ 'ਤੇ ਪਹੁੰਚ ਗਿਆ। ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਨੂੰ ਦਿੱਤੀ ਸੂਚਨਾ ਵਿਚ ਕਿਹਾ ਕਿ ਇਸ ਤੋਂ ਪਿਛਲੇ ਵਿੱਤੀ ਸਾਲ 2018-19 ਦੀ ਇਸੇ ਤਿਮਾਹੀ ਵਿਚ ਉਸ ਨੂੰ 838.4 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਬੈਂਕ ਦੀ ਕੁੱਲ ਆਮਦਨ 31 ਮਾਰਚ 2020 ਨੂੰ ਖਤਮ ਹੋਈ ਤਿਮਾਹੀ ਵਿਚ 76,027.51 ਕਰੋੜ ਰੁਪਏ ਰਹੀ ਸੀ। ਜਿਹੜੀ ਕਿ ਇਕ ਸਾਲ ਪਹਿਲਾਂ 2018-19 ਦੀ ਇਸੇ ਤਿਮਾਹੀ ਵਿਚ 75,670.5 ਕਰੋੜ ਰੁਪਏ ਸੀ। ਬੈਂਕ ਦਾ ਸਕਲ ਐਨਪੀਏ (ਗੈਰ-ਪ੍ਰਦਰਸ਼ਨ ਵਾਲੀ ਜਾਇਦਾਦ) ਪਿਛਲੇ ਵਿੱਤੀ ਸਾਲ 2019-20 ਦੀ ਚੌਥੀ ਤਿਮਾਹੀ ਵਿਚ ਸੁਧਰ ਕੇ ਕੁੱਲ ਕਰਜ਼ੇ ਦਾ 6.15 ਪ੍ਰਤੀਸ਼ਤ ਰਿਹਾ ਜੋ 2018-19 ਦੀ ਇਸੇ ਤਿਮਾਹੀ ਵਿਚ 7.53 ਪ੍ਰਤੀਸ਼ਤ ਸੀ। ਸਮੀਖਿਆ ਅਧੀਨ ਤਿਮਾਹੀ ਵਿਚ ਐਸਬੀਆਈ ਦਾ ਸ਼ੁੱਧ ਐਨਪੀਏ 2.23 ਪ੍ਰਤੀਸ਼ਤ ਰਿਹਾ ਜਿਹੜਾ ਕਿ ਇਕ ਸਾਲ ਪਹਿਲਾਂ 2018-19 ਦੀ ਇਸੇ ਤਿਮਾਹੀ ਵਿਚ 3.01 ਪ੍ਰਤੀਸ਼ਤ ਸੀ।